“ਤਰਬੂਜ਼ ਤਾਂ ਨਿਰੀ ਖੰਡ ਹੈ ਬਾਊ ਜੀ। ਲੋਕੀ ਤਾਂ ਕਹਿੰਦੇ ਇਹ ਇੰਨੇ ਮਿੱਠੇ ਕਿਉਂ ਹਨ?” ਸ਼ਬਜੀ ਵਾਲੇ ਰਾਜੂ ਨੇ ਮੈਨੂੰ ਫੋਨ ਤੇ ਕਿਹਾ। ਰਾਜੂ ਹਾਊਸਫੈਡ ਦੇ ਗੇਟ ਮੂਹਰੇ ਫਲਾਈਓਵਰ ਥੱਲ੍ਹੇ ਫਰੂਟ ਤੇ ਸਬਜ਼ੀ ਦਾ ਕੰਮ ਕਰਦਾ ਹੈ। ਰਾਜੂ ਖ਼ੁਦ ਮੇਰੇ ਵਾੰਗੂ ਗਾਲੜੀ ਬਹੁਤ ਹੈ ਪਰ ਬੋਲ਼ੀ ਦਾ ਮਿੱਠਾ ਹੈ। ਰਾਜੂ ਫੋਨ ਤੇ ਆਰਡਰ ਲੈਕੇ ਹਾਊਸਫੈਡ, ਗਣਪਤੀ ਇੰਕਲੇਵ ਅਤੇ ਸ਼ੀਸ਼ ਮਹਿਲ ਕਲੋਨੀ ਵਿੱਚ ਹੋਮ ਡਿਲੀਵਰੀ ਕਰਦਾ ਹੈ। ਉਂਜ ਵੀ ਉਹ ਮੰਡੀ ਚੋ ਥੋੜੀ ਜਿਹੀ ਸਬਜ਼ੀ ਛਾਂਟਕੇ ਲਿਆਉਂਦਾ ਹੈ। ਫਿਰ ਗ੍ਰਾਹਕ ਨੂੰ ਵਧੀਆ ਸਬਜ਼ੀ ਉਸਦੇ ਘਰੇ ਮੁਹਾਈਆ ਕਰਾਉਣ ਕਰਕੇ ਗ੍ਰਾਹਕ ਵੀ ਖੁਸ਼ ਤੇ ਰਾਜੂ ਵੀ। ਗ੍ਰਾਹਕ ਨੂੰ ਘਰ ਬੈਠਿਆਂ ਛਾਂਟਵੀ ਸਬਜ਼ੀ ਤੇ ਫਰੂਟ ਮਿਲ ਜਾਵੇ ਚਾਹੇ ਚਾਰ ਪੈਸੇ ਵੱਧ ਲੱਗ ਜਾਣ, ਗ੍ਰਾਹਕ ਲਈ ਘਾਟੇ ਦਾ ਸੌਦਾ ਨਹੀਂ।
“ਯਾਰ ਤੂੰ ਆਪ ਆਲਿਆਂ ਵਾੰਗੂ ਹਰ ਚੀਜ਼ ਦੀ ਗਰੰਟੀ ਨਾ ਦਿਆ ਕਰ।” ਮੈਂ ਉਸ ਨੂੰ ਟੋਕਿਆ। “ਉਸ ਦਿਨ ਤੇਰਾ ਨਿਰੀ ਖੰਡ ਬੋਲਿਆ ਖਰਬੂਜਾ ਜਵਾਂ ਫਿੱਕਾ ਤੇ ਪੋਲਾ ਸੀ।” ਮੌਕਾ ਵੇਖਕੇ ਪਿਛਲੇ ਮਹੀਨੇ ਵਾਲਾ ਪੈਂਡਿੰਗ ਉਲਾਂਭਾ ਮੈਂ ਉਸ ਵਲ ਧੱਕ ਦਿੱਤਾ। ਕੁਝ ਦੇਰ ਲਈ ਉਹ ਬੋਲਦਾ ਬੋਲਦਾ ਚੁੱਪ ਕਰ ਗਿਆ।
“ਪਰ ਬਾਊ ਜੀ ਇਹ ਤਰਬੂਜ਼ ਨਹੀਂ ਸੈਂਚਰੀ ਹੈ। ਨਿਰੀ ਖੰਡ।” ਉਸਨੇ ਦੱਸਿਆ। ਰਾਜੂ ਭਗਵਾਨ ਸ਼ਿਵ ਦਾ ਅੰਧਭਗਤ ਹੈ। ਤੇ ਪਰ ਤੇਜ ਵੀ ਬਹੁਤ ਹੈ।ਉਸਦੀ ਸੇਲਜਮੈਨਸਿਪ ਵਧੀਆ ਹੈ।
“ਸੋਂਹ ਦੇਈਏ ਜੀਅ ਦੀ, ਨਾ ਪੁੱਤ ਦੀ ਨਾ ਧੀ ਦੀ।” ਮੈ ਉਸਨੂੰ ਸਮਝਾਇਆ। ਕਿਉਂਕਿ ਬਿਨਾਂ ਕੱਟੇ ਤੇ ਖਾਧੇ ਫਲ ਬਾਰੇ ਗਰੰਟੀ ਦੇਣਾ ਗਲਤ ਹੈ। ਉਹ ਕਿਹੜਾ ਫਲ ਦੇ ਅੰਦਰ ਵੜਿਆ ਹੁੰਦਾ ਹੈ। ਮੇਰੇ ਪਾਪਾ ਜੀ ਕਹਿੰਦੇ ਹੁੰਦੇ ਸਨ ਕਿ ਜਿਸਨੇ ਛੇ ਮਹੀਨੇ ਸਬਜ਼ੀ ਦਾ ਕੰਮ ਕਰ ਲਿਆ ਉਹ ਜਿੰਦਗੀ ਵਿੱਚ ਕਦੇ ਮਾਰ ਨਹੀਂ ਖਾਂਦਾ। ਇਹ ਧੰਦਾ ਹੀ ਤੇਜੀ ਤੇ ਚਲਾਕੀ ਦਾ ਹੈ। ਵੈਸੇ ਤਾਂ ਹਰ ਦੁਕਾਨਦਾਰੀ ਲਈ ਬੰਦਾ ਹੁਸ਼ਿਆਰ ਤੇ ਨਿਪੁੰਨ ਹੋਣਾ ਚਾਹੀਦਾ ਹੈ ਲੋਲਾ ਨਹੀਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ