ਕੇਰਾਂ ਮੈਂ ਆਪਣੇ ਦੋਸਤ ਨਾਲ ਚੰਡੀਗੜ੍ਹ ਗਿਆ। ਹੁਣ ਚੰਡੀਗੜ੍ਹ ਕੰਮ ਤਾਂ ਭਾਵੇਂ ਛੋਟਾ ਸੀ ਪਰ ਓਦੋਂ ਘੁੰਮਣ ਅਤੇ ਫ਼ਿਲਮਾਂ ਦੇਖਣ ਦਾ ਚਾਅ ਵਧੇਰੇ ਹੁੰਦਾ ਸੀ। ਆਦਤਨ ਅਸੀਂ ਵੀ ਉਥੇ ਦੋ ਤਿੰਨ ਦਿਨ ਰਹੇ। ਇੱਕ ਦੁਪਹਿਰ ਅਸੀਂ ਸਤਾਰਾਂ ਸੈਕਟਰ ਵਾਲੇ ਜਗਤ ਸਿਨੇਮੇ ਵਿੱਚ ਫਿਲਮ ਦੇਖਣ ਚਲੇ ਗਏ। ਜਦੋਂ ਅਸੀਂ ਸਿਨੇਮਾ ਹਾਲ ਚੋ ਬਾਹਰ ਆ ਰਹੇ ਸੀ ਤਾਂ ਬਾਹਰ ਪਹਿਲਾਂ ਤੋੰ ਹੀ ਤਿਆਰ ਖਡ਼ੇ ਤਿੰਨ ਚਾਰ ਨੌਜਵਾਨਾਂ ਨੇ ਇੱਕ ਬਜ਼ੁਰਗ ਜਿਹੇ ਨਜ਼ਰ ਆਉਂਦੇ ਬਾਊ ਨੂੰ ਘੇਰ ਲਿਆ ਅਤੇ ਉਹ ਉਸ ਦੀ ਕੁੱਟ ਮਾਰ ਕਰਨ ਲੱਗੇ। ਕੁੱਟ ਖਾਣ ਵਾਲਾ ਬਾਊ ਇਕੱਲਾ ਸੀ ਅਤੇ ਸਰੀਰਕ ਰੂਪ ਵਿੱਚ ਵੀ ਕਮਜ਼ੋਰ ਜਿਹਾ ਸੀ। ਹੁਣ ਕੁੱਟ ਖਾਣ ਵਾਲਾ ਹਮਲਾਵਰਾਂ ਦਾ ਮੁਕਾਬਲਾ ਤਾਂ ਨਹੀਂ ਸੀ ਕਰ ਸਕਦਾ । ਪਰ ਓਹ ਵਾਰੀ ਵਾਰੀ ਉਹਨਾਂ ਨੂੰ “ਆਈ ਸ਼ੈੱਲ ਸੀ ਯੂ।” ਬੋਲ ਰਿਹਾ ਸੀ। ਉਸਦੇ ਬੋਲੇ ਇਹਨਾਂ ਸ਼ਬਦਾਂ ਦੇ ਅਸਲੀ ਮਤਲਬ ਦੀ ਸਾਨੂੰ ਜਾਣਕਾਰੀ ਨਹੀਂ ਸੀ। ਪਰ ਸ਼ਬਦੀ ਜਾਣਕਾਰੀ ਸੀ ਕਿ ਮੈਂ ਤੁਹਾਨੂੰ ਵੇਖ ਲਵਾਂਗਾ। ਬਾਅਦ ਵਿੱਚ ਪਤਾ ਲੱਗਿਆ ਕਿ ਉਹ ਬਾਊ ਕਿਸੇ ਸਰਕਾਰੀ ਅਦਾਰੇ ਦਾ ਇੰਚਾਰਜ ਸੀ। ਜੋ ਬੇਵਜ੍ਹਾ ਆਪਣੇ ਮੁਤਾਹਿਤਾਂ ਨੂੰ ਤੰਗ ਕਰਦਾ ਸੀ। ਜਿਸ ਦੇ ਰੋਸ ਵਜੋਂ ਉਸ ਅਧੀਨ ਕੰਮ ਕਰਦੇ ਮੁਲਾਜਮ ਇੱਕ ਪਲਾਨਿੰਗ ਨਾਲ਼ ਉਸਨੂੰ ਕੁੱਟਕੇ ਆਪਣਾ ਬਦਲਾ ਲੈਣ ਆਏ ਸਨ।
ਅਸੀਂ ਕਈ ਦਿਨ ਉਸ ਬਾਊ ਦੀ “ਆਈ ਸ਼ੈੱਲ ਸੀ ਯੂ” ਵਾਲੀ ਧਮਕੀ ਨੂੰ ਯਾਦ ਕਰਕੇ ਹੱਸਦੇ ਰਹੇ। ਕਮਜ਼ੋਰ ਆਦਮੀ ਮੁਕਾਬਲਾ ਨਹੀਂ ਕਰ ਸਕਦਾ ਪਰ ਬੋਲ ਸਕਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ