ਜਮੀਨ,ਜਾਇਦਾਤ ਅਤੇ ਕਿਰਾਏ ਦੇ ਮਕਾਨਾਂ ਦੇ ਸੌਦੇ ਕਰਵਾਉਂਦੇ ਹੋਏ ਨੂੰ ਜਦੋਂ ਲੋਕ “ਦਲਾਲ” ਆਖ ਸੰਬੋਧਨ ਹੁੰਦੇ ਤਾਂ ਬਿਲਕੁਲ ਵੀ ਚੰਗਾ ਨਾ ਲੱਗਿਆ ਕਰਦਾ..!
ਚੰਡੀਗੜੋਂ ਬਦਲ ਕੇ ਆਏ ਇਸ ਪਰਿਵਾਰ ਨੇ ਪਹਿਲੋਂ ਹੀ ਆਖ ਦਿੱਤਾ ਸੀ ਕੇ ਅੱਠ ਹਜਾਰ ਮਹੀਨੇ ਤੋਂ ਵੱਧ ਦੀ ਗੁੰਜਾਇਸ਼ ਹੈਨੀ..!
ਹੁਣ ਏਨੇ ਘੱਟ ਕਿਰਾਏ ਲਈ ਨੁੱਕਰ ਵਾਲੀ ਬੀਜੀ ਦਾ ਘਰ ਹੀ ਬਚਿਆ ਸੀ..
ਪਰ ਜਦੋਂ ਬੀਜੀ ਨਾਲ “ਅੱਠ ਹਜਾਰ” ਕਿਰਾਏ ਦੀ ਗੱਲ ਕੀਤੀ ਤਾਂ ਗੁੱਸੇ ਵਿਚ ਆਉਂਦੀ ਹੋਈ ਨੇ ਸਾਫ ਸਾਫ ਆਖ ਦਿੱਤਾ ਕੇ “ਦਸ ਹਜਾਰ” ਤੋਂ ਇੱਕ ਪੈਸਾ ਵੀ ਘੱਟ ਨੀ ਹੋਵੇਗਾ..!
ਏਡੇ ਵੱਡੇ ਘਰ ਵਿਚ ਕੱਲੀ ਰਹਿੰਦੀ ਸੱਤਰ ਕੂ ਸਾਲ ਦੀ ਉਹ ਬੀਜੀ..ਸੁਭਾਅ ਬਹੁਤ ਹੀ ਜਿਆਦਾ ਸਖਤ ਸੀ..ਉੱਤੋਂ ਕਿਰਾਏਦਾਰਾਂ ਲਈ ਢੇਰ ਸਾਰੀਆਂ ਸ਼ਰਤਾਂ..ਕੋਈ ਘੱਟ ਹੀ ਟਿਕਦਾ ਸੀ..ਲੋਕਾਂ “ਲੜਾਕੀ” ਨਾਮ ਰਖਿਆ ਹੋਇਆ ਸੀ ਉਸਦਾ..!
ਕੱਲਾ ਕੱਲਾ ਪੁੱਤ ਪਰਿਵਾਰ ਸਮੇਤ ਕਨੇਡਾ ਪਰਵਾਸ ਮਾਰ ਗਿਆ..ਮਗਰੋਂ ਹੋਰ ਵੀ ਜਿਆਦਾ ਚਿੜਚਿੜੀ ਹੋ ਗਈ ਸੀ..!
ਉਸ ਦਿਨ ਡਰਦੇ ਡਰਦੇ ਨੇ ਉਸਦਾ ਘਰ ਵਿਖਾਇਆ..
ਨਾਲ ਹੀ ਪਰਿਵਾਰ ਦੇ ਮੁਖੀ ਨੂੰ ਇਹ ਵੀ ਦੱਸ ਦਿੱਤਾ ਕੇ “ਦਸ ਹਜਾਰ” ਤੋਂ ਘੱਟ ਗੱਲ ਨਹੀਂ ਬਣਨੀ..!
ਬਾਹਰ ਨੂੰ ਤੁਰਨ ਲਗਿਆ ਤਾਂ ਬੀਜੀ ਨੇ ਵਾਜ ਮਾਰ ਲਈ..ਆਖਣ ਲੱਗੀ “ਜਾ ਪੁੱਤਰਾ ਮੇਰੇ ਵਲੋਂ “ਹਾਂ” ਕਰ ਦੇ..”ਅੱਠ ਹਜਾਰ” ਦੇ ਹਿੱਸਾਬ ਨਾਲ ਭਾਵੇਂ ਕੱਲ ਨੂੰ ਸਮਾਨ ਲੈ ਆਉਣ..ਕੋਈ ਅਡਵਾਂਸ ਵੀ ਨਹੀਂ ਚਾਹੀਦਾ..ਤੇਰਾ ਕਮਿਸ਼ਨ ਵੀ ਡੇਢ ਗੁਣਾਂ..”!
ਮੈਨੂੰ ਆਪਣੇ ਕੰਨਾਂ ਤੇ ਇਤਬਾਰ ਜਿਹਾ ਨਾ ਆਵੇ..ਇਹ ਬੀਜੀ ਨੂੰ ਕੀ ਹੋ ਗਿਆ..ਅੱਠ ਹਜਾਰ ਤੇ ਕਿੱਦਾਂ ਮੰਨ ਗਈ!
ਮੈਨੂੰ ਸ਼ਸ਼ੋਪੰਝ ਵਿਚ ਪਏ ਹੋਏ ਨੂੰ ਵੇਖ ਹੱਸਦੀ ਹੋਈ ਆਖਣ ਲੱਗੀ.”ਵੇ ਕਮਲਿਆ ਤੂੰ ਵੇਖਿਆ ਨੀ..ਨਿੱਕੇ ਨਿੱਕੇ ਫੁੱਲਾਂ ਵਰਗੇ ਮਲੂਕੜੇ ਜਿਹੇ ਦੋ ਬਾਲ..ਕਿੱਦਾਂ ਖੇਡੇ ਲੱਗੇ ਹੋਏ ਸਨ..ਪਤਾ ਨਹੀਂ ਵਿਚਾਰਿਆਂ ਦੇ ਪਿਓ ਨੂੰ ਕਿੰਨੀ ਤਨਖਾਹ ਮਿਲਦੀ ਹੋਣੀ ਏ..ਮੈਨੂੰ ਬੁਢੀ ਨੂੰ ਜੇ ਦੋ ਘੱਟ ਵੀ ਮਿਲ ਜਾਣ ਤਾਂ ਕੀ ਫਰਕ ਪੈਣਾ..ਘਟੋ ਘੱਟ ਚਿਰਾਂ ਤੋਂ ਸੁੰਞੇ ਹੋ ਗਏ ਇਸ ਵੇਹੜੇ ਵਿਚ ਸਾ ਦਿਹਾੜੀ ਰੌਣਕ ਤੇ ਲੱਗੀ ਰਿਹਾ ਕਰੂ..!
ਨਾਲ ਹੀ ਝੁਰੜੀਆਂ ਵਾਲੇ ਰੇਗੀਸਥਾਨ ਵਿਚ ਸੁੰਨੀਆਂ ਜਿਹੀਆਂ ਦੋ ਅੱਖੀਆਂ ਵਿਚੋਂ ਉਮੀਦ ਨਾਮ ਦਾ ਖੂਬਸੂਰਤ ਚਸ਼ਮਾ ਹੁਣ ਬਸੰਤ ਬਹਾਰ ਬਣ ਵਹਿ ਤੁਰਿਆ ਸੀ..!
ਖੁਸ਼ੀ ਦੀ ਇਹ ਖਬਰ ਦੱਸਣ ਭੱਜ ਕੇ ਬਾਹਰ ਨੂੰ ਆਇਆ ਤਾਂ ਅੱਗੋਂ ਉਹ ਦੋਵੇਂ ਜੀ ਪਹਿਲਾਂ ਹੀ ਫੈਸਲਾ ਕਰ ਆਖਣ ਲੱਗੇ ਕੇ ਸਾਨੂੰ ਇਹ ਘਰ “ਦੱਸ ਹਜਾਰ” ਵਿਚ ਵੀ ਪਸੰਦ ਏ..!
ਦੋਚਿੱਤੀ ਵਿਚ ਸਾਂ ਕੇ ਕਿਦਾ ਦੱਸਾਂ ਕੇ ਬੀਜੀ ਤਾਂ “ਅੱਠ ਹਜਾਰ” ਵਿਚ ਹੀ ਮੰਨ ਗਈ ਏ..!
ਇਸਤੋਂ ਪਹਿਲਾ ਕੇ ਮੇਰੇ ਮੂਹੋਂ ਕੋਈ ਗੱਲ ਨਿੱਕਲਦੀ..ਓਹਨਾ ਦੋਹਾਂ ਨੇ ਏਨੀ ਗੱਲ ਆਖ ਮੈਨੂੰ ਹਮੇਸ਼ਾਂ ਲਈ ਚੁੱਪ ਕਰਾ ਦਿੱਤਾ ਕੇ “ਭਾਜੀ ਅੱਜਕੱਲ ਕਿਰਾਏ ਦੇ ਘਰਾਂ ਵਿਚ ਮੁਫ਼ਤ ਦੀਆਂ “ਮਾਵਾਂ..ਦਾਦੀਆਂ” ਕਿਥੇ ਲੱਭਦੀਆਂ ਨੇ..ਅਸਾਂ ਦੋਹਾਂ ਕੰਮ ਤੇ ਹੋਏ ਕਰਨਾ..ਸਕੂਲੋਂ ਮੁੜਦੇ ਅੰਞਾਣਿਆਂ ਨੂੰ ਘਟੋ ਘੱਟ ਖੁੱਲ੍ਹਾ ਬੂਹਾ ਤੇ ਮਿਲਿਆ ਕਰੂ!
ਸੱਚ ਜਾਣਿਓਂ ਦੋਸਤੋ ਜਿੰਦਗੀ ਦਾ ਸ਼ਾਇਦ ਇਹ ਪਹਿਲਾ ਐਸਾ ਸੌਦਾ ਸੀ ਜਿਥੇ “ਡੇਢ ਗੁਣਾਂ ਦਲਾਲੀ” ਦੇ ਨਾਲ ਨਾਲ ਢੇਰ ਸਾਰਾ “ਰੂਹ ਦਾ ਸੁਕੂਨ” ਅਤੇ ਹੋਰ ਵੀ ਕਿੰਨਾ ਕੁਝ ਮੁਫ਼ਤ ਵਿਚ ਹੀ ਮਿਲ ਗਿਆ..!
ਹਰਪ੍ਰੀਤ ਸਿੰਘ ਜਵੰਦਾ