ਬੇਟਾ ਦੀਪੀ ਤੂੰ ਏਥੇ ਕਿਵੇਂ ? ਉਦਾਸ ਜਿਹੀ ਕਿਉਂ ਹੈਂ ? ਤੇਰੀਆਂ ਅੱਖਾਂ ਕਿਉੱ ਸੁੱਜੀਆਂ ਹਨ। ਘਰੇ ਤਾਂ ਸਭ ਠੀਕ ਹੈ ਨਾ ਭੂਆ ਨੇ ਪੇਕੇ ਘਰ ਕਈ ਦਿਨਾਂ ਤੋਂ ਬੈਠੀ ਵਿਆਹੀ ਹੋਈ ਭਤੀਜੀ ਨੂੰ ਪੁੱਛਿਆ ।
ਭੂਆ ਜੀ, ਬਸ ਪੁੱਛ ਨਾ ਮੇਰੀ ਕਿਸਮਤ ਮਾੜੀ ਸੀ। ਮੇਰੀ ਜ਼ਿੰਦਗੀ ਖਰਾਬ ਹੋ ਗਈ। ਮੇਰਾ ਜੀਵਨ ਬਰਬਾਦ ਹੋ ਗਿਆ । ਮੈਂ ਬਹੁਤ ਦੁਖੀ ਹਾਂ । ਮੈਂ ਕੀ ਦੱਸਾਂ ਮੈਂ ਜ਼ਿੰਦਗੀ ਕਿਵੇਂ ਕੱਟ ਰਹੀ ਹਾਂ। ਮੈਂ ਤਾਂ ਉਦੋਂ ਤੋਂ ਨਰਕ ਭੋਗ ਰਹੀ ਹਾਂ ਜਦੋਂ ਤੋਂ ਮੇਰਾ ਵਿਆਹ ਹੋਇਆ ਹੈ। ਬਸ ਭੂਆ ਜੀ ਮੈਥੋਂ ਹੋਰ ਬਰਦਾਸ਼ਤ ਨਹੀਂ ਹੁੰਦਾ । ਮੈਂ ਤਾਂ ਉਹ ਘਰ ਛੱਡ ਕੇ ਆ ਗਈ ਹਾਂ। ਭਤੀਜੀ ਨੇ ਆਪਣੀ ਦੁੱਖ ਭਰੀ ਜ਼ਿੰਦਗੀ ਦਾ ਹਾਲ ਰੋਇਆ ਤੇ ਪਰਲ ਪਰਲ ਹੰਝੂ ਕੇਰਣ ਲੱਗੀ, ਭੂਆ ਨੇ ਘੁੱਟ ਕੇ ਗੋਦੀ ਵਿਚ ਲੈ ਲਿਆ।ਸਿਰ ਤੇ ਹੱਥ ਫੇਰਿਆ। ਅੱਖਾਂ ਪੂੰਝੀਆਂ ਤੇ ਘੁੱਟ ਲਿਆ। ਹਿਚਕੀਆਂ ਲੈਂਦੀ ਆਪਣੀ ਭਤੀਜੀ ਦੀ ਹਾਲਤ ਦੇਖ ਕੇ ਭੂਆ ਦਾ ਵੀ ਆਪਣਾ ਦੁੱਖ ਹਰਾ ਹੋ ਗਿਆ ।
ਕੀ ਦੁੱਖ ਹੈ ਮੇਰੀ ਲਾਡਲੀ ਨੂੰ । ਮੈਂ ਤਾਂ ਸੋਚਦੀ ਸੀ ਤੂੰ ਸਾਡੇ ਖਾਨਦਾਨ ਵਿਚੋਂ ਸਭ ਤੋਂ ਸੁਖੀ ਧੀ ਹੈ। ਦੋਨੇਂ ਮੀਆਂ ਬੀਵੀ ਕਮਾਉਂਦੇ ਹੋ। ਆਪਣਾ ਘਰ ਹੈ। ਲਾਲਾਂ ਵਰਗੇ ਦੋ ਪੁੱਤਰ ਹਨ । ਘਰ ਵਿਚ ਰੱਬ ਦਾ ਦਿੱਤਾ ਸਭ ਕੁਝ ਹੈ। ਸਾਡੇ ਤਿੰਨਾ ਭੈਣਾਂ ਤੇ ਭਤੀਜੀਆਂ ਵਿਚੋਂ ਤੂੰ ਹੀ ਸਭ ਤੋਂ ਸੁਖੀ ਹੈ। ਕੀ ਪ੍ਰਾਹੁਣਾ ਤੈਨੂੰ ਕੁੱਟਦਾ ਮਾਰਦਾ ਹੈ। ਜਾਂ ਦਾਰੂ ਪੀ ਕੇ ਘਰ ਵਿਚ ਕਲੇਸ਼ ਕਰਦਾ ਹੈ। ਜਾਂ ਜੂਆ ਖੇਡਦਾ ਹੈ। ਤੇ ਘਰ ਲਟਾਉਂਦਾ। ਬੱਚਿਆਂ ਨੂੰ ਕੋਈ ਕੱਪੜਾ ਲੱਤਾ ਲੈਕੇ ਨਹੀਂ ਦਿੰਦਾ । ਜਾਂ ਤੈਨੂੰ ਕਿਸੇ ਗੱਲ ਤੋਂ ਤੰਗ ਕਰਦਾ ਹੈ। ਜੇ ਕੋਈ ਹੋਰ ਤਕਲੀਫ ਹੈ ਤਾਂ ਉਹ ਦੱਸ। ਭੂਆ ਨੇ ਬੜੇ ਪਿਆਰ ਨਾਲ ਭਤੀਜੀ ਦਾ ਅੰਦਰਲਾ ਦੁੱਖ ਫਰੋਲਣ ਦੀ ਕੋਸ਼ਿਸ਼ ਕੀਤੀ। ਭੂਆ ਜੀ, ਅਜਿਹੀ ਤਾਂ ਕੋਈ ਗੱਲ ਨਹੀਂ। ਵੇਖਣ ਨੂੰ ਤਾਂ ਮੈਂ ਬਹੁਤ ਸੁਖੀ ਹਾਂ। ਨਾ ਉਹ ਦਾਰੂ ਪੀਂਦੇ ਹਨ। ਉਹ ਤਾਂ ਚਾਹ ਵੀ ਨਹੀਂ ਪੀਂਦੇ। ਨਾ ਮੈਨੂੰ ਕਦੇ ਮਾਰਦੇ ਕੁੱਟਦੇ ਹਨ। ਉਹਨਾਂ ਤਾਂ ਕਦੇ ਹੱਥ ਵੀ ਨਹੀਂ ਚੁੱਕਿਆ । ਘਰ ਵਿਚ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਪੈਸਾ ਟਕਾ ਰੱਬ ਦਾ ਦਿੱਤਾ ਸਭ ਕੁਝ ਹੈ। ਬੱਚੇ ਵੀ ਬਹੁਤ ਖੁਸ਼ ਤੇ ਸੁਖੀ ਹਨ। ਪਰ ਭੂਆ ਜੀ ਹੁਣ ਮੈਂ ਘੁੱਟ ਘੁੱਟ ਕੇ ਜਿਉਂ ਨਹੀਂ ਸਕਦੀ। ਮੈਂ ਉਥੇ ਇਕ ਪਲ ਵੀ ਰਹਿ ਨਹੀਂ ਸਕਦੀ। ਅਜਿਹੀ ਜ਼ਿੰਦਗੀ ਨਾਲੋਂ ਤਾਂ ਮੌਤ ਚੰਗੀ ਹੈ। ਮੈਂ ਤੀਹੋ ਕਾਲ ਉਥੇ ਨਹੀਂ ਜਾਣਾ । ਮੈਨੂੰ ਘਬਰਾਹਟ ਹੁੰਦੀ ਹੈ। ਮੇਰਾ ਦਿਲ ਨਹੀਂ ਕਰਦਾ ।ਬਸ ਮੈਂ ਤਾਂ ਇਥੇ ਹੀ ਰਹਾਂਗੀ। ਮੇਰੇ ਪੇਕੇ ਘਰ । ਜੇ ਇਥੋਂ ਜਵਾਬ ਮਿਲ ਗਿਆ ਤਾਂ ਕਿਤੇ ਹੋਰ ਚਲੀ ਜਾਵਾਂਗੀ । ਪਰ ਉਥੇ ਨਹੀਂ ਜਾਣਾ।
ਪਰ ਤੈਨੂੰ ਦੁੱਖ ਕੀ ਹੈ। ਤੇਰੀ ਇਸ ਹਾਲਤ ਦਾ ਕਾਰਨ ਕੀ ਹੈ । ਦੁਨੀਆਂ ਵਿਚ ਕੋਈ ਅਜਿਹਾ ਮਸਲਾ ਨਹੀਂ ਜਿਸ ਦਾ ਹੱਲ ਨਾ ਹੋਵੇ । ਭੂਆ ਨੇ ਫਿਰ ਉਸ ਨੂੰ ਫਰੋਲਣ ਦੀ ਕੋਸ਼ਿਸ਼ ਕੀਤੀ ।
ਉਹ ਮੇਰੇ ਪੇਕੇ ਆਉਣ ਤੇ ਨਰਾਜ਼ ਹੁੰਦੇ ਹਨ। ਮੈਨੂ ਪੇਕਿਆਂ ਨਾਲ ਫੋਨ ਕਰਨ ਦੀ ਇਜਾਜਤ ਨਹੀਂ ਹੈ। ਉੁਹ ਅਕਸਰ ਮੇਰੇ ਭਰਾਵਾਂ ਨੂੰ ਮੰਦਾ ਚੰਗਾ ਬੋਲਦੇ ਹਨ। ਮੈਂ ਪੇਕਿਆਂ ਦੇ ਘਰ ਕਿਸੇ ਸ਼ਾਦੀ ਵਿਆਹ ਤੇ ਨਹੀਂ ਆ ਸਕਦੀ । ਮੈਂ ਮੇਰੀ ਮਾਂ ਨਾਲ ਗੱਲ ਕਰਨ ਤੋਂ ਵੀ ਤਰਸਦੀ ਹਾਂ। ਮੇਰੀ ਮਾਂ ਮੇਰੇ ਬਿਨਾਂ ਰਹਿ ਨਹੀਂ ਸਕਦੀ । ਮੇਰੀ ਮਾਂ ਮੇਰੇ ਨਾਲ ਗੱਲਾਂ ਕਰਕੇ ਆਪਣਾ ਮਨ ਹੌਲਾ ਨਹੀਂ ਕਰ ਸਕਦੀ। ਮੈਂ ਕਿਸ ਤਰ੍ਹਾਂ ਦੀ ਬਦਨਸੀਬ ਧੀ ਹਾਂ ਕੋ ਮਾਂ ਦੇ ਦੁੱਖ ਸੁਖ ਵਿਚ ਕੰਮ ਨਹੀਂ ਆ ਸਕਦੀ । ਮੇਰੀ ਮਾਂ ਇਹਨਾਂ ਦਾ ਮੋਢਾ ਪਲੂਸਣ ਨੂੰ ਵੀ ਤਰਸਦੀ ਹੈ। ਇਹ ਮੇਰੀ ਮਾਂ ਨੂੰ ਪੈਰੀਂ ਪੈਣਾ ਨਹੀਂ ਕਰਦੇ। ਇਹਨਾਂ ਦੇ ਖਾਨਦਾਨ ਵਿਚ ਮੱਥਾ ਟੇਕਣ ਦਾ ਹੀ ਰਿਵਾਜ ਹੀ ਨਹੀਂ। ਮੇਰੀ ਮਾਂ ਜਵਾਈ ਕੰਨੀਓ ਤਰਸਦੀ ਮਰਜੂ।
ਇਹਨਾਂ ਨੂੰ ਮੇਰੀ ਮਾਂ ਤੇ ਭੋਰਾ ਤਰਸ ਨਹੀਂ ਆਉਂਦਾ । ਜਦੋਂ ਦੇ ਮੇਰੇ ਡੈਡੀ ਗਏ ਹਨ ਮੇਰੀ ਮਾਂ ਘਰ ਵਿਚ ਇਕੱਲੀ ਹੁੰਦੀ ਹੈ ਤੇ ਸਾਰਾ ਦਿਨ ਮੈਨੂੰ ਯਾਦ ਕਰਕੇ ਪ੍ਰੇਸ਼ਾਨ ਹੁੰਦੀ ਰਹਿੰਦੀ ਹੈ। ਜਦੋਂ ਮੈਂ ਇਹਨਾਂ ਦੀ ਮਾਂ ਦੀ ਪੂਰੀ ਸੇਵਾ ਕਰਦੀ ਹਾਂ ਇਹਨਾਂ ਦੇ ਭੈਣ ਭਰਾਵਾਂ ਨਾਲ ਵਰਤਦੀ ਹਾਂ। ਵਿਆਹ ਸ਼ਾਦੀਆਂ ਤੇ ਜਾਂਦੀ ਹਾਂ। ਪਰ ਇਹ ਮੇਰੇ ਨਾਲ ਅਜਿਹਾ ਸਲੂਕ ਕਿਉਂ ਕਰਦੇ ਹਨ। ਬਸ ਇਹ ਜ਼ੁਲਮ ਬਰਦਾਸ਼ਤ ਨਹੀਂ ਹੁੰਦਾ। ਮੈਂ ਆਪਣਾ ਦੁੱਖ ਕਿਸ ਨੂ ਸੁਣਾਵਾਂ। ਉਸਦੇ ਦੁੱਖ ਦੀ ਦਾਸਤਾਨ ਸੁਣ ਦੇ ਭੂਆ ਨੂੰ ਗੱਲ ਕੁਝ ਸਮਝ ਜਿਹੀ ਆ ਗਈ ।
ਬੇਟਾ ਤੇਰਾ ਦਰਦ ਤੇ ਗੁੱਸਾ ਜਾਇਂਜ ਹੈ। ਮੈਂ ਤੇਰੀਆਂ ਭਾਵਨਾਵਾਂ ਸਮਝਦੀ ਹਾਂ। ਪਰ ਦੀਪੀ ਬੇਟੀ ਤੂੰ ਮੇਰੇ ਵੱਲ ਵੇਖ ਮੇਰੀ ਵੱਡੀ ਭੈਣ ਵੱਲ ਵੇਖ। ਪੇਕਿਆਂ ਦਾ ਸਹਾਰਾ ਤਾਂ ਕਦੇ ਅਸੀਂ ਨਹੀਂ ਤੱਕਿਆ। ਰੱਬ ਨੇ ਜਿਸ ਭਾਣੇ ਵਿਚ ਰੱਖਿਆ ਉਸ ਦੀ ਰਜਾ ਮੰਨ ਕੇ ਖੁਸ਼ ਰਹਿੰਦੀਆਂ ਹਾਂ। ਪਹਿਲਾਂ ਤਾਂ ਰੱਬ ਨੇ ਸਾਡੀ ਕੁੱਖ ਹੀ ਸੁੱਨੀ ਰੱਖੀ। ਘਰ ਵਿਚ ਕਿਲਕਾਰੀਆਂ ਸੁਣਨ ਨੂੰ ਤਰਸ ਗਏ। ਦੋਵੇਂ ਮੀਆਂ ਬੀਵੀ ਜਿੰਦਗੀ ਇਕ ਦੂਜੇ ਨੂੰ ਵੇਖ ਕੇ ਕੱਟਦੇ ਰਹੇ । ਕਦੇ ਰੱਬ ਨੂੰ ਗਿਲਾ ਨਾ ਕੀਤਾ। ਰੱਬ ਸਾਰਿਆਂ ਨੂੰ ਮੁੰਡੇ ਕੁੜੀਆਂ ਦਿੰਦਾ ਰਿਹਾ ਪਰ ਸਾਡੇ ਵਾਰੀ ਉਸਨੇ ਸਾਡੀ ਇਕ ਨਾ ਸੁਣੀ । ਮੁੰਡਾ ਨਾ ਸਹੀ ਕੋਈ ਕੁੜੀ ਹੀ ਦੇ ਦਿੰਦਾ। ਘਰ ਵਿਚ ਰੌਣਕ ਹੋ ਜਾਂਦੀ। ਫਿਰ ਵੀ ਰੱਬ ਦੀ ਰਜ਼ਾ ਵਿਚ ਰਹੀਆਂ। ਪਰ ਰੱਬ ਨੂੰ ਸਾਡੇ ਨਾਲ ਏਨੀ ਕਰਕੇ ਵੀ ਸਬਰ ਨਾ ਆਇਆ । ਫੇਰ ਸਾਡੇ ਸਿਰ ਦੇ ਸਾਈਂ ਨੂੰ ਵੀ ਸਾਡੇ ਕੋਲੋਂ ਖੋਹ ਲਿਆ । ਅਸੀਂ ਕੱਲੀਆਂ ਰਹਿ ਕੇ ਆਪਣੀ ਜਿੰਦਗੀ ਪੂਰੀ ਕਰ ਰਹੀਆਂ ਹਾਂ ਅਸੀਂ ਕਦੇ ਪੇਕਿਆਂ ਦਾ ਸਹਾਰਾ ਨਹੀਂ ਤੱਕਿਆ । ਜਿੰਨੀ ਦੇਰ ਮਾਂ ਬੈਠੀ ਸੀ ਕਦੇ ਕਦੇ ਮਿਲਣ ਆ ਜਾਈਦਾ ਸੀ। ਮਾਂ _ ਪਿਉ ਦੇ ਮਰਨ ਤੋਂ ਬਾਅਦ ਅਸੀਂ ਭਰਾ ਭਰਜਾਈਆਂ ਜੋਗੀਆਂ ਰਹਿ ਗਈਆਂ।
ਹੁਣ ਤਾਂ ਰੱਬ ਨੇ ਭਰਾ ਵੀ ਖੋਹ ਲਿਆ ਤੇ ਕਹਿੰਦੇ ਹਨ ਭਤੀਜੇ ਤਾਂ ਤੀਜੇ ਹੁੰਦੇ ਹਨ। ਸਾਡਾ ਪੇਕਿਆਂ ਤੇ ਕੋਈ ਜ਼ੋਰ ਨਹੀਂ ਰਿਹਾ। ਤੂੰ ਤਾਂ ਸੁਖ ਨਾਲ ਭਾਗ ਭਰੀ ਹੈ। ਤੇਰਾ ਘਰ ਬਾਰ ਬਾਲ ਬੱਚੇ ਸਭ ਕੁਝ ਹੈ। ਤੂੰ ਪੇਕਿਆਂ ਦਾ ਸਹਾਰਾ ਕਿਉਂ ਤੱਕਦੀ ਹੈਂ। ਪੇਕਿਆਂ ਵੱਲ ਤਾਂ ਸਾਡੇ ਵਰਗੀਆਂ ਵਿਧਵਾਵਾਂ ਤੇ ਬੇ ਔਲਾਦਾਂ ਵੀ ਨਿਰਭਰ ਨਹੀਂ ਹੁੰਦੀਆਂ। ਤੇਰੀ ਪ੍ਰੇਸ਼ਾਨੀ ਤਾਂ ਹੈ ਹੀ ਕੁਝ ਨਹੀਂ। ਤੂੰ ਆਪਣੇ ਘਰ ਜਾ ਤੇ ਸੁਖੀ ਰਹਿ ਤੇ ਪਰਮਾਤਮਾ ਦਾ ਸ਼ੁਕਰ ਕਰ। ਭੂਆ ਨੇ ਦੀਪੀ ਨੂੰ ਸਮਝਾਇਆ।
ਮੰਮੀ ਮੇਰਾ ਬੈਗ ਦੇ ਦਿਓ ਮੈਂ ਘਰ ਜਾ ਰਹੀ ਹਾਂ ਉਹ ਪ੍ਰੇਸ਼ਾਨ ਹੁੰਦੇ ਹੋਣਗੇ। ਕਹਿੰਦੀ ਬੈਗ ਚੁੱਕ ਕੇ ਰਿਕਸ਼ੇ ਤੇ ਬੈਠ ਗਈ।
ਭੂਆ ਦੀਆਂ ਸੱਚੀਆਂ ਗੱਲਾਂ ਨੇ ਉਸਦੇ ਦਿਮਾਗ ਦੀਆਂ ਖਿੜਕੀਆਂ ਖੋਲ ਦਿਤੀਆਂ
ਰਮੇਸ਼ ਸੇਠੀ ਬਾਦਲ
ਮੋ 98 766 27 233