ਹਰ ਕਿਸੇ ਦੀ ਜਿੰਦਗੀ ਵਿੱਚ ਕੁਝ ਪਲ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਯਾਦ ਕਰ ਸਾਡੇ ਉਦਾਸ ਚਿਹਰੇ ਉੱਤੇ ਵੀ ਹਾਸਾ ਆ ਜਾਂਦਾ ਹੈ ।
ਮੇਰਾ ਸਾਰਾ ਬਚਪਨ ਹੀ ਐਵੇ ਦੇ ਖੂਬਸੂਰਤ ਪਲਾਂ ਵਿੱਚ ਗੁਜਰਿਆ ।ਕਿੰਨੇ ਚੰਗੇ ਦਿਨ ਹੁੰਦੇ ਸੀ ਉਦੋਂ ।ਹੁਣ ਦੀ ਤਰ੍ਹਾਂ ਰੋਕ ਟੋਕ ਜਾਂ ਕੋਈ ਬੰਦਿਸ਼ ਨਹੀਂ ਸੀ ।ਸਾਂਝੇ ਪਰਿਵਾਰ ਸੀ ।ਘਰ ਵਿੱਚ ਹੀ ਖੇਡਣ ਲਈ ਬਹੁਤ ਬੱਚੇ ਹੁੰਦੇ ਸੀ ।
ਕਿੰਨਾ ਪਿਆਰਾ ਬਚਪਨ ਸੀ ਕਾਸ਼ ਕਦੇ ਵਾਪਸ ਆ ਸਕਦਾ ਤਾਂ ਮੈ ਫਿਰ ਇਕ ਵਾਰ ਉਸ ਬਚਪਨ ਵਿੱਚ ਮਸਤੀ ਕਰਨ ਜਰੂਰ ਜਾਂਦੀ ।
ਬਚਪਨ ਦੇ ਅਣਭੋਲ ਮਨ ਸਭ ਮੁਸ਼ਕਿਲਾ ਤੋ ਬੇਫਿਕਰੇ ਹੋ ਉਡਾਰੀ ਭਰਦੇ ਸੀ ।ਸਕੂਲ ਤੋਂ ਵਾਪਸ ਆ ਕੇ ਜਲਦੀ ਜਲਦੀ ਕੰਮ ਕਰਨਾ ਤੇ ਫਿਰ ਖੇਡਣ ਲਈ ਖੂਹ ਵਾਲੀ ਮੋਟਰ ਉੱਤੇ ਜਾਣਾ ।ਉਥੇ ਜਾ ਕੇ ਹਰ ਰੋਜ ਬਦਲ ਬਦਲ ਖੇਡਾਂ ਖੇਡਣੀਆ ।ਜਿਵੇਂ ਬਾਂਦਰ ਕਿਲਾ ,ਪਿੱਠੂ ਗਰਮ,ਕੋਟਲਾ ਛਪਾਕੀ ,ਲੁਕਣ ਮੀਟੀ ,ਡੀਟੇ ਆਦਿ ।
ਸ਼ਾਮ ਨੂੰ ਮੋਟਰ ਤੇ ਨਹਾ ਕੇ ਘਰ ਆਉਦੇ ਸੀ ।ਘਰ ਆ ਸਭ ਨੇ ਆਪਣੀ ਆਪਣੀ ਰਾਮ ਕਹਾਣੀ ਘਰਦਿਆਂ ਨੂੰ ਸੁਣਾਉਣੀ ।ਕਿਦਾਂ ਚੁੱਲੇ ਅੱਗੇ ਬੈਠ ਰੋਟੀ ਖਾਣੀ ਨਾਲੇ ਅੱਧੀ ਰਾਤ ਤੱਕ ਗੱਲਾਂ ਕਰਨੀਆਂ ।
ਵਾਢੀਆ ਵੇਲੇ ਜਿੱਦ ਕਰ ਕਦੇ ਤਾਏ ਅਤੇ ਕਦੇ ਚਾਚੇ ਨਾਲ ਖੇਤ ਚੱਲ ਜਾਣਾ ।ਉਥੇ ਹਰ ਸਮੇਂ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਉਹਨਾਂ ਨਾਲ ਕੰਮ ਕਰਾਈ ਜਾਣਾ ।ਘਰ ਆ ਚਾਅ ਚੜ ਜਾਣਾ ਕਿ ਮਾਂ ਮੈਂ ਵੀ ਕੰਮ ਕਰਵਾਇਆ ਏ ਮੈਨੂੰ ਵੀ ਚੂਰੀ ਦੇਣੀ ਆ ।
ਜਦ ਕੋਈ ਵਿਆਹ ਹੋਣਾ ਘਰ ਵਿੱਚ ਤਾਂ ਅਸੀਂ ਸਾਰੇ ਬੱਚਿਆਂ ਰਲ ਕੇ ਖੂਬ ਮਸਤੀ ਕਰਨੀ ਕਦੇ ਵੀ ਸੌਦੇ ਨੀ ਰਾਤ ਨੂੰ ।ਮਾਂ ਨੇ ਕਹਿਣਾ ਇਨ੍ਹਾਂ ਵਿਹਲੜਾ ਨੂੰ ਨੀਂਦ ਕਿਥੇ ,ਅਸੀ ਸਾਰਾ ਦਿਨ ਕੰਮ ਕੀਤਾ ਸਾਨੂੰ ਥੱਕਿਆ ਨੂੰ ਸੌਣ ਨੀ ਦਿੰਦੇ । ਮਾਂ ਜਾ ਚਾਚੀ ਨੇ ਝਿੜਕਣ ਲਈ ਕਦੀ ਜੁੱਤੀ ਜਾ ਡੰਡਾ ਚੁੱਕਣਾ ,ਹਾਹਾਹਾਹਾ ਕਰ ਕੇ ਇਕ ਮੰਜੇ ਤੋਂ ਦੂਜੇ ਮੰਜੇ ਤੇ ਛਾਲਾਂ ਮਾਰਦੇ ਰਹਿੰਦੇ ਸੀ।
ਐਤਵਾਰ ਵਾਲੇ ਦਿਨ ਤਾਂ ਬਹੁਤ ਪੰਗਾ ਪੈਦਾ ਸੀ ।ਮਾਂ ਜਾ ਚਾਚੀ ,ਤਾਈ ਨੇ ਕੰਮ ਕਰ ਕੇ ਸਿਰ ਨਹਾਉਣਾ ਹੁੰਦਾ ਸੀ ।ਸਭ ਨੂੰ ਜਲਦੀ ਹੁੰਦੀ ਸੀ ਕਿ ਸ਼ਕਤੀਮਾਨ ਆਉਣ ਤੋਂ ਪਹਿਲਾਂ ਮੈ ਨਹਾਉਣਾ ।ਜੇ ਉਨ੍ਹਾਂ ਕਿਸੇ ਹੋਰ ਨੂੰ ਪਹਿਲਾਂ ਨਹਾਉਣ ਲੱਗ ਜਾਣਾ ਤਾਂ ਦੂਜੇ ਨੇ ਲਿਟਣਾ ।।ਮੈਨੂੰ ਨੀ ਪਤਾ ਮੇਰੀ ਵਾਰੀ ਪਹਿਲਾਂ ਸੀ । ਫਿਰ ਸਾਬਣ ਚੱਕ ਮੋਟਰ ਤੇ ਧਾਰ ਹੇਠਾਂ ਸਿਰ ਕਰ ਕੇ ਕਚਲ ਵਿਚਲਾ ਜਿਹਾ ਸਿਰ ਧੋ ਕਹਿਣਾ ਬੱਸ ਹੁਣ ਮੈਂ ਧੋ ਲਿਆ ।ਮਾਂ ਨੇ ਡੰਡਾ ਚੁੱਕ ਕਹਿਣਾ ਆਜਾ ਸਿੱਧੀ ਤਰ੍ਹਾਂ ਨਹੀਂ ਦੂਜੀ ਤਰ੍ਹਾਂ ਲਿਆ ਕੇ ਨਵਾਉਣਾ ।ਦੂਜੀ ਤਰ੍ਹਾਂ ਦਾ ਮਤਲਬ ਹੁੰਦਾ ਸੀ ਮਿੱਟੀ ਮਲ ਕੇ ਨਹਾਉਣਾ ।ਜਿਸ ਨਾਲ ਐਵੇ ਹੁੰਦੀ ਸੀ ਉਸ ਨੂੰ ਬਹੁਤ ਛੇੜਦੇ ਸੀ ਤਾਂ ਡਰਦੇ ਚੁੱਪ ਚਾਪ ਨਹਾਉਣ ਲਈ ਮਾਂ ਅੱਗੇ ਬੈਠ ਜਾਂਦੇ ਸੀ ।
ਛੁੱਟੀ ਵਾਲੇ ਦਿਨ ਜਦ ਚਾਚੀ ਜਾਂ ਤਾਈ ਨੇ ਮੋਟਰ ਤੇ ਕੱਪੜੇ ਧੋਣੇ ਤਾਂ ਪਾਣੀ ਵਿੱਚ ਹੱਥ ਮਾਰ ਮਾਰ ਉਹਨਾਂ ਦੇ ਕੱਪੜੇ ਗਿੱਲੇ ਕਰ ਦੇਣੇ ।ਤਾਈ ਤਾਂ ਫਿਰ ਥਾਪਾ ਲੈ ਕੇ ਪਿੱਛੇ ਭੱਜਦੀ ਸੀ ।ਜਦ ਤਾਈ ਭੱਜ ਕੇ ਥੱਕ ਜਾਣਾ ਅਸੀ ਫਿਰ ਓਹੀ ਹਾਲ ਕਰਨਾ ।ਇਕ ਵਾਰ ਅਸੀਂ ਸਾਰੇ ਮਿਲ ਕੇ ਏਵੇ ਤੰਗ ਕਰ ਰਹੇ ਸੀ ਤਾਈ ਨੂੰ ।ਤਾਈ ਨੇ ਚਾਚੇ ਨੂੰ ਦੱਸਤਾ ਇਹ ਕੱਪੜੇ ਨੀ ਧੋਣ ਦਿੰਦੇ , ਚਾਚੇ ਅਤੇ ਤਾਏ ਨੇ ਦੋ ਟੋਕਰੀਆ ਲੈ ਕੇ ਸਾਨੂੰ ਉਹਨਾਂ ਵਿੱਚ ਬਿਠਾ ਦਿੱਤੀ ।ਅਸੀਂ ਸਾਰੇ ਪਹਿਲਾਂ ਤਾਂ ਹੱਸੀ ਗਏ ਪਰ ਜਦ ਚਾਚੇ ਕਿਹਾ ਖੂਹ ਵਿੱਚ ਲਮਕਾਉਣਾ ਤਾਂ ਲਾ ਕੇ ਜੁੜਾੜ ਭੱਜ ਤੁਰੇ ।ਤਾਇਆ ਅਤੇ ਚਾਚਾ ਪਿੱਛੇ ਅਸੀ ਵਾਹਨੋ ਵਾਹਨ ਹੁੰਦੇ ਹੋਏ ਨਹਿਰ ਵਾਲੇ ਖੇਤ ਦਾ ਪਹੁੰਚੇ ।ਫਿਰ ਚਾਚਾ ਕਹਿੰਦਾ ਕੁਝ ਨੀ ਕਹਿੰਦੇ ਘਰ ਚੱਲੋ ਤਾਂ ਕਿਤੇ ਜਾ ਕੇ ਰਾਤ ਨੂੰ ਘਰ ਆਏ ।
ਅਸੀਂ ਲੜਨਾ ਵੀ ਬਹੁਤ ਹੁੰਦਾ ਸੀ ਅਤੇ ਪਿਆਰ ਵੀ ਬਹੁਤ ਸੀ ।ਜਦ ਕਦੇ ਲੜ ਕੇ ਸ਼ਿਕਾਇਤ ਲਾ ਆਪਣੀ ਆਪਣੀ ਮਾਂ ਕੋਲ ਜਾ ਕੇ ਰੋਦੇ ਸੀ ਵੀ ਮੈਨੂੰ ਇਹਨੇ ਮਾਰਿਆ ਤਾਂ ਮਾਂ ਜਾ ਚਾਚੀ ਹੁਣੀ ਆਪਸ ਵਿੱਚ ਕਦੇ ਨੀ ਲੜੀਆਂ ਸੀ ਵੀ ਇਹਨਾਂ ਫਿਰ ਇਕੱਠੇ ਖੇਡਣਾ ।ਪਰ ਜੇ ਅਸੀਂ ਫਿਰ ਵੀ ਸ਼ਿਕਾਇਤ ਕਰਨੋ ਨਹੀਂ ਹੱਟਦੇ ਸੀ ਤਾਂ ਮਾਂ ਜਾਂ ਚਾਚੀ ,ਤਾਈ ਦਾ ਗੁੱਸਾ ਆਵਦੇ ਬੱਚੇ ਤੇ ਨਿਕਲਦਾ ਸੀ ਜਦ ਐਵੇ ਇਕ ਦੂਜੇ ਨੂੰ ਕੁੱਟ ਪੈ ਜਾਦੀ ਸੀ ਤਾਂ ਦੁੱਖ ਬਹੁਤ ਲੱਗਦਾ ਸੀ ।ਦੱਸਦੇ ਨਹੀਂ ਸੀ ਪਰ ਉਸ ਦਿਨ ਭੁੱਖ ਮਰ ਜਾਂਦੀ ਸੀ ।ਫਿਰ ਸਭ ਝਿੜਕਦੇ ਕਹਿੰਦੇ ਸੀ ਜੇ ਐਨਾ ਹੇਜ ਆਉਦਾ ਤਾਂ ਨਾ ਪੁੱਠੇ ਕੰਮ ਕਰਿਆ ਕਰੋ ।
ਸ਼ਾਮ ਨੂੰ ਅਸੀ ਸਭ ਮਿਲ ਕੇ ਮੋਟਰ ਤੇ ਡੰਗਰ ਨਹਾਉਦੇ ਹੁੰਦੇ ਸੀ ਜਦ ਕੋਈ ਡੰਗਰ ਭੱਜ ਜਾਦਾ ਸੀ ਤਾਂ ਉਸ ਪਿੱਛੇ ਝੋਨੇ ਵਿੱਚ ਭੱਜੇ ਫਿਰਦੇ ਸੀ ।ਡੰਗਰ ਨਹਾਉਦੇ ਜਦ ਕਦੇ ਮੋਟਰ ਬੰਦ ਹੋ ਜਾਣੀ ਤਾਂ ਕਮਲਿਆ ਵਾਂਗ ਵਾਰੀ ਬੰਨਦੇ ਸੀ ਕਿ ਕਦ ਖੂਹੀ ਵਿੱਚ ਜਾ ਕੇ ਮੋਟਰ ਦੀ ਹਵਾ ਕੱਢਾ ਕੇ ਮੋਟਰ ਚਲਾਵਾਗੇ ।ਇਕ ਜਾਣਾ ਮੋਟਰ ਕੋਲ ਖੜਦਾ ਸੀ ,ਦੂਜਾ ਖੂਹੀ ਉੱਤੇ ਖੜਦਾ ਸੀ ਤੇ ਤੀਜਾ ਖੂਹੀ ਵਿੱਚ ਜਾਂ ਕੇ ਹਵਾ ਕਢਾਉਦਾ ਸੀ ਜਦ ਅਵਾਜ਼ ਦਿੰਦੇ ਸੀ ਤਾਂ ਉਪਰ ਆਉਦਾ ਸੀ ।ਖੂਹੀ ਵਿੱਚ ਗੂੰਜਦੀ ਅਵਾਜ ਬਹੁਤ ਚੰਗੀ ਲੱਗਦੀ ਸੀ, ਕਈ ਵਾਰ ਜਾਣ ਕੇ ਬੋਲੀ ਜਾਣਾ ਸੁਣਿਆ ਨੀ, ਫਿਰ ਦੱਸ ।ਉਦੋ ਕੁੜੀਆਂ ਜਾਂ ਮੁੰਡੇ ਦਾ ਸਾਡੇ ਵਿੱਚ ਕੋਈ ਫਰਕ ਨਹੀਂ ਸੀ ।ਅਸੀ ਸਾਰੇ ਮਿਲ ਕੇ ਇਕ ਦੂਜੇ ਵਾਲੇ ਕੰਮ ਕਰਦੇ ਸੀ ।
ਸੱਚੀ ਕਿੰਨੇ ਖੂਬਸੂਰਤ ਪਲ ਸੀ ,ਜੋ ਕਿਸੇ ਨੂੰ ਨਹੀਂ ਭੁੱਲੇ । ਅੱਜ ਬੇਸ਼ਕ ਉਹ ਖੂਹ , ਮੋਟਰ ਜਾਂ ਉਹ ਸਾਂਝ ਨਹੀਂ ਰਹੀ ਪਰ ਉਸ ਸਮੇਂ ਦੇ ਖੂਬਸੂਰਤ ਪਲਾਂ ਦੀ ਯਾਦ ਸਦੀਵੀ ਸਾਡੇ ਚੇਤਿਆਂ ਵਿੱਚ ਵੱਸਦੀ ਆ।