ਹਰ ਮਾਂ ਪਿਓ ਵਾੰਗੂ ਧੀਰੂ ਭਾਈ ਅੰਬਾਨੀ ਦੀ ਇੱਛਾ ਵੀ ਸੀ ਕਿ ਉਸ ਦੀ ਔਲਾਦ ਹਮੇਸ਼ਾ ਇਕੱਠੀ ਰਹੇ। ਪਰ ਦੌਲਤ ਦਾ ਲਾਲਚ ਅਤੇ ਪਤਨੀਆਂ ਦੀ ਅਣਬਣ ਨੇ ਭਰਾਵਾਂ ਵਿੱਚ ਦੁਫੇੜ ਪਵਾ ਹੀ ਦਿੱਤੀ। ਇੱਕ ਨਹੀਂ ਕਈ ਵੱਡੇ ਘਰਾਣੇ ਵੰਡ ਲਈ ਕੋਰਟਾਂ ਕਚਿਹਰੀਆਂ ਵਿੱਚ ਪਹੁੰਚ ਗਏ।
ਦੇਸ਼ ਦੇ ਨੰਬਰ ਇੱਕ ਪਰਿਵਾਰ ਤੋਂ ਲ਼ੈਕੇ ਆਮ ਆਦਮੀ ਦਾ ਪਰਿਵਾਰ ਆਪਸੀ ਵੰਡ ਨੂੰ ਲੈਕੇ ਅਲਗ ਅਲਗ ਹੋ ਜਾਂਦਾ ਹੈ। ਇੱਕ ਬੇਟੇ ਤੋੰ ਵੱਧ ਵਾਲਿਆਂ ਦੇ ਤਾਂ ਇਹ ਚੱਕਰ ਪੈਂਦੇ ਹੀ ਹਨ ਪਰ ਇਕਲੋਤੇ ਪੁੱਤਰ ਵੀ ਬੁੱਢੇ ਬੁੱਢੀ ਨੂੰ ਲੈਕੇ ਪ੍ਰੇਸ਼ਾਨ ਹੋ ਜਾਂਦੇ ਹਨ। ਤੇ ਮਾਪਿਆਂ ਨਾਲੋਂ ਅਲੱਗ ਹੋ ਜਾਂਦੇ ਹਨ। ਉਂਜ ਕਈ ਮਾਂ ਬਾਪ ਵੀ ਚੰਗੇ ਨਹੀਂ ਹੁੰਦੇ। ਫਜ਼ੂਲ ਦੀ ਦਖਲ ਅੰਦਾਜ਼ੀ ਕਰਕੇ ਔਲਾਦ ਦੇ ਨੱਕ ਵਿੱਚ ਦਮ ਕਰੀ ਰੱਖਦੇ ਹਨ ਤੇ ਫਿਰ ਔਲਾਦ ਦੇ ਸਿਰ ਨਲਾਇਕੀ ਦਾ ਠੀਕਰਾ ਭੰਨਕੇ ਆਪ ਆਪਣੀ ਆਜ਼ਾਦੀ ਬਰਕਰਾਰ ਰੱਖਣ ਲਈ ਅਲੱਗ ਚੁੱਲ੍ਹਾ ਬਾਲਦੇ ਹਨ। ਤੇ ਨਾਲੇ ਸਮਾਜ ਦੀ ਹਮਦਰਦੀ ਹਾਸਿਲ ਕਰਦੇ ਹਨ। ਅਖੇ “ਆਹ ਉਮਰ ਹੈ ਅੰਟੀ ਤੁਹਾਡੀ ਰੋਟੀਆਂ ਪਕਾਉਣ ਦੀ।” ਉਂਜ ਬਜ਼ੁਰਗ ਵੀ ਜੇ ਔਲਾਦ ਕੋਲ੍ਹ ਕਿਸੇ ਗੱਲ ਦਾ ਝੋਰਾ ਕਰ ਲੈਣ ਯ ਕੋਈਂ ਪੈਂਡਿੰਗ ਪਿਆ ਕੰਮ ਯਾਦ ਕਰਵਾ ਦੇਣ। ਤਾਂ “ਤੁਸੀਂ ਤਾਂ ਵੇਹਲੇ ਹੋ। ਮੈਨੂੰ ਹੋਰ ਵੀ ਕੰਮ ਹਨ। ਜਦੋਂ ਟਾਈਮ ਹੋਇਆ ਕਰ ਲਵਾਂਗੇ।” ਵਰਗਾ ਕਾਮਨ ਡਾਇਲੋਗ ਔਲਾਦ ਸੁਣਾਉਂਦੀ ਹੈ। ਯ “ਪਾਪਾ ਤੁਸੀਂ ਨਾ ਫਿਕਰ ਕਰਿਆ ਕਰੋ। ਜਦੋਂ ਹੋਜੂ ਤੁਹਾਨੂੰ ਦੱਸ ਦੇਵਾਂਗਾ।” ਬਹੁਤੇ ਛੋਟੇ ਵੱਡੇ ਘਰਾਂ ਦੀ ਦਾਸਤਾਨ ਹੈ।
ਫਿਰ ਬਜ਼ੁਰਗ ਸੋਚਦੇ ਹਨ ਕਿ ਜਦੋਂ ਪੱਕੀ ਪਕਾਈ ਰੋਟੀ ਮਿਲੀ ਜਾਂਦੀ ਹੈ। ਫਿਰ ਫਿਕਰ ਕਿਉਂ ਕਰੀਏ। ਪਰ ਕਹਿੰਦੇ ਜਿਉਂਦੇ ਆਦਮੀ ਤੋਂ ਤਾਂ ਬੋਲਿਆ ਹੀ ਜਾਂਦਾ ਹੈ। ਪਾਰਕ ਵਿੱਚ ਨਿੱਤ ਬਜ਼ੁਰਗਾਂ ਦੀਆਂ ਆਹੀ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਬਹੁਤੇ ਬਜ਼ੁਰਗ ਸਹੀ ਵੰਡ ਕਰਕੇ ਵੀ ਔਖੇ ਹਨ ਤੇ ਮਰਦੇ ਦਮ ਤੱਕ ਵੰਡ ਨਾ ਕਰਨ ਵਾਲੇ ਵੀ ਔਖੇ। ਇਹ ਕੋਈਂ ਮੌਜੂਦਾ ਦੌਰ ਦੇ ਹੀ ਮਸਲੇ ਨਹੀਂ ਹਨ। ਸਾਡੇ ਬਜ਼ੁਰਗਾਂ ਦੇ ਬਜ਼ੁਰਗਾਂ ਵੇਲੇ ਦੇ ਚੱਲੇ ਆਉਂਦੇ ਹਨ। ਠੀਕ ਹੈ ਓਦੋਂ ਸੱਤ ਅੱਠ ਵਾਰਿਸ ਹੁੰਦੇ ਸੀ ਅੱਜ ਕੱਲ੍ਹ ਇੱਕ ਦੋ ਯ ਤਿੰਨ।
ਨਿੱਜੀ ਜਾਇਦਾਦ ਦੇ ਝਮੇਲੇ ਹੀ ਨਹੀਂ ਪੈਂਦੇ। ਸਾਡੇ ਰਾਜੇ ਮਹਾਰਾਜਿਆਂ ਨੇ ਵੀ ਆਪਣੇ ਜਿਉਂਦੇ ਜੀਅ ਆਪਣੇ ਵਾਰਿਸ ਘੋਸ਼ਿਤ ਨਹੀਂ ਕੀਤੇ। ਕਈਆਂ ਨੂੰ ਤਾਂ ਬਾਪ ਯ ਭਰਾ ਦਾ ਕਤਲ ਕਰਕੇ ਰਾਜ ਪਾਟ ਲੈਣਾ ਪਿਆ ਸੀ। ਹੋਰ ਤਾਂ ਹੋਰ ਇਤਿਹਾਸ ਗਵਾਹ ਹੈ ਕਿ ਸਾਡੇ ਬਹੁਤੇ ਧਾਰਮਿਕ ਗੁਰੂਆਂ ਪੀਰਾਂ ਫਕੀਰਾਂ ਨੇ ਵੀ ਜਿਉਂਦੇ ਜੀਅ ਆਪਣੀਆਂ ਗੱਦੀਆਂ ਨਹੀਂ ਸੌਂਪੀਆਂ। ਸਹੀ ਜਾਨਸ਼ੀਨ ਦੇ ਝਮੇਲੇ ਲਈ ਕਿੰਨੇ ਝਗੜੇ ਹੋਏ।
ਮੁਕਦੀ ਗੱਲ ਇਹ ਹੈ ਕਿ ਬਹੁਤੇ ਵਾਰੀ ਵਾਰਿਸ ਹੀ ਵਾਇਰਸ ਬਣ ਜਾਂਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ