ਓਦੋਂ ਤੰਗੀ ਤੁਰਸੀ ਦੇ ਦਿਨ ਜਿਹੇ ਸਨ। ਭਾਵੇਂ ਨਵੇਂ ਕਪੜੇ ਤਾਂ ਮਿਲਦੇ ਸਨ ਪਰ ਖਾਣ ਪੀਣ ਨੂੰ ਵੀ ਹੱਥ ਬਹੁਤਾ ਖੁੱਲ੍ਹਾ ਨਹੀਂ ਸੀ ਹੁੰਦਾ। ਅਸੀਂ ਚਾਹ ਵਾਸਤੇ ਪਾਈਆ ਕੁ ਦੁੱਧ ਲੈਂਦੇ। ਪੀਣ ਲਈ ਦੁੱਧ ਨਹੀਂ ਸੀ ਹੁੰਦਾ। ਫਿਰ ਔਖੇ ਸੌਖੇ ਜਿਹੇ ਹੋ ਕੇ ਇੱਕ ਮੱਝ ਲੈ ਲਈ। ਘਰੇ ਆਪਣਾ ਲਵੇਰਾ ਹੋ ਗਿਆ। ਦੁੱਧ ਲੱਸੀ ਦਹੀਂ ਮੱਖਣ ਤੇ ਘਿਓ ਵਾਧੂ। ਰਿਸ਼ਤੇਦਾਰਾਂ ਨੂੰ ਵੀ ਖਾਲਿਸ ਘਿਓ ਦਿੰਦੇ। ਬਹੁਤ ਵੱਡੀ ਗੱਲ ਹੁੰਦੀ ਸੀ ਘਰ ਦਾ ਲਵੇਰਾ। ਮੇਰੀ ਮਾਂ ਨੂੰ ਦੁੱਧ ਵੰਡਣ ਦਾ ਵੀ ਸ਼ੋਂਕ ਸੀ। ਉਂਜ ਮਲਾਈ ਦੁਸ਼ਮਣ ਲੱਗਦੀ ਸੀ। ਮਲਾਈ ਖਾਣਾ ਤੇ ਦੁੱਧ ਚ ਮਲਾਈ ਵੀ ਔਖੀ ਲਗਦੀ। ਰਾਤ ਦੀ ਰੋਟੀ ਖਾਕੇ ਅਸੀਂ ਜਲਦੀ ਸੋਂ ਜਾਂਦੇ। ਮੇਰੀ ਮਾਂ ਰਾਤ ਨੂੰ ਪਤੀਲੇਂ ਚ ਦੁੱਧ ਗਰਮ ਕਰਦੀ ਤੇ ਚੁੱਲ੍ਹੇ ਦੀ ਮੱਠੀ ਮੱਠੀ ਅੱਗ ਕੇ ਰੱਖ ਦਿੰਦੀ। ਜਦੋਂ ਅਸੀਂ ਸੋਂ ਜਾਂਦੇ ਤਾਂ ਉਹ ਸਾਨੂੰ ਸੁੱਤਿਆਂ ਨੂੰ ਹੀ ਗਰਦਨ ਤੋਂ ਫੜ੍ਹ ਕੇ ਉਠਾਉਂਦੀ ਤੇ ਗਿਲਾਸ ਮੂੰਹ ਨਾਲ ਲਾ ਦਿੰਦੀ ਤੇ ਅਸੀਂ ਗਟ ਗਟ ਦੁੱਧ ਪੀ ਜਾਂਦੇ। ਸਾਨੂੰ ਸੁੱਤੇ ਪਿਆ ਨੂੰ ਮਲਾਈ ਵਗੈਰਾ ਦਾ ਵੀ ਪਤਾ ਹੀ ਨਾ ਚਲਦਾ। ਅਗਲੇ ਦਿਨ ਸਾਨੂੰ ਪਤਾ ਲਗਦਾ ਕਿ ਰਾਤ ਮਾਂ ਨੇ ਦੁੱਧ ਪਿਲਾਇਆ ਸੀ। ਪਰ ਮੇਰੀ ਮਾਂ ਨੂੰ ਬਹੁਤ ਖੁਸ਼ੀ ਹੁੰਦੀ ਕਿ ਬੱਚੇ ਦੁੱਧ ਪੀ ਗਏ। ਜਦੋ ਬੱਚੇ ਖੁਸ਼ ਹੋਕੇ ਖਾ ਪੀ ਲੈਣ ਤਾਂ ਮਾਪਿਆਂ ਨੂੰ ਬਹੁਤ ਖੁਸ਼ੀ ਹੁੰਦੀ ਹੈ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ