ਜ਼ਿਲਾ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਸਾਹਿਬ ਦੀ ਰਿਹਾਇਸ਼ ਤੇ ਅਜਮੇਰ ਸਿੰਘ ਨਾਮ ਦਾ ਇੱਕ ਸਾਬਕਾ ਫੌਜ਼ੀ ਸੀ ਜੋ ਟੈਲੀਫੋਨ ਅਪਰੇਟਰ ਦੀ ਪੋਸਟ ਤੇ ਤਾਇਨਾਤ ਸੀ। 1982 ਤੋਂ 94 ਤੱਕ ਮੇਰਾ ਉਸ ਦਫਤਰ ਵਿੱਚ ਕਾਫੀ ਆਉਣਾ ਜਾਣਾ ਬਣਿਆ ਹੋਇਆ ਸੀ। ਅਜਮੇਰ ਸਿੰਘ ਦਾ ਵਿਹਾਰ ਬਹੁਤ ਵਧੀਆ ਸੀ। ਉਸ ਸਮੇ ਮੋਬਾਈਲ ਫੋਨ ਦਾ ਜ਼ਮਾਨਾ ਨਹੀਂ ਸੀ। ਡੀ ਸੀ ਸਾਹਿਬ ਲਈ ਚੰਡੀਗੜ੍ਹ ਤੋਂ ਮੁੱਖ ਸਕੱਤਰ ਅਤੇ ਹੋਰ ਸਕੱਤਰਾਂ ਦੇ ਆਉਂਦੇ ਸੀ।ਜਿੰਨਾ ਨੂੰ ਅਜਮੇਰ ਸਿੰਘ ਅਪਰੇਟਰ ਹੀ ਅਟੈਂਡ ਕਰਦਾ ਸੀ। ਉਹ ਹੀ ਡੀ ਸੀ ਸਾਹਿਬ ਨਾਲ ਗੱਲ ਕਰਵਾਉਂਦਾ।ਤੇ ਸਾਹਿਬ ਦੀ ਗ਼ੈਰ ਮੌਜੂਦਗੀ ਵਿੱਚ ਅਫਸਰਾਂ ਦੇ ਸੰਦੇਸ਼ ਨੋਟ ਕਰਦਾ। ਉਸ ਦਾ ਗੱਲ ਸੁਣਨ ਅਤੇ ਕਹਿਣ ਦਾ ਅੰਦਾਜ਼ ਬਹੁਤ ਵਧੀਆ ਸੀ। ਜੀ ਜਨਾਬ ਜੀ ਜਨਾਬ ਕਹਿੰਦਾ ਸੀ। ਵੱਡੀ ਉਮਰ ਹੋਣ ਦੇ ਬਾਵਜੂਦ ਉਸਦੀ ਸੁਣਨ ਤੇ ਸਮਝਣ ਦੀ ਸ਼ਕਤੀ ਜਬਰਦਸਤ ਸੀ। ਸਬਤੋਂ ਵੱਡੀ ਗੱਲ ਉਹ ਕੋਈ ਲਾਲਚ ਨਹੀਂ ਸੀ ਕਰਦਾ। ਕਿਉਂਕਿ ਮੈਂ ਦੂਰੋਂ ਜਾਂਦਾ ਸੀ ਉਹ ਪਾਣੀ ਪਿਲਾਉਂਦਾ ਕਦੇ ਕਦੇ ਚਾਹ ਵੀ ਪਿਲਾ ਦਿੰਦਾ। ਮੈਂ ਉਸਨੂੰ ਦਸ ਦਾ ਨੋਟ ਦੇਣ ਦੀ ਕੋਸ਼ਿਸ਼ ਕਰਦਾ ਤਾਂ ਬਹੁਤ ਹੀ ਨਾ ਨੁਕਰ ਨਾਲ ਫੜਦਾ। ਅਜਮੇਰ ਸਿੰਘ ਦੀ ਕੋਈ ਬੜਿੰਗ ਖੇੜੇ ਰਿਸ਼ਤੇਦਾਰੀ ਸੀ। ਇਸ ਲਈ ਵੀ ਉਹ ਅਪਣੱਤ ਰੱਖਦਾ ਸੀ। ਉਸੇ ਦਫਤਰ ਵਿੱਚ ਇੱਕ ਓਮ ਪ੍ਰਕਾਸ਼ ਨਾਮ ਦਾ ਪੀਏ ਕਮ ਸਟੈਨੋ ਵੀ ਸੀ ਜੋ ਜੈਤੋ ਮੰਡੀ ਤੋਂ ਸੀ। ਉਹ ਬਹੁਤ ਲਾਲਚੀ ਸੀ। ਸਾਰਾ ਸਾਲ ਉਸਦੀ ਡਾਇਰੀਆਂ ਦੀ ਮੰਗ ਹੀ ਖਤਮ ਨਹੀਂ ਸੀ ਹੁੰਦੀ। ਓਹ ਹਰ ਮਿਲਣਵਾਲੇ ਦੀ ਜੇਬ ਵੱਲ ਨਿਗ੍ਹਾ ਰੱਖਦਾ ਸੀ। ਉਸਨੂੰ ਕਈ ਅਫਸਰ ਚੋਗਾ ਪਾਉਂਦੇ ਮੈਂ ਅੱਖੀਂ ਵੇਖੇ ਸਨ। ਸ੍ਰੀ ਭੁਪਿੰਦਰ ਸਿੰਘ ਸਿੱਧੂ , ਸਰਵੇਸ਼ ਕੌਸ਼ਲ, ਨਿਰਮਲਜੀਤ ਸਿੰਘ ਕਲਸੀ, ਵਿਜੈ ਕੈਨ, ਆਰ ਸੀ ਨਈਅਰ ਵਰਗੇ ਸੂਝਵਾਨ ਅਫਸਰ ਬਤੌਰ ਡਿਪਤੀ ਕਮਿਸ਼ਨਰ ਆਏ। ਇਹਨਾਂ ਦਾ ਵਿਹਾਰ ਮੁਲਾਜਮਾਂ ਅਤੇ ਜਨਤਾ ਨਾਲ ਬਹੁਤ ਚੰਗਾ ਰਿਹਾ। ਬਾਕੀ ਸਟਾਫ ਵਿੱਚ ਤਾਂ ਖੱਟੇ ਮਿੱਠੇ ਲੋਕ ਹੁੰਦੇ ਹੀ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ