ਖੁੰਢ ਚਰਚਾ।
ਉਹ ਦਿਨ ਕਿੰਨੇ ਵਧੀਆ ਸੀ ਜਦੋਂ ਸਾਧਾਂ ਵਾਲਾ ਬਾਣਾ ਪਾਕੇ ਅਲੋਮ ਵਿਲੋਮ ਸਿਖਾਉਣ ਵਾਲੇ ਵਪਾਰੀ ਬਾਬੇ ਨੇ ਜਨਤਾ ਨੂੰ ਕਿਹਾ ਚਿੰਤਾ ਛੱਡੋ ਪੈਟਰੋਲ 35 ਰੁਪਏ ਲਿਟਰ ਹੋਵੇਗਾ। ਕਾਲਾ ਧਨ ਵਾਪਿਸ ਆਵੇਗਾ। ਹਰ ਇੱਕ ਦੇ ਹਿੱਸੇ ਪੰਦਰਾਂ ਲੱਖ ਆਉਣ ਗੇ। ਤੁਸੀਂ ਇਸ ਫਕੀਰ ਨੂੰ ਵੋਟ ਪਾਓ। ਕਾਂਗਰਸ ਨੇ 70 ਸ਼ਾਲਾਂ ਵਿੱਚ ਕੀ ਕੀਤਾ। ਗੱਲ ਉਸਦੀ ਸ਼ਹੀ ਸੀ। ਬੜੀ ਸਲੀਕੇਦਾਰ ਭਾਸ਼ਾ ਬੋਲਣ ਵਾਲਾ ਝੋਲੇ ਵਾਲਾ ਫਕੀਰ ਸਾਨੂੰ ਚੰਗਾ ਲੱਗਿਆ ਤੇ ਅਸੀਂ ਉਸਦੇ ਫ਼ੀਟਰ ਰੇਹੜੇ ਤੇ 303 ਸਾਂਸਦ ਚੜਾ ਦਿੱਤੇ। ਕਈ ਉਹ ਵੀ ਤਰ ਗਏ ਜਿੰਨਾ ਦੇ ਆਖੇ ਘਰੇ ਮਨਪਸੰਦ ਸਬਜ਼ੀ ਵੀ ਨਹੀਂ ਸੀ ਬਣਦੀ। ਪੰਜਾਬ ਵਿਚੋਂ ਕੱਢਿਆ ਨਚਾਰ ਕਾਂ ਵੀ ਦਿੱਲੀ ਜਾਕੇ ਜਾਤ ਪਾਤ ਦਾ ਚੋਲਾ ਪਾਕੇ ਹੰਸ ਬਣ ਗਿਆ।
ਮਹਿੰਗਾਈ ਫੱਟੇ ਚੁੱਕਣ ਲੱਗੀ ਹੈ। ਪੈਟਰੋਲ 100 ਤੇ ਗੈਸ 1000 ਦੇ ਨੇੜੇ। ਡੀਜ਼ਲ ਜੋ ਕਿਸਾਨ ਤੇ ਛੋਟੇ ਉਦਯੋਗਪਤੀਆ ਹਲਵਾਈਆਂ ਦੇ ਵਰਤੋਂ ਦਾ ਇੰਧਨ ਸੀ ਪੈਟਰੋਲ ਦੇ ਬਰਾਬਰ ਖੜਾ ਕਰ ਦਿੱਤਾ। ਯਾਨੀ ਗਧਾ ਘੋੜਾ ਇਕ ਕਰ ਦਿੱਤਾ। ਕਿਧਰ ਜਾਣ ਕਿਸਾਨ ਤੇ ਗਰੀਬ ਲੋਕ। ਜੇ ਓਹ ਅੰਦੋਲਨ ਕਰਦੇ ਹਨ ਤਾਂ ਉਹ ਪਰਜੀਵੀ ਹਨ। ਜਿਹੜਾ ਬੋਲੇ ਉਹ ਦੇਸ਼ਧ੍ਰੋਹੀ। ਦੇਸ਼ ਭਗਤ ਉਹ ਹਨ ਜੋ ਅੰਨ੍ਹੇ ਬੋਲੇ ਹਨ। ਇਕ ਗੰਢਾ ਪੰਜ ਰੁਪਏ ਦਾ। ਸਰੋ ਦਾ ਤੇਲ ਡੇਢ ਸੌ ਦੇ ਨੇੜੇ। ਰੇਲਾਂ ਦੇ ਕਿਰਾਏ ਦੁਗਣੇ। ਕੋਈ ਚੀਜ਼ ਸਸਤੀ ਨਹੀਂ। ਅਖੇ ਖਾਓ ਦਾਲ ਜਿਹੜੀ ਨਿਭੇ ਨਾਲ। ਪਰ ਓਹ ਵੀ ਸਸਤੀ ਨਹੀਂ।
ਸ਼ਾਇਦ ਦੇਸ਼ ਵਿਚ ਮੋਮ ਬੱਤੀਆ ਬਨਣੋ ਹੱਟ ਗਈਆਂ। ਕਿਧਰ ਗਏ ਕੈਂਡਲ ਮਾਰਚ ਕੱਢਣ ਵਾਲੇ ਭਗਤ। ਕਮੀਜ਼ਾਂ ਉਤਾਰ ਕੇ ਪ੍ਰਦਰਸ਼ਨ ਕਰਨ ਵਾਲੇ। ਲੁੱਟ ਕੇ ਖਾ ਗਈ ਕਾਂਗਰਸ ਦੇਸ਼ ਨੂੰ। ਪਰ ਉਸਨੇ ਸੱਤਰ ਸਾਲ ਚ ਓਹਨਾ ਨਹੀਂ ਲੁੱਟਿਆ ਜਿੰਨਾ ਤੁਸੀਂ ਸੱਤ ਸਾਲਾਂ ਵਿਚ ਲੁੱਟ ਲਿਆ। ਨਸ਼ੇ ਵਾਲੇ ਪੁੱਤ ਵਾਂਗੂ ਸਾਰਾ ਦੇਸ਼ ਵੇਚ ਦਿੱਤਾ। ਰੇਲ ਦੇ ਸਟੇਸ਼ਨ ਤੋਂ ਲ਼ੈ ਕੇ ਜਹਾਜਾਂ ਦੇ ਅੱਡੇ। ਰੇਲਾਂ ਤੇ ਹਵਾਈ ਕੰਪਨੀਆਂ। ਬੀਮੇ ਕੰਪਨੀਆਂ ਤੋਂ ਲੈਕੇ ਬੈੰਕ। ਲਾਲ ਕਿਲੇ ਨੂੰ ਵੀ ਨਹੀਂ ਬਖਸ਼ਿਆ। ਰਹਿ ਗਿਆ ਤਾਜ ਮਹਿਲ ਯ ਵੇਚ ਦੇਣਾ ਹੈ ਯ ਫਿਰ ਸ਼ਿਵ ਮੰਦਿਰ ਬਣਾ ਦੇਣਾ ਹੈ। ਅਜੇ ਵੀ ਪੁੱਛਦੇ ਹਨ ਕਾਂਗਰਸ ਨੇ ਕੀ ਬਣਾਇਆ। ਸਾਡੀ ਕੰਮ ਵਾਲੀ ਕਹਿਂਦੀ ਜੇ ਦੱਸ ਦਿੱਤਾ ਤਾਂ ਇਹ ਉਹ ਵੀ ਵੇਚ ਦੇਵੇਗਾ। ਦੱਸੀਓ ਨਾ।
ਇਹ ਗੱਲ ਨਹੀਂ ਕਿ ਭਗਤਾਂ ਨੂੰ ਮਹਿੰਗਾਈ ਦਾ ਸੇਕ ਨਹੀਂ ਪਹੁੰਚਦਾ। ਪਰ ਵਿਚਾਰੇ ਬੋਲ ਨਹੀਂ ਸਕਦੇ। ਕਿਉਂਕਿ ਉਹ ਭਗਤ ਹਨ। ਕਿਸੇ ਦੀ ਕੁਰਸੀ ਕਿਸੇ ਦੇ ਅਹੁਦੇ ਨੂੰ ਵੀ ਤਾਂ ਖਤਰਾ ਹੋ ਸਕਦਾ ਹੈ। ਮੈਨੂੰ ਤਰਸ ਆਉਂਦਾ ਹੈ। ਬਹੁਤੇ ਮੇਰੇ ਅਜੀਜ ਦੋਸਤ ਹਨ। ਪਰ ਇਸ ਮੁੱਦੇ ਤੇ ਬੋਲਦੇ ਨਹੀਂ। ਅਖੇ ਨਰਸਿਨ੍ਹਾ ਰਾਓ ਮੋਨੀ ਬਾਬਾ ਹੈ। ਮਨਮੋਹਨ ਸਿੰਘ ਵੀ ਗੂੰਗਾ ਹੈ। ਰਾਜੀਵ ਨੋਸਖੀਆ ਹੈ। ਯਾਰ ਓਹਨਾ ਨੇ ਪਲੂਸ ਪਲੂਸ ਕੇ ਮਾਰਿਆ ਸੀ। ਤੁਹਾਡੇ ਸੱਤ ਸਾਲ ਦੀ ਮਾਰ ਓਹਨਾ ਦੇ ਸੱਤਰ ਸਾਲਾਂ ਦੀ ਮਾਰ ਦੇ ਬਰਾਬਰ ਹੋ ਗਈ ਹੈ। ਓਹਨਾ ਨੇ ਹੋਲੀ ਹੋਲੀ ਤਿੰਨ ਪੀੜ੍ਹੀਆਂ ਨੂੰ ਤੜਫਾਇਆ ਤੁਸੀਂ ਮੌਜੂਦਾ ਪੀੜ੍ਹੀ ਨੂੰ ਕੋਹਲੂ ਵਿੱਚ ਪਾਕੇ ਪੀੜ ਦਿੱਤਾ। ਆਤਮਨਿਰਭਰ ਬਣਾਉਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਅਰਬ ਦੇਸ਼ਾਂ ਤੋਂ ਤੇਲ ਨਾ ਮੰਗਵਾਕੇ ਜਨਤਾ ਦਾ ਹੀ ਤੇਲ ਕੱਢੋ। ਗੁੱਸਾ ਇਹ ਨਹੀਂ ਕਿ ਮਹਿੰਗਾਈ ਹੋਈ ਹੈ ਜਨਤਾ ਦੁਖੀ ਹੈ ਕਿਸਾਨ ਦੁਖੀ ਹਨ। ਪਰ ਗੁੱਸਾ ਆਪਣੇ ਭਰਾਵਾਂ ਤੇ ਹੈ ਜਿੰਨਾਂ ਨੂੰ ਲ਼ੋਕ ਅੰਧਭਗਤ ਆਖਦੇ ਹਨ ਤੇ ਉਹ ਚੁੱਪ ਹਨ। ਯਾਰ ਇੰਜ ਨਾ ਕਰੋ ਗਲਤ ਨੂੰ ਗਲਤ ਆਖੋ ਤਾਂਹੀ ਗੱਲ ਉਪਰ ਤੱਕ ਪਾਹੁੰਚੇਗ਼ੀ।
ਗੱਲ ਇਹ ਨਹੀਂ ਕਿ ਇੱਕਲੀ ਕਮਲ ਵਾਲੀ ਸਰਕਾਰ ਹੀ ਮਾੜੀ ਹੈ। ਨਹੀ। ਪੰਜਾਬ ਦੀਆਂ ਕੰਧਾਂ ਤੇ ਅਜੇ ਵੀ ਲਿਖਿਆ ਹੋਇਆ ਹੈ
“ਚਾਹੁੰਦਾ ਹੈ ਪੰਜਾਬ।
ਕੈਪਟਨ ਦੀ ਸਰਕਾਰ।।”
ਬਹੁਤ ਵੱਡਾ ਮਜ਼ਾਕ ਹੈ ਅਹ ਵੀ। ਅਖੇ ਅਕਾਲੀ ਰੇਤਾ ਖਾ ਗਏ, ਕੇਬਲ ਮਾਫ਼ੀਆ ਟ੍ਰਾੰਸਪੋਰਟ ਮਾਫ਼ੀਆ ਨਸ਼ਾ ਵਿੱਚ ਡੁੱਬੀ ਪੰਜਾਬ ਦੀ ਜਵਾਨੀ। ਅਕਾਲੀ ਸਰਕਾਰ ਦੀਆਂ ਪ੍ਰਾਪਤੀਆਂ ਸਨ। ਵੇਖੋ ਓਹੀ ਪ੍ਰਾਪਤੀਆਂ ਹੁਣ ਵੀ ਹਨ ਕਾਂਗਰਸ ਦੀਆਂ। ਰੇਤ ਦੀਆਂ ਖੱਡਾ ਤੇ ਖੱਦਰ ਧਾਰੀਆਂ ਦਾ ਕਬਜ਼ਾ। ਕਾਂਗਰਸੀਆਂ ਦੀਆਂ ਬੱਸਾਂ। ਓਹੀ ਨਸ਼ਾ ਤੇ ਓਹੀ ਨਸ਼ੇ ਦੇ ਤਸਕਰ। ਬਸ ਹਿੱਸੇਦਾਰ ਬਦਲੇ ਹਨ। ਕਦੇ ਕਿਸੇ ਦਾ ਸਾਲਾ ਬਦਨਾਮ ਸੀ ਹੁਣ ਕਿਸੇ ਦਾ ਸਾਲਾ ਬਦਨਾਮ ਹੈ। ਯਾਰ ਪਹਿਲਾਂ ਦਰਜ਼ੀਆਂ ਦੀ ਸਿਲਾਈ ਦਾ ਉਲਾਂਭਾ ਨਹੀਂ ਸੀ ਆਇਆ ਕਦੇ। ਸਿਲਾਈ ਦਾ ਉਲਾਂਭਾ ਤਾਂ ਕਿਸੇ ਭਾਜਪਾਈ ਜਾਂ ਅਕਾਲੀ ਵਿਧਾਇਕ ਯ ਸਾਂਸਦ ਦਾ ਵੀ ਨਹੀਂ ਆਇਆ। ਇਹ ਸਰਕਾਰ ਚਾਹੁੰਦਾ ਸੀ ਪੰਜਾਬ। ਪੰਜਾਬ ਦੇ ਮੁਲਾਜ਼ਮ ਸਰਕਾਰ ਨੂੰ ਪ੍ਰੋਫੈਸ਼ਨ ਟੈਕਸ ਦਿੰਦੇ ਹਨ ਪਰ ਡੀ ਏ ਨਾਮ ਦੇ ਸ਼ਬਦ ਨੂੰ ਭੁੱਲ ਗਏ। ਨਵੇਂ ਪੇ ਸਕੇਲ ਸ਼ਾਇਦ 2016 ਤੋਂ ਬਕਾਇਆ ਹਨ ਪਰ ਅਜੇ ਨਾ ਨਿਸ਼ਾਨ ਨਹੀਂ। ਪੀਪਾ ਖਾਲੀ ਹੈ। ਪਹਿਲਾਂ ਪ੍ਰਦੇਸ਼ ਹੈ ਪੰਜਾਬ ਜਿੱਥੇ ਖਾਲੀ ਖਜ਼ਾਨੇ ਤੇ ਵੀ ਮੰਤਰੀ ਬੈਠਾ ਹੈ। ਫਿਰ ਪੰਜਾਬ ਕਿਓੰ ਚਾਹੁੰਦਾ ਹੈ ਕੈਪਟਨ ਦੀ ਸਰਕਾਰ। ਅੱਕੇ ਹੋਏ ਕਹਿੰਦੇ ਹਨ ਯਾਰ ਅਕਾਲੀ ਹੀ ਚੰਗੇ ਸਨ। ਭਾਵੇਂ ਹਰਿਆਣੇ ਦੇ ਮੁਲਾਜ਼ਮਾਂ ਨੂੰ ਪੂਰਾ ਡੀ ਏ ਮਿਲਦਾ ਹੈ। ਸਬਜ਼ੀ ਘਰ ਦਾ ਸਮਾਨ ਪੈਟਰੋਲ ਡੀਜ਼ਲ ਖਰੀਦਣ ਵੇਲੇ ਸੁਭਾਇਕੀ ਮੂਹੋਂ ਨਿਕਲਦਾ ਹੈ ਯਾਰ ਮੋਨੀ ਬਾਬਾ ਗੂੰਗਾ ਪ੍ਰਧਾਨ ਮੰਤਰੀ ਹੀ ਠੀਕ ਸੀ।
ਸਰਕਾਰ ਦਾ ਮਤਲਬ ਜੋ ਸਰਕਦੀ ਰਹੇ। ਗੌਰਮਿੰਟ ਜੋ ਮਿੰਟ ਮਿੰਟ ਬਾਅਦ ਗੋਰ ਕਰੇ। ਪਰ ਕਿਸਾਨਾਂ ਨੂੰ ਬੈਠਿਆ ਨੂੰ ਸੋ ਦਿਨ ਹੋਣ ਦੇ ਨੇੜੇ ਹਨ ਪਰ ਮਜ਼ਾਲ ਹੈ ਗੌਰਮਿੰਟ ਨੇ ਗੋਰ ਕੀਤਾ ਹੋਵੇ। ਉਲਟਾ ਕਹਿੰਦੇ ਮਰੇ ਹੋਏ ਕਿਸਾਨਾਂ ਨੂੰ ਕਾਹਦੀ ਸ਼ਰਧਾਂਜਲੀ। ਫੌਜੀ ਤਾਂ ਮਰਨ ਲਈ ਹੀ ਬਣੇ ਹਨ।
ਗੱਲਾਂ ਤਾਂ ਦੇਗੀ ਮਿਰਚਾਂ ਵਰਗੀਆਂ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੂਪਰਡੈਂਟ