#ਸਕੂਲ_ਦੇ_ਵਿੱਦਿਅਕ_ਟੂਰ (3)
ਅਕਤੂਬਰ 1984 ਦੇ ਦਿੱਲੀ ਸਕੂਲ ਦੇ ਟੂਰ ਦੌਰਾਨ ਅਸੀਂ ਦਿੱਲੀ ਦੇ ਗੁਰਦੁਆਰਾ ਸ਼ੀਸ਼ ਗੰਜ ਠਹਿਰਦੇ। ਕਿਉਂਕਿ ਓਥੋਂ ਦਾ ਇੱਕ ਜਥੇਦਾਰ ਸਾਡੇ ਪ੍ਰਿੰਸੀਪਲ ਸੈਣੀ ਦਾ ਜਾਣਕਾਰ ਸੀ ਉਹ ਉਹਨਾਂ ਦੇ ਪਿੰਡਾਂ ਦਾ ਸੀ। ਉਸਦਾ ਨਾਮ ਜਥੇਦਾਰ ਬਸਤਾ ਸਿੰਘ ਸੀ। ਉਸਦੀ ਬਹੁਤ ਚਲਦੀ ਸੀ। ਉਸ ਜਥੇਦਾਰ ਨੇ ਸਾਨੂੰ ਵਾਧੂ ਕਮਰੇ ਦਿਵਾ ਦਿੱਤੇ। ਪਹਿਲੇ ਦਿਨ ਅਸੀਂ ਲੰਗਰ ਹਾਲ ਵਿੱਚ ਖਾਣਾ ਖਾਣ ਗਏ। ਜਦੋਂ ਲੰਗਰ ਸਾਡੇ ਮੂਹਰੇ ਪਰੋਸਿਆ ਗਿਆ। ਪਰ ਉਸ ਖਾਣ ਦੀ ਇਜਾਜ਼ਤ ਨਹੀਂ ਸੀ। ਕਿਉਂਕਿ ਪਹਿਲਾ ਇੱਕ ਸੇਵਾਦਾਰ #ਤੇਰਾ_ਦਿੱਤਾ_ਖਾਵਣਾ ਦਾ ਲਗਾਤਾਰ ਉਚਾਰਨ ਕਰਵਾਉਂਦਾ ਸੀ। ਉਹ ਕੋਈ ਪੰਜ ਦਸ ਮਿੰਟ ਲਗਾਤਾਰ ਆਪਣੇ ਮਗਰ ਉਚਾਰਨ ਕਰਵਾਉਂਦਾ। ਸਾਹਮਣੇ ਲੰਗਰ ਪਿਆ ਹੋਵੇ ਇੱਕ ਅੱਧਾ ਮਿੰਟ ਤਾਂ ਰੱਬ ਦਾ ਸ਼ੁਕਰਾਨਾ ਕੀਤਾ ਜਾ ਸਕਦਾ ਹੈ ਪਰ ਲੰਬੇ ਸਮੇਂ ਲਈ ਇੰਨਾ ਸ਼ਬਰ ਨਹੀਂ ਹੁੰਦਾ। ਫਿਰ ਜਥੇਦਾਰ ਜੀ ਦੇ ਕਹਿਣ ਤੇ ਲੰਗਰ ਸਾਡੇ ਕਮਰੇ ਵਿੱਚ ਹੀ ਆਉਣ ਲੱਗਾ।ਉਹ ਕੁਝ ਸਪੈਸ਼ਲ ਹੁੰਦਾ ਸੀ। ਕਈ ਵਾਰ ਦਾਲੇ ਦੇ ਨਾਲ ਸਬਜ਼ੀ ਅਚਾਰ ਤੇ ਮਿੱਠਾ ਵੀ ਹੁੰਦਾ ਸੀ। ਬੱਚੇ ਵਾਧੂ ਖ਼ੁਸ਼ ਸ਼ਨ। ਚਾਂਦਨੀ ਚੌਂਕ ਵਿੱਚ ਸਾਡੀ ਬੱਸ ਗੁਰਦੁਆਰੇ ਵਿੱਚ ਲਾਉਣ ਸਮੇ ਜਥੇਦਾਰ ਬਰਛਾ ਲ਼ੈ ਕੇ ਸੜਕ ਵਿਚਕਾਰ ਖੜ੍ਹ ਜਾਂਦਾ ਤੇ ਸਾਰਾ ਟ੍ਰੈਫਿਕ ਰੁੱਕ ਜਾਂਦਾ।
ਟੂਰ ਸਮਾਪਤੀ ਵੇਲੇ ਸਕੂਲ ਦੀਆਂ ਮੈਡਮਾਂ ਬਲਵਿੰਦਰ ਗੀਤਾ ਸ਼ਵਿੰਦਰ ਨੇ ਦਿੱਲੀ ਤੋਂ ਸਿੱਧਾ ਜਲੰਧਰ ਗੁਰਦਾਸਪੁਰ ਤੇ ਫਿਰੋਜ਼ਪੁਰ ਆਪਣੇ ਘਰਾਂ ਨੂੰ ਜਾਣਾ ਸੀ। ਓਹਨਾ ਨੇ ਡਰਾਈਵਰ ਅਮਰਜੀਤ ਸਿੰਘ ਨੂੰ ਰਾਤੀ ਤਾਕੀਦ ਕੀਤੀ ਕਿ ਉਹ ਉਹਨਾਂ ਨੇ ਸਵੇਰੇ ਚਾਰ ਵਜੇ ਆਈ ਐਸ ਬੀ ਟੀ ਯਾਨੀ ਬੱਸ ਸਟੈਂਡ ਤੇ ਛੱਡ ਆਵੇ। ਸਵੇਰੇ ਜਦੋਂ ਇੱਕ ਮੈਡਮ ਨੇ ਸ਼੍ਰੀ ਅਮਰਜੀਤ ਸਿੰਘ ਨੂੰ ਜਗਾਉਣ ਲਈ ਸਾਡੇ ਕਮਰੇ ਦਾ ਬੂਹਾ ਖੜਕਾਇਆ ਤਾਂ ਅਮਰਜੀਤ ਨੇ ਹੀ ਦਰਵਾਜ਼ਾ ਖੋਲ੍ਹਿਆ। ਪਰ ਮੈਡਮ ਚੀਕਾਂ ਮਾਰਦੀ ਓਥੋਂ ਭੱਜ ਗਈ। ਕਿਉਂਕਿ ਅਮਰਜੀਤ ਨੇ ਆਪਣਾ ਦਾਹੜਾ ਖੁੱਲ੍ਹਾ ਛੱਡਿਆ ਹੋਇਆ ਸੀ। ਸਿਰ ਤੇ ਪੱਗ ਦੀ ਬਜਾਇ ਪਟਕਾ ਬੰਨ੍ਹਿਆ ਹੋਇਆ ਸੀ। ਉੱਚੀ ਬਨੈਣ ਨਾਲ ਵੱਡਾ ਸਾਰਾ ਨੰਗਾ ਢਿੱਡ ਨਜ਼ਰ ਆਉਂਦਾ ਸੀ ਉਸਨੇ ਤੇੜ ਲੰਬਾ ਕੱਛਾ ਪਾਇਆ ਹੋਣ ਕਰਕੇ ਮੈਡਮ ਉਸ ਨੂੰ ਪਹਿਚਾਣ ਨਾ ਸਕੀ। ਇਸ ਲਈ ਉਹ ਡਰ ਗਈ। ਉਸਨੂੰ ਲੱਗਿਆ ਕਿ ਉਸਨੇ ਗਲਤੀ ਨਾਲ ਕਿਸੇ ਹੋਰ ਦਾ ਬੂਹਾ ਖੜਕਾ ਦਿੱਤਾ। ਸਰਦਾਰ ਅਮਰਜੀਤ ਸਿੰਘ ਦਾ ਇਹ ਰੂਪ ਓਹਨਾ ਲਈ ਨਵਾਂ ਸੀ। ਉਂਜ ਰੂਟੀਨ ਵਿਚ ਅਮਰਜੀਤ ਸਿੰਘ ਵਧੀਆ ਬਣ ਠਣ ਕੇ ਰਹਿੰਦਾ ਸੀ।
ਇਹਨਾਂ ਛੋਟੀਆਂ ਛੋਟੀਆਂ ਗੱਲਾਂ ਨਾਲ ਸਕੂਲ ਟੂਰ ਦਿਲਚਸਪ ਬਣ ਜਾਂਦੇ ਸਨ। ਬੱਚੇ ਖ਼ੂਬ ਮਸਤੀ ਮਾਰਦੇ। ਓਹਨਾ ਬੱਚਿਆਂ ਲਈ ਦਿੱਲੀ ਹੀ ਮੈਲਬੋਰਨ ਹੁੰਦੀ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ