ਅਸੀਂ ਆਪਣੇ ਨਿੱਕੇ ਹਰਤੇਗ ਨੂੰ ‘ਆਓ ਪੰਜਾਬੀ ਸਿੱਖੀਏ’ ਨਾਂ ਦੀ ਇੱਕ ਕਿਤਾਬ ਲੈਕੇ ਦਿੱਤੀ ਕਿ ਚਲੋ ਮੂਰਤਾਂ ਹੀ ਦੇਖੇ ਅਜੇ।ਇਹਨਾਂ ਦੇ ਸਕੂਲ ਤਾਂ ਪਹਿਲੀ ਜਮਾਤ ਤੋਂ ਪੰਜਾਬੀ ਲਗਦੀ ਹੈ।ਉਹ ਅਜੇ LKG ਵਿੱਚ ਪੜ੍ਹਦਾ ਹੈ।ਉਸ ਕਿਤਾਬ ਵਿਚ ‘ਆਓ ਸੁੰਦਰ ਲਿਖੀਏ ‘ ਪਾਠ ਵਿਚ ਬਿੰਦੀਆਂ ਜੋੜ ਕੇ ਅੱਖਰਾਂ ਦੀ ਬਣਤਰ ਸਿਖਾਈ ਹੋਈ ਹੈ। ਸਾਡੇ ਹਰਤੇਗ ਹੁਣਾ ਨੇ ਉਸੇ ਪਾਠ ਨੂੰ ਹੱਥ ਪਾ ਲਿਆ।
ਪੰਦਰਾਂ ਕੁ ਮਿੰਟਾਂ ਦੀ ਜੱਦੋਜਹਿਦ ਤੋਂ ਬਾਅਦ ਭੈਣ ਵੱਲ ਨੱਠਾ ਗਿਆ। ਪਤਾ ਨਹੀਂ ਉਸ ਨੂੰ ਕੀ ਕਿਹਾ ਜਸਮੇਹ ਹੱਸੀ ਜਾਵੇ। ਹੱਸਦੀ ਹੱਸਦੀ ਮੇਰੇ ਕੋਲ ਆ ਕੇ ਕਹਿੰਦੀ ਮੰਮ ਆ ਦੇਖੋ ਹਰਤੇਗ ਕੀ ਕਹੀ ਜਾਂਦਾ।
ਕਹਿੰਦਾ ਦੀਦੀ ਮੈਂ ਸਾਰੇ ਅੱਖਰ ਬਣਾ ਲਏ ਬਸ ਮੇਰੇ ਤੋਂ ‘ਨਾਨਕ ਹੋਸੀ ਭੀ ਸਚੁ’ ਨਈ ਬਣਿਆ।
ਹੈਂ….. ਮੈਂ ਵੀ ਸੋਚੀਂ ਪੈ ਗਈ ਪਈ ਮੇਰੇ ਪੁੱਤ ਨੂੰ ਤਾਂ ੳ ਅ ਨੀ ਆਉਂਦਾ ਇਹ ਕੀ ਗੱਲਾਂ ਪਿਆ ਕਰਦਾ। ਅਗੋਂ ਜਸਮੇਹ ਮੂੰਹ ਬਣਾ ਕੇ ਕਹਿੰਦੀ ਮੰਮ…… ਜਿਆਦਾ ਖੁਸ਼ ਨਾ ਹੋਈ ਜਾਓ ਪਹਿਲਾਂ ਦੇਖ ਤਾਂ ਲਓ ਇਹ ਊੜੇ (ੳ) ਨੂੰ ਨਾਨਕ ਹੋਸੀ ਭੀ ਸਚੁ ਕਹੀ ਜਾਂਦਾ।
ਹਰਤੇਗ ਭੋਲਾ ਜਿਹਾ ਮੂੰਹ ਬਣਾਕੇ ਫਿਰ ਕਹਿੰਦਾ ਮੰਮ ਮੇਰੇ ਤੋਂ ‘ਨਾਨਕ ਹੋਸੀ ਭੀ ਸਚੁ ‘ ਨਈ ਲਿਖ ਹੁੰਦਾ ਤੁਸੀਂ ਲਿਖ ਦਿਓ।…. ਮੈਂ ਕਿਹਾ ਪੁੱਤ ਅਸੀਂ ਇੰਨੇ ਜੋਗੇ ਕਿੱਥੇ ਕਿ ਅਸੀਂ ‘ਨਾਨਕ ਹੋਸੀ ਭੀ ਸਚੁ’ ਲਿਖ ਸਕੀਏ ।ਇਹ ਤਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਕਈ ਸਦੀਆਂ ਪਹਿਲਾਂ ਲਿਖ ਗਏ ਸੀ ਸਾਡੇ ਲਈ। ਪੁੱਤਰ ਜੀ ਅਸੀਂ ਤਾਂ ਉਹਨਾਂ ਦੇ ਲਿਖੇ ਨੂੰ ਵਿਚਾਰਨਾ ਤੇ ਅਮਲ ਕਰਨਾ ਸੀ, ਜੋ ਅਸੀਂ ਨਹੀਂ ਕਰ ਰਹੇ।
ਭਾਵੇਂ ਹਰਤੇਗ ਨੂੰ ਨਾ ੳ ਤੇ ਨਾ ੧ਓ ਕਹਿਣਾ ਆਇਆ ਪਰ ਉਹ ਆਪਣੇ ਮਨ ਦੇ ਭਾਵ ਆਪਣੀ ਮਾਂ ਨੂੰ ਸਮਝਾ ਗਿਆ ।ਸ਼ਾਇਦ ਮੇਰੀ ਗੱਲ ਸਮਝਣ ਲਈ ਉਹ ਅਜੇ ਨਿਆਣਾ ਹੈ।
ਅਮਨ♥️ਰਘੂਬੀਰ ਸਿੰਘ
ਮੈਥ ਮਿਸਟੈ੍ਸ
ਸਸਸਸ(ਕੋ ਐਡ)
ਹੁਸ਼ਿਆਰਪੁਰ