ਫਰਬਰੀ 2012 ਦਾ ਮਹੀਨਾ ਮੇਰੇ ਲਈ ਕਹਿਰ ਦਾ ਮਹੀਨਾ ਸੀ। ਕਿਉਂਕਿ ਸੋਲਾਂ ਫਰਬਰੀ ਨੂੰ ਮੇਰੇ ਮਾਤਾ ਦੀ ਨੇ ਆਖਰੀ ਸਾਂਹ ਲਿਆ ਸੀ ਤੇ ਉਸ ਤੋਂ ਪਹਿਲਾਂ ਤੇਰਾਂ ਫਰਬਰੀ ਨੂੰ ਮੇਰੇ ਜੀਜਾ ਜੀ ਸਾਨੂੰ ਛੱਡ ਕੇ ਚਲੇ ਗਏ ਸਨ। ਪਰਿਵਾਰ ਵਿੱਚ ਵੱਡਾ ਹੋਣ ਦੇ ਨਾਤੇ ਮੈਂ ਦੂਸਰਿਆਂ ਨੂੰ ਹੌਸਲਾ ਦਿੰਦਾ ਰਿਹਾ ਤੇ ਆਪਣੇ ਅੰਦਰੋਂ ਗਮ ਨੂੰ ਭੁਲਾ ਨਾ ਸਕਿਆ। ਮੈਨੂੰ ਜਿਵੇਂ ਵਧੀਆ ਕੱਪੜਿਆਂ ਤੋਂ ਨਫਰਤ ਹੋ ਗਈ। ਮੈਂ ਨਵੇਂ ਕੱਪੜੇ ਸਿਲਵਾਉਣ ਤੋਂ ਕਿਨਾਰਾ ਵੱਟਣ ਲੱਗਿਆ। ਤੇ ਮੁੜ ਮੁੜ ਪੁਰਾਣੇ ਕਪੜੇ ਹੀ ਪਾਉਣ ਲੱਗਿਆ। ਮੇਰੇ ਕੋਲ ਪੈਂਟਾਂ ਸ਼ਰਟਾਂ ਦੀ ਕੋਈ ਕਮੀ ਨਹੀਂ ਸੀ। ਤਿੰਨ ਚਾਰ ਸਾਲ ਲੰਘ ਗਏ। ਭੀੜੀਆਂ ਹੋਈਆਂ ਪੈਂਟਾਂ ਨੂੰ ਦਰਜ਼ੀ ਕੋਲੋ ਪਿੱਛੋਂ ਖੁਲਵਾ ਲਿਆ। ਹੁਣ ਸ਼ਰਟ ਦੇ ਥੱਲੇ ਪਿੱਛੇ ਪੈਂਟ ਵਿੱਚ ਬਣੀ ਵੀ ਜਿਹੀ ਸਾਫ ਨਜ਼ਰ ਆਉਂਦੀ।ਕਿਉਂਕਿ ਅੰਦਰਲੇ ਤੇ ਬਾਹਰਲੇ ਕਪੜੇ ਦੇ ਰੰਗ ਵਿਚ ਫਰਕ ਆ ਜਾਂਦਾ ਹੈ। ਮੇਰੇ ਕੁਝ ਸਾਥੀ ਖਾਸਕਰ ਸਹਿਕਰਮੀ ਮੈਨੂੰ ਵੇਖਕੇ ਹੱਸਦੇ ਤੇ ਪਿੱਠ ਪਿੱਛੇ ਮੇਰਾ ਮਜ਼ਾਕ ਵੀ ਉਡਾਉਂਦੇ। ਪਰ ਮੂੰਹ ਤੇ ਕੋਈ ਨਾ ਬੋਲਦਾ। ਹੁਣ ਅੰਡਰ ਗਾਰਮੈਂਟਸ ਦਾ ਬੁਰਾ ਹਾਲ ਹੋ ਗਿਆ ਸੀ। ਕੱਛੇ ਬਨੈਣਾ ਪਾਟ ਗਏ। ਸ਼ਹਿਰ ਦੀਆਂ ਸੜਕਾਂ ਵਾਂਗੂੰ ਜਗ੍ਹਾ ਜਗ੍ਹਾ ਮੋਰੀਆਂ ਨਹੀਂ ਵੱਡੇ ਵੱਡੇ ਮੋਰੇ ਹੋਗੇ। ਸ਼ਰਟਾਂ ਵਿੱਚ ਦੀ ਪਾਟੀ ਬਨੈਣ ਸਾਫ ਨਜ਼ਰ ਆਉਂਦੀ। ਬਸ ਮਨ ਦੇ ਵੈਰਾਗ ਨੂੰ ਮਹਿਸੂਸ ਕਰਨ ਦਾ ਮੇਰੇ ਕੋਲ ਆਹੀ ਤਰੀਕਾ ਸੀ। ਪੰਜ ਕੁ ਸਾਲਾਂ ਬਾਅਦ ਓਹੀ ਵੱਡੀ ਭੈਣ ਮਾਂ ਬਣਕੇ ਮੂਹਰੇ ਆਈ। ਅਤੇ ਸਰਸੇ ਤੋਂ ਮੇਰੇ ਕੱਛਿਆ ਦਾ ਕਪੜਾ ਲਿਆਈ। ਉਸਨੇ ਮੈਨੂੰ ਨਵੇਂ ਕੱਪੜੇ ਪਾਉਣ ਦੀ ਸ਼ੁਰੂਆਤ ਕਰਨ ਲਈ ਪ੍ਰੇਰਿਆ। ਇਹ ਓਹੀ ਭੈਣ ਸੀ ਜਿਸ ਦਾ ਸੁਹਾਗ ਉਜੜਿਆ ਸੀ। ਮੈਂ ਭੈਣ ਦਾ ਆਖਿਆ ਸਿਰ ਮੱਥੇ ਪ੍ਰਵਾਨ ਕੀਤਾ। ਨਵੇਂ ਕੱਪੜੇ ਸਿਲਵਾਉਣ ਦੀ ਹਾਮੀ ਭਰ ਦਿੱਤੀ। ਮਈ ਦੋ ਹਜ਼ਾਰ ਸਤਾਰਾਂ ਵਿੱਚ ਬੇਟੇ ਦਾ ਰਿਸ਼ਤਾ ਹੋ ਗਿਆ। ਨਵੀ ਬੇਟੀ ਨੇ ਟੀ ਸ਼ਰਟਾਂ ਪਾਉਣ ਦੀ ਸਲਾਹ ਦਿੱਤੀ। ਨਵੰਬਰ ਵਿੱਚ ਵਿਆਹ ਸੀ ਤੇ ਨਵੇਂ ਕੱਪੜੇ ਸਿਲਵਾਉਣ ਵਾਲੀ ਮੈਂ ਧੁੱਕੀ ਕੱਢ ਦਿੱਤੀ। ਇਸ ਤਰਾਂ ਖੁਸ਼ੀ ਤੇ ਗਮੀ ਨੂੰ ਜਾਹਿਰ ਕਰਨ ਦਾ ਮੇਰਾ ਤਰੀਕਾ ਸ਼ਾਇਦ ਸਮਾਜ ਦੇ ਕਿਸੇ ਤਬਕੇ ਨੂੰ ਪਸੰਦ ਨਾ ਆਵੇ ਪਰ ਕਈ ਵਾਰੀ ਆਪਣੇ ਮਨ ਦੇ ਸਕੂਨ ਲਈ ਮਨ ਦੇ ਅਨੁਸਾਰ ਚਲਣਾ ਵੀ ਜਰੂਰੀ ਹੋ ਜਾਂਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ