ਬਚਪਨ ਤੋਂ ਹੀ ਮੈਂ ਚੱਖਕੇ ਦੱਸ ਦਿੰਦਾ ਸੀ ਕਿ ਇਹ ਸਬਜ਼ੀ ਮੇਰੀ ਮਾਂ ਨੇ ਬਣਾਈ ਹੈ। ਕਿਸੇ ਹੋਰ ਦੀ ਬਣਾਈ ਸਬਜ਼ੀ ਖਾਣ ਵੇਲੇ ਮੈਂ ਸੋ ਨੱਕ ਬੁੱਲ ਚਿੜਾਉਂਦਾ। ਭਾਵੇਂ ਓਦੋਂ ਕੋਈ ਬਾਹਲੇ ਮਿਰਚ ਮਸਾਲੇ ਪਾਉਣ ਦਾ ਰਿਵਾਜ਼ ਨਹੀਂ ਸੀ। ਪਰ ਮਾਂ ਕੋਲ ਸਬਜ਼ੀ ਬਣਾਉਣ ਦੀ ਕਲਾ ਸੀ। ਸਬਜ਼ੀਆਂ ਵੀ ਆਮ ਦੇਸੀ ਹੁੰਦੀਆਂ ਸਨ। ਪਨੀਰ ਦਾਲ ਮੱਖਣੀ ਮਲਾਈ ਕੋਫਤਾ ਦਾ ਤਾਂ ਕਦੇ ਨਾਮ ਹੀ ਨਹੀਂ ਸੀ ਸੁਣਿਆ। ਸਾਡੇ ਘਰ ਓਹੀ ਟਿੰਡੀਆਂ ਭਿੰਡੀਆਂ ਕੱਦੂ ਕਰੇਲੇ ਤੋਰੀ ਆਲੂ ਗਾਜਰ ਬੇਗੁਣੀ ਗਵਾਰੇ ਚੋਲੇ ਹਰ ਹਰ ਦੀਆਂ ਫਲੀਆਂ ਦੀ ਸਬਜ਼ੀ ਬਣਦੀ। ਦਾਲ ਕੜ੍ਹੀ ਵੇਸਨ ਦੇ ਗੱਟੇ ਤੇ ਖੇਲਰੀਆਂ ਦੀ ਸਬਜ਼ੀ ਵੀ ਅਕਸਰ ਬਣਦੀ ਸੀ। ਤੇ ਮੂੰਹੋ ਨਾ ਲਹਿੰਦੀ। ਅਸੀਂ ਆਮ ਕਰਕੇ ਅੱਧਪੱਕੀ ਸਬਜ਼ੀ ਹੀ ਖਾ ਜਾਂਦੇ। ਕਦੇ ਕਦੇ ਮੇਰੀ ਮਾਂ ਆਲੂ ਜ਼ਾ ਕੱਦੂ ਉਬਾਲਕੇ ਯ ਫ਼ਿਰ ਪਕੌੜੀਆਂ ਦਾ ਰਾਇਤਾ ਪਾਉਂਦੀ। ਖਾਣ ਦਾ ਨਜ਼ਾਰਾ ਆ ਜਾਂਦਾ। ਓਦੋਂ ਆਹ ਟਮਾਟਰ ਪਿਆਜ਼ ਖੀਰੇ ਭੱਲੇ ਬੂੰਦੀ ਦੇ ਰਾਇਤੇ ਬਾਰੇ ਕਦੇ ਸੁਣਿਆ ਹੀ ਨਹੀ ਸੀ।
1985 ਵਿੱਚ ਜਦੋਂ ਮੇਰਾ ਵਿਆਹ ਹੋਇਆ ਤਾਂ ਸਾਹਿਬਾਂ ਦਾਲ ਸਬਜ਼ੀ। ਬਣਾਉਣ ਵੱਲੋਂ ਜਵਾਂ ਕੋਰੀ ਸੀ। ਬਸ ਰੋਟੀਆਂ ਜਿੰਨੀਆਂ ਮਰਜੀ ਪਕਵਾ ਲਵੋ ਯ ਕਪੜੇ ਪ੍ਰੈਸ ਕਰਵਾਲੋਂ। ਕਾਰਣ ਇਹੀ ਸੀ ਕਿ ਮਾਸਟਰ ਪਰਿਵਾਰ ਚੋ ਹੋਣ ਕਰਕੇ ਪੜ੍ਹਾਈ ਤੋਂ ਇਲਾਵਾ ਕੁਝ ਸਿੱਖਿਆ ਹੀ ਨਹੀਂ। ਪੜ੍ਹਦੇ ਸਾਰ ਹੀ ਟੀਚਰ ਦੀ ਨੌਕਰੀ ਮਿਲ ਗਈ। ਚੁੱਲ੍ਹੇ ਚੌਂਕੇ ਦਾ ਗਿਆਨ ਤੇ ਟ੍ਰੇਨਿੰਗ ਦਾ ਟਾਈਮ ਹੀ ਨਹੀਂ ਮਿਲਿਆ। ਪਰ ਮੇਰੀ ਮਾਂ ਨੇ ਮੌਕਾ ਸੰਭਾਲਿਆ। ਹੋਲੀ ਹੋਲੀ ਟ੍ਰੇਨਿੰਗ ਦਿੱਤੀ। ਮਾਸਟਰ ਖਾਨਦਾਨ ਦੀ ਕੁੜੀ ਨੂੰ ਆਪਣੇ ਵਰਗੀ ਲੇਡੀ ਸੰਜੀਵ ਕਪੂਰ ਬਣਾ ਦਿੱਤੀ। ਭਾਵੇ ਪੜ੍ਹਾਈ ਵਿਚ ਮਾਸਟਰ ਦੀ ਡਿਗਰੀ ਨਹੀਂ ਦਿਵਾਈ ਪਰ ਸਬਜ਼ੀਆਂ ਬਣਾਉਣ ਵਿਚ ਮਾਸਟਰੀ ਕਰਵਾ ਦਿੱਤੀ। ਹੁਣ ਉਹ ਹਰ ਸਬਜ਼ੀ ਬਣਾਉਣ ਵੇਲੇ ਉਸ ਵਿੱਚ ਜਾਨ ਪਾ ਦਿੰਦੀ। ਮਾਂ ਦੇ ਜਾਣ ਤੋਂ ਬਾਦ ਸਬਜ਼ੀਆਂ ਦੇ ਮਾਮਲੇ ਵਿੱਚ ਕਦੇ ਮਾਂ ਦੀ ਕਮੀ ਮਹਿਸੂਸ ਨਾ ਹੋਈ। ਉਸ ਦੀਆਂ ਬਣਾਈਆਂ ਸਬਜ਼ੀਆਂ ਹੀ ਨਹੀਂ ਗੁਲਗਲੇ ਮੱਠੀਆਂ ਹਲਵਾ ਗੁੜ ਦੀਆਂ ਸੇਵੀਆਂ ਪੀਲੇ ਚੌਲ਼ ਵਰਗੀਆਂ ਨਿਆਮਤਾਂ ਚਖਕੇ ਕਦੇ ਕੋਈ ਕਮੀ ਨਜ਼ਰ ਨਾ ਆਉਂਦੀ। ਜਿਸਨੇ ਵੀ ਇੱਕ ਵਾਰੀ ਉਸਦੇ ਹੱਥਾਂ ਦੀ ਬਣਾਈ ਸਬਜ਼ੀ ਯ ਕੋਈ ਹੋਰ ਚੀਜ਼ ਦਾ ਸੁਵਾਦ ਚੱਖ ਲਿਆ ਤਰੀਫਾਂ ਦੇ ਪੁੱਲ ਬੰਨ ਦਿੰਦਾ। ਇਹ ਸਭ ਮੇਰੀ ਮਾਂ ਦੀ ਦਿੱਤੀ ਟ੍ਰੇਨਿੰਗ ਤੇ ਇਸਦੀ ਲਗਨ ਦਾ ਕਮਾਲ ਸੀ। ਪਹਿਲੋਂ ਪਹਿਲ ਤਾਂ ਇਸਦੇ ਪੇਕੇ ਵੀ ਇਸਦੀ ਬਣਾਈ ਸਬਜ਼ੀ ਖਾਕੇ ਹੈਰਾਨ ਹੁੰਦੇ ਕਿ ਆਹ Saroj Rani Insan ਨੇ ਬਣਾਈ ਹੈ। ਅਕਸ਼ਰ ਉਹ ਸਬਜ਼ੀ ਸੁੱਕੀ ਹੀ ਖਾ ਜਾਂਦੇ ਤੇ ਖੀਰ ਵਗੈਰਾ ਦੁਬਾਰਾ ਮੰਗ ਲੈਂਦੇ। ਪਰ ਕਹਿੰਦੇ ਖੁਸ਼ੀਆਂ ਸਦਾ ਬਰਕਰਾਰ ਨਹੀਂ ਰਹਿੰਦੀਆਂ। ਫਰਬਰੀ 2012 ਵਿੱਚ ਮਾਂ ਚਲੀ ਗਈ। ਤੇ ਇਸ ਦੇ ਇੱਕ ਅਪ੍ਰੇਸ਼ਨ ਅਤੇ ਉਸਤੋਂ ਬਾਅਦ ਸ਼ੁਰੂ ਹੋਏ ਗੋਡਿਆਂ ਦੇ ਦਰਦ ਨੇ ਇਸਦਾ ਰਸੋਈ ਵੱਲੋਂ ਮੂੰਹ ਮੋੜ ਦਿੱਤਾ। ਦੋਨੋ ਬੇਟੀਆਂ ਦੇ ਕੰਮਕਾਜ਼ੀ ਹੋਣ ਕਰਕੇ ਰਸੋਈ ਦੀ ਵਾਗਡੋਰ ਲੇਡੀ ਕੁੱਕ ਨੂੰ ਸੰਭਾਲਣੀ ਪਈ। ਕੁੱਕ ਸਬਜ਼ੀਆਂ ਵਿੱਚ ਲਸਨ ਟਮਾਟਰ ਅਦਰਕ ਹਰੀ ਮਿਰਚ ਤਾਂ ਪਾ ਸਕਦੀ ਹੈ। ਉਹ ਮੋਹ ਪਿਆਰ ਤੇ ਸ਼ਰਧਾ ਨਹੀਂ ਪਾ ਸਕਦੀ ਜੋ ਘਰ ਦੀ ਮਾਲਕਣ ਪਾਉਂਦੀ ਹੈ। ਹੁਣ ਉਹ ਛੋਹ ਕਿਥੋਂ ਮਿਲੇ ਜੋ ਮੇਰੀ ਮਾਂ ਯ ਮੇਰੇ ਜੁਆਕਾਂ ਦੀ ਮਾਂ ਦੇ ਹੱਥਾਂ ਵਿੱਚ ਹੈ। ਕਿਸੇ ਵੀ ਸਬਜ਼ੀ ਵਿਚੋਂ ਉਹ ਮਹਿਕ ਨਹੀਂ ਆਉਂਦੀ ਜੋ ਕਿਸੇ ਜਮਾਨੇ ਵਿਚ ਰੋਟੀ ਪਰੋਸਣ ਸਮੇ ਸਾਹਮਣੇ ਪਈ ਸਬਜ਼ੀ ਦੀ ਕੌਲੀ ਚੋ ਆਉਂਦੀ ਸੀ। ਅੱਖਾਂ ਨੂੰ ਵੀ ਇਹ ਸਬਜ਼ੀਆਂ ਓਪਰੀਆਂ ਜਿਹੀਆਂ ਲਗਦੀਆਂ ਹਨ। ਜਿੱਭ ਤੇ ਮੂੰਹ ਵੀ ਕਦੇ ਸਬਜ਼ੀ ਖਾਣ ਨੂੰ ਸੌਖਾ ਹੁੰਗਾਰਾ ਨਹੀਂ ਭਰਦੇ। ਦਿਲ ਵੀ ਪਾਸਾ ਜਿਹਾ ਵੱਟ ਲੈਂਦਾ ਹੈ। ਸਿਰ ਤਾਂ ਜਿਆਦਾਤਰ ਉਪਰ ਥੱਲੇ ਨੂੰ ਨਹੀਂ ਸੱਜੇ ਖੱਬੇ ਨੂੰ ਹੀ ਹਿਲਦਾ ਹੈ। ਕਈ ਵਾਰੀ ਇਸ ਨੂੰ ਨਖਰੇ ਕਰਨਾ ਯ ਅਨੰ ਦਾ ਅਪਮਾਨ ਕਰਨਾ ਕਿਹਾ ਜਾਂਦਾ ਹੈ। ਪਰ ਕਿਸੇ ਨੂੰ ਦੇਸ ਧ੍ਰੋਹੀ ਗਰਨਾਦ ਕੇ ਅਸੀਂ ਅਸਲੀਅਤ ਤੋਂ ਮੁਨਕਰ ਨਹੀਂ ਹੋ ਸਕਦੇ। ਆਲੂ ਬੇਂਗੁਣੀ ਆਲੂ ਗਾਜਰ ਰਸੇਵਾਲੀ ਗੋਭੀ ਗਵਾਰੇ ਦੀਆਂ ਫਲੀਆਂ ਤੇ ਆਲੂ ਦਾ ਰਾਇਤਾ ਖਾਧੇ ਨੂੰ ਰੂਹ ਤਰਸ ਗਈ। ਫਿਰ ਵਾਰੀ ਵਾਰੀ ਮਾਂ ਚੇਤੇ ਨਾ ਆਵੇ ਤਾਂ ਕੀ ਕਰੇ।
ਇਕੱਲੇ ਟਮਾਟਰ ਨਾਲ ਹੀ ਰੋਟੀ ਸਵਾਦ ਲਗਦੀ ਹੈ। ਪਹਿਲੀ ਰੋਟੀ ਦੂਜੀ ਰੋਟੀ ਤੀਜੀ ਰੋਟੀ ਤੋਂ ਬਾਦ ਚੌਥੀ ਰੋਟੀ ਦਾ ਮਜ਼ਾ ਕਿਰਕਿਰਾ ਹੋ ਗਿਆ।
ਇਹ ਵੀ ਕਹਿੰਦੇ ਹਨ ਕਿ ਸੱਠਾਂ ਤੋਂ ਬਾਅਦ ਬੰਦੇ ਦਾ ਸੁਭਾਅ ਤੇ ਸਵਾਦ ਬਦਲ ਜਾਂਦੇ ਹਨ। ਕਿਤੇ ਉਹ ਗੱਲ ਤਾਂ ਨਹੀਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ