1973 ਦੇ ਨੇੜੇ ਤੇੜੇ ਦੀ ਗੱਲ ਹੈ ਅਸੀ ਐਸਕੋਰਟ 37 ਟਰੈਕਟਰ ਲਿਆਂਦਾ। ਉਸ ਸਮੇ ਲੋਕਾਂ ਕੋਲੇ ਬਹੁਤ ਘੱਟ ਟਰੈਕਟਰ ਸਨ। ਕਿਰਾਏ ਭਾੜੇ ਤੇ ਵਾਹੀ ਦਾ ਕੰਮ ਚੰਗਾ ਚੱਲ ਸਕਦਾ ਸੀ। ਸਤਾਰਾਂ ਹਜ਼ਾਰ ਰੁਪਏ ਵਿੱਚ ਟਰੈਕਟਰ ਨਾਲ ਟਰਾਲੀ, ਵਿਡ, ਲਿਫਟ ਵਾਲੀ ਤਵੀਆਂ, ਕਲਟੀਵੇਟਰ, ਕਰਾਹਾ ਤੇ ਪੁਲੀ ਵੀ ਨਾਲ ਹੀ ਮਿਲੀ ਸੀ। ਪੰਜਾਬੀ ਸਭਿਆਚਾਰ ਤੇ ਆਦਤ ਅਨੁਸਾਰ ਟਰੈਕਟਰ ਦਾ ਕੰਮ ਕਿਸੇ ਧਾਰਮਿਕ ਕੰਮ ਨਾਲ ਸ਼ੁਰੂ ਕਰਨ ੜਾ ਵਿਚਾਰ ਬਣਾਇਆ। ਮੱਸਿਆ ਦਾ ਦਿਨ ਨੇੜੇ ਹੀ ਸੀ। ਪਾਪਾ ਜੀ ਨੇ ਮੇਰੇ ਦਾਦਾ ਜੀ ਤੋਂ ਆਗਿਆ ਲੈ ਕੇ ਪਿੰਡ ਦੀਆਂ ਔਰਤਾਂ ਨੂੰ ਮੱਸਿਆ ਦਾ ਇਸ਼ਨਾਨ ਕਰਵਾ ਕੇ ਲਿਆਉਣ ਦਾ ਫੈਸਲਾ ਕੀਤਾ। ਉਸ ਸਮੇ ਸਾਡੇ ਪਿੰਡ ਦੇ ਨੇੜੇ ਗੁਰੂ ਦਵਾਰਾ ਨਾਨਕਸਰ ਨਵਾਂ ਹੀ ਬਣਿਆ ਸੀ। ਉੱਥੇ ਸਰੋਵਰ ਦਾ ਨਿਰਮਾਣ ਵੀ ਕੀਤਾ ਸੀ। ਬਹੁਤੇ ਲੋਕਾਂ ਨੇ ਇਸ ਅਸ਼ਥਾਨ ਦੇ ਅਜੇ ਦਰਸ਼ਨ ਵੀ ਨਹੀਂ ਸੀ ਕੀਤੇ। ਮੱਸਿਆ ਵਾਲੇ ਦਿਨ ਆਂਢ ਗੁਆਂਢ ਦੀਆਂ ਔਰਤਾਂ ਨੂੰ ਸੁਨੇਹਾ ਲਾ ਕੇ ਨਾਨਕ ਸਰ ਇਸ਼ਨਾਨ ਲਈ ਤਿਆਰ ਕਰ ਲਿਆ। ਬਿਨਾ ਪੱਖਪਾਤ ਤੇ ਜਾਤ ਬਿਰਾਦਰੀ ਦਾ ਸੋਚੇ ਟਰੈਕਟਰ ਤੇ 25 30 ਔਰਤਾਂ ਸਮੇਤ ਮੇਰੇ ਵਰਗੇ 5 7 ਜੁਆਕ ਅਤੇ ਮੇਰੇ ਪਾਪਾ ਚਾਚਾ ਤੇ ਡਰਾਈਵਰ ਸਮੇਤ ਸਰੋਵਰ ਇਸ਼ਨਾਨ ਲਈ ਸੰਗਤ ਸੁਵੱਖਤੇ ਹੀ ਚੱਲ ਪਈ। ਨਾਨਕ ਸਰ ਪਹੁੰਚ ਕੇ ਮੈਨੂੰ ਥੋੜੀ ਘੁਸਰ ਮੁਸਰ ਦਾ ਅਹਿਸਾਸ ਹੋਇਆ। ਔਰਤਾਂ ਕੁਝ ਜ਼ਿਆਦਾ ਭੈਂ ਭੀਤ ਸਨ। ਮੇਰੇ ਜਿਆਦਾ ਕਨਸੋ ਲੈਣ ਤੇ ਮਾਮਲਾ ਸਮਝ ਆਇਆ। ਇਸ਼ਨਾਨ ਲਈ ਆਈਆਂ ਔਰਤਾਂ ਵਿੱਚ ਮੇਰੀ ਤਾਈ ਲਗਦੀ ਇਕ ਵਿਧਵਾ ਔਰਤ ਵੀ ਸੀ। ਜਿਸ ਨੇ ਪਿੰਡ ਵਿੱਚ ਰਹਿੰਦੇ ਪਿੰਡ ਦੇ ਗ੍ਰੰਥੀ ਦੇ ਭਾਣਜੇ ਨੂੰ ਕਰ ਲਿਆ ਸੀ। ਤੇ ਬਾਦ ਵਿੱਚ ਮਤਭੇਦ ਅਤੇ ਸਮਾਜ ਦੀ ਉਂਗਲੀ ਤੋਂ ਡਰਦਿਆਂ ਛੱਡ ਦਿੱਤਾ ਸੀ। ਅੱਜ ਉਹ ਵੀ ਇਸ਼ਨਾਨ ਲਈ ਆਇਆ ਸੀ। ਯ ਉਸ ਨੂੰ ਆਪਣੀ ਸਾਥਣ ਦੇ ਆਉਣ ਦੀ ਭਿਣਕ ਪੈ ਗਈ ਸੀ। ਉਹ ਸਖਸ਼ ਆਪਣੀ ਸਾਥਣ ਨੂੰ ਮਿਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਓਹ ਔਰਤ ਉਸ ਤੋਂ ਪਾਸਾ ਵੱਟ ਰਹੀ ਸੀ। ਹੁਣ ਉਹ ਧੱਕੇ ਮੁੱਕੀ ਤੇ ਬਲ ਪ੍ਰਯੋਗ ਨਾਲ ਮਿਲਣਾ ਚਾਹੁੰਦਾ ਸੀ। ਪਾਪਾ ਜੀ ਤੇ ਚਾਚਾ ਜੀ ਆਪਣੀ ਜਿੰਮੇਦਾਰੀ ਤੇ ਲਿਆਂਦੀਆਂ ਔਰਤਾਂ ਦੀ ਸੁਰੱਖਿਆ ਲਈ ਬਜਿੱਦ ਸਨ। ਪਰ ਓਹ ਸਖਸ਼ ਆਪਣੇ ਪੁਰਾਣੇ ਇਸ਼ਕ ਵਿੱਚ ਅੰਨਾ ਸੀ ਤੇ ਮਰਨ ਮਰਾਉਣ ਤੇ ਉਤਾਰੂ ਸੀ। ਗੱਲ ਜਿਆਦਾ ਬਿਗੜਦੀ ਦੇਖ ਕੇ ਪਾਪਾ ਜੀ ਨੇ ਮਾਮਲਾ ਓਥੇ ਸੇਵਾ ਕਰ ਰਹੇ ਸਿੰਘਾਂ ਦੇ ਨੋਟਿਸ ਵਿੱਚ ਲਿਆਂਦਾ। ਮਾਮਲਾ ਗੰਭੀਰ ਤੇ ਅਪਰਾਧੀ ਕਿਸਮ ਦਾ ਹੋਣ ਕਰਕੇ ਉਹ ਸਿੰਘ ਐਕਸ਼ਨ ਵਿੱਚ ਆ ਗਏ। ਉਹਨਾਂ ਨੇ ਉਸ ਸਖਸ਼ ਦੀ ਚੰਗੀ ਛਬੀਲ ਲਾਈ। ਸਿੰਘਾਂ ਦਾ ਕੁਟਾਪਾ ਤੇ ਔਰਤਾਂ ਦਾ ਸਿਆਪਾ ਜਲਦੀ ਖਤਮ ਨਹੀਂ ਹੁੰਦਾ। ਏਹ੍ਹ ਗੱਲ ਦਾ ਨਿਤਾਰਾ ਕਰਕੇ ਹੀ ਸਾਹ ਲੈਂਦੇ ਹਨ। ਉਸ ਨੂੰ ਜਿਆਦਾ ਕੁੱਟ ਮਾਰ ਤੋਂ ਬਚਾਉਣ ਦੇ ਚੱਕਰ ਵਿੱਚ ਛਡਾਉਣ ਗਏ ਸਾਡੇ ਬੰਦਿਆ ਦੇ ਵੀ ਇੱਕ ਦੋ ਘਸੁੰਨ ਵੱਜ ਗਏ।ਚੰਗੀ ਛਿਤਰੋਲ ਤੋਂ ਬਾਦ ਸ੍ਰੀ ਮਾਨ ਆਸ਼ਕ ਜੀ ਨੇ ਆਪਣਾ ਸਾਈਕਲ ਚੁੱਕ ਕੇ ਓਥੋਂ ਰਵਾਨਗੀ ਪਾ ਦਿੱਤੀ। ਅਸੀਂ ਵੀ ਟਰਾਲੀ ਵਿੱਚ ਨਾਲ ਲਿਆਂਦੀਆਂ ਔਰਤਾਂ ਨੂੰ ਬਿਠਾਇਆ ਤੇ ਪਿੰਡ ਨੂੰ ਵਾਪਿਸ ਚੱਲ ਪਏ। ਫਿਰ ਵੀ ਰਸਤੇ ਵਿੱਚ ਉਹ ਆਸ਼ਕ ਸਾਡੀ ਟਰਾਲੀ ਦੇ ਨਾਲ ਨਾਲ ਹੀ ਆਇਆ। ਪਿੰਡ ਪਹੁੰਚ ਕੇ ਅਸੀਂ ਸੁਖ ਦਾ ਸਾਹ ਲਿਆ। ਤੇ ਮੇਰੇ ਦਾਦਾ ਜੀ ਨੂੰ ਸਾਰੀ ਵਾਰਤਾ ਸੁਣਾਈ।
ਕਰਨ ਗਏ ਸੀ ਅਸੀਂ ਪੁੰਨ।
ਪਰ ਖਾ ਕੇ ਆਏ ਘਸੁੰਨ।
#ਰਮੇਸ਼ਸੇਠੀਬਾਦਲ