ਮੇਰੇ ਇੱਕ ਜਾਣਕਾਰ ਪ੍ਰੋਫੈਸਰ ਹਨ। ਉਂਜ ਉਹ ਭਾਵੇਂ ਬੂਟਿਆਂ ਪੌਦਿਆਂ ਦੇ ਵਿਸ਼ੇ ਨਾਲ ਸਬੰਧਿਤ ਹਨ ਤੇ ਉਸੇ ਵਿਸ਼ੇ ਦੇ ਡਾਕਟਰ ਤੇ ਮਾਹਿਰ ਹਨ। ਕਿਉਂਕਿ ਉਹਨਾਂ ਨੇ ਇਸੇ ਵਿਸ਼ੇ ਵਿਚ ਪੀਐਚਡੀ ਕੀਤੀ ਹੋਈ ਹੈ ਤੇ ਗੋਲਡ ਮੈਡਲਿਸਟ ਵੀ ਹਨ। ਪਰ ਉਹਨਾਂ ਨੂੰ ਮਾਨਵੀ ਕਦਰਾਂ ਕੀਮਤਾਂ, ਰਿਸ਼ਤਿਆਂ ਅਤੇ ਇਨਸਾਨੀਅਤ ਦਾ ਬਹੁਤਾ ਗਿਆਨ ਹੈ। ਜੋ ਉਹਨਾਂ ਦੀਆਂ ਗੱਲਾਂ ਬਾਤਾਂ ਵਿਚੋਂ ਝਲਕਦਾ ਹੈ। ਪਰ ਇਹ ਗਿਆਨ ਓਹਨਾ ਦੇ ਦਿਮਾਗ ਨੂੰ ਨਹੀਂ ਚੜਿਆ ਯਾਨੀ ਇਸ ਗਿਆਨ ਦਾ ਉਹਨਾਂ ਨੂੰ ਜ਼ਰਾ ਵੀ ਹਊਮੇ ਨਹੀਂ ਹੈ। ਕੋਈ ਫਤੂਰ ਨਹੀਂ ਹੈ। ਕਈ ਵਾਰੀ ਜਿੰਨਾ ਦਾ ਹਾਜ਼ਮਾ ਘੱਟ ਹੁੰਦਾ ਹੈ ਓਥੇ ਬਹੁਤਾ ਗਿਆਨ ਵੀ ਗਲਤ ਹੁੰਦਾ ਹੈ। ਪਰ ਇਹ ਨਿਰਮਲ ਚਿੱਤ, ਸ਼ਾਂਤ ਤੇ ਘੁੰਡੀ ਰਹਿਤ ਦਿਮਾਗ ਦੇ ਮਾਲਿਕ ਹਨ।
“ਯਾਰ ਰਮੇਸ਼ ਇਨਸਾਨ ਕੋਲ ਚਾਹੇ ਜਿੰਨਾ ਮਰਜੀ ਪੈਸਾ ਦੌਲਤ ਆ ਜਾਵੇ, ਜਿੰਨਾ ਮਰਜੀ ਵੱਡਾ ਰੁਤਬਾ ਹੋ ਜਾਵੇ, ਸਮਾਜ ਵਿਚੋਂ ਜਿੰਨਾ ਮਰਜੀ ਸਨਮਾਨ ਮਿਲੇ, ਪੜ੍ਹਾਈ ਇਲਮ ਜਿੰਨੇ ਮਰਜ਼ੀ ਪੜ੍ਹ ਲਵੇ। ਪਰ ਇਹ ਨਿਰੋਈ ਸਿਹਤ ਨਾਲੋਂ ਸਭ ਪਿੱਛੇ ਹਨ। ਉਮਰ ਦੇ ਇੱਕ ਪੜਾਅ ਤੇ ਆਕੇ ਇਹ ਸਭ ਪ੍ਰਾਪਤੀਆਂ ਜ਼ੀਰੋ ਹੋ ਜਾਂਦੀਆਂ ਹਨ ਤੇ ਸਭ ਤੋਂ ਵੱਧ ਖੁਸ਼ੀ ਆਪਣੇ ਪੋਤੇ ਪੋਤੀਆਂ ਤੇ ਦੋਹਤੇ ਦੋਹਤੀਆਂ ਨਾਲ ਖੇਡਕੇ ਹੀ ਮਿਲਦੀ ਹੈ। ਇਸ ਦੀ ਤੁਲਨਾ ਕਿਸੇ ਹੋਰ ਖੁਸ਼ੀ ਨਾਲ ਨਹੀਂ ਕੀਤੀ ਜਾ ਸਕਦੀ।” ਉਹਨਾਂ ਦੀ ਇਹ ਗੱਲ ਮੈਨੂੰ ਇੱਕ ਅੱਟਲ ਸਚਾਈ ਪ੍ਰਤੀਤ ਹੋਈ। ਕਿਉਂਕਿ ਮੈਂ ਆਪਣੀ ਸੈਂਤੀ ਸਾਲ ਦੀ ਸਕੂਲ ਨੌਕਰੀ ਵਿੱਚ ਕਿੰਨੇ ਹੀ ਦਾਦੇ ਯ ਦਾਦੀਆਂ ਨੂੰ ਆਪਣੇ ਪੋਤੇ ਪੋਤੀਆਂ ਦੀ ਪੜ੍ਹਾਈ ਦਾ ਫਿਕਰ ਕਰਦੇ ਦੇਖਿਆ। ਸਕੂਲ ਛੱਡਣ ਤੇ ਲਿਉਣ ਦੀ ਜਿੰਮੇਦਾਰੀ ਆਪਣੀ ਖਰਾਬ ਸਿਹਤ ਦੇ ਬਾਵਜੂਦ ਵੀ ਹੱਸਕੇ ਨਿਭਾਉਂਦੇ। ਮੈਨੂੰ ਗੁੱਸਾ ਆਉਂਦਾ ਕਿ ਉਹ ਇਸ ਉਮਰੇ ਵੀ ਟਿਕਕੇ ਘਰੇ ਕਿਉਂ ਨਹੀਂ ਬਹਿੰਦੇ। ਇਹ ਜਿੰਮੇਵਾਰੀ ਉਹ ਆਪਣੇ ਬੱਚਿਆਂ ਨੂੰ ਕਿਉਂ ਨਹੀਂ ਸੰਭਾਲਣ ਦਿੰਦੇ। ਪਰ ਪ੍ਰੋਫੈਸਰ ਸਾਹਿਬ ਦੀਆਂ ਗੱਲਾਂ ਨੇ ਮੇਰੇ ਕੰਨ ਖੋਲ੍ਹ ਦਿੱਤੇ। ਜਦੋ ਅਜੇ ਮੇਰੇ ਬੇਟੇ ਦੀ ਸ਼ਾਦੀ ਵੀ ਨਹੀਂ ਸੀ ਹੋਈ ਤਾਂ ਮੈਂ ਆਪਣੀ ਇੱਕ ਕਵਿਤਾ ਵਿੱਚ ਆਪਣੀ ਉਸ ਰੀਝ ਨੂੰ ਬਿਆਨ ਕੀਤਾ ਸੀ ਕਿ ਕਿਸ ਤਰਾਂ ਇੱਕ ਦਾਦਾ ਯ ਦਾਦੀ ਤਿੱਖੜ ਦੁਪਹਿਰੇ ਸਕੂਲ ਦੀ ਪੀਲੇ ਰੰਗ ਦੀ ਬੱਸ ਨੂੰ ਧੁੱਪੇ ਖਡ਼ੇ ਉਡੀਕਦੇ ਹਨ ਤੇ ਉਹਨਾਂ ਦੇ ਚੇਹਰੇ ਤੋਂ ਖੁਸ਼ੀ ਝਲਕਦੀ ਹੈ। ਉਹ ਇੱਕ ਆਪਣੀ ਰੀਝ ਤੇ ਅਧਾਰਿਤ ਇੱਕ ਕਲਪਨਾ ਸੀ।
ਪਿਛਲੇ ਦਸ ਕੁ ਦਿਨਾਂ ਤੋਂ ਮੇਰੀ ਪੋਤੀ ਨੂੰ ਸ਼ਹਿਰ ਦੇ ਨਾਮੀ ਪ੍ਰੀ ਸਕੂਲ Eurokids Dabwali ਛੱਡਣ ਦਾ ਸੁ ਅਵਸਰ ਮਿਲਿਆ ਹੈ। ਸਾਨੂੰ ਦੋਹਾਂ ਨੂੰ ਕਿਸੇ ਮੰਦਿਰ ਮਸਜਿਦ ਜਾਣ ਨਾਲੋਂ ਵੱਧ ਖੁਸ਼ੀ ਹੁੰਦੀ ਹੈ। ਚਾਹੇ ਕਈ ਵਾਰੀ ਉਸਨੂੰ ਰੋਂਦੀ ਨੂੰ ਵੇਖਕੇ ਮਨ ਦੁਖੀ ਹੁੰਦਾ ਹੈ ਪਰ ਖੁਸ਼ੀ ਇਹ ਹੁੰਦੀ ਹੈ ਕਿ ਇਨਸਾਨ ਨੂੰ ਇਹ ਮੌਕਾ ਵੀ ਕਿਸਮਤ ਨਾਲ ਹੀ ਮਿਲਦਾ ਹੈ। ਮੈਨੂੰ ਪ੍ਰੋਫੈਸਰ ਸਾਹਿਬ ਦੀਆਂ ਗੱਲਾਂ ਜਿੰਦਗੀ ਦਾ ਅਰਕ ਲਗਦੀਆਂ ਹਨ। ਉਹਨਾਂ ਦੀ ਜਿੰਦਗੀ ਦਾ ਨਿਚੋੜ।
ਇਸ ਮਾਮਲੇ ਵਿੱਚ ਮੈਂ ਤਾਂ ਉਹਨਾਂ ਦੇ ਮੁਕਾਬਲੇ ਇੱਕ ਕੀੜੀ ਹੀ ਹਾਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ