ਮੰਜੇ ਤੇ ਮਾਂ ਦੇ ਇੱਕ ਪਾਸੇ ਮੈਂ ਪਿਆ ਸੀ ਤੇ ਦੂਜੇ ਪਾਸੇ ਸਾਡਾ ਨਿੱਕਾ। ਮੈਂ ਚਾਹੁੰਦਾ ਸੀ ਮੇਰੀ ਮਾਂ ਮੇਰੇ ਵੱਲ ਮੂੰਹ ਕਰੇ ਪਰ ਨਿੱਕਾ ਵੀ ਘੱਟ ਨਹੀਂ ਸੀ ਉਹ ਮਾਂ ਨੂੰ ਆਪਣੇ ਵਾਲੇ ਪਾਸੇ ਮੂੰਹ ਕਰਨ ਲਈ ਆਖਦਾ। ਮੇਰੇ ਕੋਲੇ ਜਿਦ ਸੀ ਉਸਕੋਲ ਰੋਣ ਦਾ ਹਥਿਆਰ ਸੀ। ਚੰਗਾ ਇਕ ਕਹਾਣੀ ਸੁਣੋ। ਮੇਰੀ ਮਾਂ ਨੇ ਇੱਕ ਦਮ ਕਿਹਾ। ਅਸੀਂ ਦੋਹਾਂ ਨੇ ਆਪਣਾ ਮੂੰਹ ਚੁੱਕ ਕੇ ਮਾਂ ਦੇ ਮੂੰਹ ਦੇ ਨੇੜੇ ਕਰ ਲਿਆ। ਹੁਣ ਪਾਸੇ ਵਾਲਾ ਰੇੜਕਾ ਖਤਮ ਸੀ। ਇਹ ਗੱਲ ਕੋਈ 1965 66 ਦੇ ਲਾਗੇ ਛਾਗੇ ਦੀ ਹੈ। ਮਾਂ ਨੇ ਥੋੜਾ ਸੋਚਣ ਦਾ ਡਰਾਮਾ ਕੀਤਾ।
ਇੱਕ ਮੋਰ ਸੀ ਉਹ ਬਹੁਤ ਸੋਹਣਾ ਸੀ। ਰੰਗ ਬਿਰੰਗਾ। ਬਹੁਤ ਫੱਬਦਾ ਸੀ। ਸੋਹਣੀ ਕਲਗੀ ਸੋਹਣੇ ਖੰਬ ਤੇ ਸੋਹਣੇ ਪੈਰ। ਉਸ ਨੂੰ ਆਪਣੀ ਸੁੰਦਰਤਾ ਤੇ ਬਹੁਤ ਹੰਕਾਰ ਸੀ। ਇਕ ਦਿਨ ਇੱਕ ਕਬੂਤਰ ਉਸ ਕੋਲ ਆਇਆ ਤੇ ਉਸ ਨੇ ਮੋਰ ਦੇ ਪੈਰ ਉਧਾਰੇ ਮੰਗ ਲਏ। ਕਿਉਂਕਿ ਕਬੂਤਰ ਨੇ ਕਿਸੇ ਵਿਆਹ ਤੇ ਜਾਣਾ ਸੀ। ਮੋਰ ਨੇ ਦੋਸਤੀ ਵਸ ਆਪਣੇ ਪੈਰ ਉਸ ਨੂੰ ਦੇ ਦਿੱਤੇ। ਉਸ ਤੋਂ ਬਾਦ ਕਬੂਤਰ ਨੇ ਮੋਰ ਦੇ ਪੈਰ ਵਾਪਿਸ ਨਾ ਕੀਤੇ। ਹੁਣ ਇੰਨਾ ਸੋਹਣਾ ਮੋਰ ਆਪਣੇ ਗੰਦੇ ਪੈਰਾਂ ਨੂੰ ਦੇਖ ਕੇ ਹੰਝੂ ਬਹਾਉਂਦਾ ਹੈ। ਕਬੂਤਰ ਆਪਣੇ ਸੋਹਣੇ ਪੈਰਾਂ ਨੂੰ ਵੇਖਕੇ ਬਹੁਤ ਖ਼ੁਸ਼ ਹੁੰਦਾ ਹੈ। ਸ਼ਾਇਦ ਕਹਾਣੀ ਖਤਮ ਹੋ ਗਈ ਸੀ ਤੇ ਅਸੀਂ ਦੋਨੇ ਹੀ ਸੌ ਗਏ ਸੀ।
ਵੈਸੇ ਤਾਂ ਹੁਣ ਮੋਰ ਘੱਟ ਹੀ ਹਨ। ਪਰ ਜਦੋਂ ਮੈਂ ਕਿਸੇ ਜਗ੍ਹਾ ਮੋਰ ਦੇਖਦਾ ਹਾਂ ਤਾਂ ਉਸਦੇ ਪੈਰ ਜਰੂਰ ਦੇਖਦਾ ਹਾਂ। ਮੇਰੇ ਮਾਂ ਦੀ ਸੁਣਾਈ ਕਹਾਣੀ ਯਾਦ ਆ ਜਾਂਦੀ ਹੈ।
#ਰਮੇਸ਼ਸੇਠੀਬਾਦਲ