ਹਰਜੀਤ ਬਚਪਨ ਤੋਂ ਹੀ ਮਨਦੀਪ ਨੂੰ ਜਾਣਦਾ ਸੀ ਕਦੇ ਕਦੇ ਇਕੱਠੇ ਖੇਡ ਵੀ ਲੈਦੇ ਸੀ । ਹਰਜੀਤ ਦੇ ਵਿਆਹ ਮਗਰੋਂ ਜਦ ਮਨਦੀਪ ਕੁਝ ਦਿਨਾਂ ਬਾਅਦ ਮਿਲਣ ਆ ਜਾਂਦਾ ਤਾਂ ਵੀਰਪਾਲ (ਹਰਜੀਤ ਦੀ ਪਤਨੀ ) ਖਿਝਦੀ ਰਹਿੰਦੀ ਕਿ ਇਹ ਕਿਉਂ ਆ ਜਾਂਦਾ ਹੈ ਤੀਜੇ ਕ ਦਿਨ ਮੂੰਹ ਚੁੱਕ ਕੇ ।ਹਰਜੀਤ ਆਪਣੀ ਪਤਨੀ ਵੀਰਪਾਲ ਨੂੰ ਮਨਦੀਪ ਬਾਰੇ ਦੱਸਦਾ ਕਹਿੰਦਾ ਕਿ ਇਸ ਵਿਚਾਰੇ ਨੇ ਨਿੱਕੇ ਹੁੰਦਿਆਂ ਤੋਂ ਬਹੁਤ ਦੁੱਖ ਦੇਖੇ ਹਨ ।ਮਨਦੀਪ ਜਦ ਆਉਦਾ ਹੈ ਤਾਂ ਉਸਨੂੰ ਆਪਣੇਪਨ ਦਾ ਅਹਿਸਾਸ ਕਰਾਇਆ ਕਰ ਨਾ ਕਿ ਉਸ ਦੇ ਆਉਣ ਕਰਕੇ ਨੱਕ ਬੁੱਲ੍ਹ ਕੱਢਿਆ ਕਰ ।ਮੰਮੀ ਪਾਪਾ ਨੇ ਵੀ ਮੇਰੇ ਅਤੇ ਮਨਦੀਪ ਵਿਚ ਕਦੇ ਕੋਈ ਫਰਕ ਨਹੀਂ ਕੀਤਾ।ਹਰਜੀਤ ਕਹਿੰਦਾ ਦੱਸ ਕੀ ਲੈ ਜਾਂਦਾ ਵਿਚਾਰਾਂ ਕੁਝ ਸਮਾਂ ਹੱਸ ਖੇਡ ਜਾਂਦਾ ਜਾਂ ਦੋ ਘੁੱਟ ਤੱਤਾ ਪਾਣੀ ਪੀ ਜਾਂਦਾ।ਵੀਰਪਾਲ ਫਿਰ ਜਿੱਦ ਕਰਕੇ ਮਨਦੀਪ ਦੇ ਬੀਤੇ ਕੱਲ ਬਾਰੇ ਪੁੱਛਦੀ ਹੈ ਤਾਂ ਹਰਜੀਤ ਦੱਸਦਾ ਕਿ ਮੰਮੀ ਪਾਪਾ ਦੱਸਦੇ ਹੁੰਦੇ ਮਨਦੀਪ ਦੇ ਪਰਿਵਾਰ ਬਾਰੇ ।
ਮਨਦੀਪ ਦੀ ਸਕੀ ਮਾਂ ਬਲਵਿੰਦਰ ਦਾ ਵਿਆਹ ਸਾਂਝੇ ਪਰਿਵਾਰ ਵਿੱਚ ਹੋ ਗਿਆ ।ਕੁਝ ਸਮੇਂ ਵਿੱਚ ਹੀ ਬਲਵਿੰਦਰ ਆਪਣੇ ਸਹੁਰੇ ਪਰਿਵਾਰ ਵਿੱਚ ਰਚ ਮਿਚ ਗਈ।
ਬਲਵਿੰਦਰ ਦੇ ਘਰ ਪਹਿਲਾਂ ਪੁੱਤਰ ਨੇ ਜਨਮ ਲਿਆ ਜਿਸ ਨੂੰ ਬਹੁਤ ਚਾਵਾਂ ਲਾਡਾ ਨਾਲ ਪਾਲਿਆ ।ਉਸ ਦਾ ਨਾਮ ਮਨਦੀਪ ਰੱਖਿਆ।ਸਾਲ ਕ ਬਾਅਦ ਹੀ ਬਲਵਿੰਦਰ ਨੇ ਇਕ ਹੋਰ ਬੱਚੇ ਨੂੰ ਜਨਮ ਦਿੱਤਾ ।ਉਹ ਬੱਚਾ ਕੁੜੀ ਸੀ ਉਸ ਦਾ ਨਾਮ ਜੋਤ ਰੱਖਿਆ।ਸਭ ਬਹੁਤ ਖੁਸ਼ ਸਨ ਕਿ ਭੈਣ ਭਰਾ ਦੀ ਜੋੜੀ ਬਣ ਗਈ ।
ਜਦ ਜੋਤ ਤਿੰਨ ਸਾਲ ਦੀ ਹੋਈ ਤਾਂ ਜਿੱਦ ਕਰਨ ਲੱਗੀ ਕਿ ਨਾਨਕੇ ਪਿੰਡ ਜਾਣਾ ।ਚੱਲ ਜੋਤ ਦਾ ਮਾਮਾ ਆਇਆ ਅਤੇ ਤਿੰਨਾਂ (ਬਲਵਿੰਦਰ ,ਜੋਤ,ਮਨਦੀਪ)ਨੂੰ ਨਾਲ ਲੈ ਗਿਆ ।ਹਰਜੀਤ ਦੱਸਦਾ ਕਿ ਮੰਮੀ ਦੱਸਦੇ ਸੀ ਕਿ ਉਸ ਦਿਨ ਨਾਨਕੇ ਜਾਣ ਤੋਂ ਪਹਿਲਾਂ ਮਨਦੀਪ ਅਤੇ ਇਸਦੀ ਮਾਂ ਆਪਣੇ ਘਰ ਮਿਲ ਕੇ ਗਏ ਸੀ ਤੇ ਅਸੀਂ ਇਕੱਠੇ ਖੇਡਦੇ ਰਹੇ ਸੀ।ਇਕ ਦਿਨ ਜੋਤ ਖੇਡਦੀ ਖੇਡਦੀ ਘਰ ਦੇ ਬਨੇਰੇ ਉੱਪਰ ਲੱਗੇ ਪਾਵਿਆਂ ਨਾਲ ਝੂਟਣ ਲੱਗੀ ।ਬਦਕਿਸਮਤੀ ਨੂੰ ਹਾਦਸੀ ਵਾਪਰ ਗਿਆ । ਜੋਤ ਪਾਵਿਆਂ ਸਮੇਤ ਹੇਠਾਂ ਡਿੱਗ ਪਈ।ਸਾਰੇ ਪਰਿਵਾਰ ਵਿੱਚ ਡਰ ਦਾ ਮਾਹੌਲ ਫੈਲ ਗਿਆ ।ਬਲਵਿੰਦਰ ਲਗਾਤਾਰ ਰੋਈ ਜਾ ਰਹੀ ਸੀ ।ਮਨਦੀਪ ਆਪਣੀ ਮਾਂ ਦੇ ਹੰਝੂ ਪੂੰਝ ਰਿਹਾ ਸੀ ।ਜੋਤ ਨੂੰ ਡਾਕਟਰ ਕੋਲ ਲੈ ਕੇ ਗਏ ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ ।ਜੋਤ ਦੀ ਲਾਸ਼ ਲੈ ਬਲਵਿੰਦਰ ਜਦ ਸਹੁਰੇ ਪਰਿਵਾਰ ਪਹੁੰਚੀ ਤਾਂ ਸਭ ਪਾਸੇ ਚੀਕ ਚਿਹਾੜਾ ਪੈ ਗਿਆ ।ਮਨਦੀਪ ਇਹ ਸਾਰਾ ਕੁਝ ਦੇਖ ਡਰ ਗਿਆ ।ਜੋਤ ਦਾ ਸੰਸਕਾਰ ਕਰਨ ਮਗਰੋਂ ਕੁਝ ਦਿਨ ਰਿਸ਼ਤੇਦਾਰਾਂ ਦਾ ਆਉਣ ਜਾਣ ਲੱਗਿਆ ਰਿਹਾ ।ਪਰ ਹੌਲੀ ਹੌਲੀ ਸਭ ਕੁਝ ਪਹਿਲਾਂ ਵਾਂਗ ਹੋ ਗਿਆ ਸੀ ।ਪਰ ਬਲਵਿੰਦਰ ਦਾ ਰਿਸ਼ਤਾ ਆਪਣੇ ਪਤੀ ਨਾਲ ਖਰਾਬ ਹੋ ਗਿਆ ਸੀ ਜਿਸ ਕਰਕੇ ਹੁਣ ਦੋਹਾਂ ਵਿੱਚ ਝਗੜਾ ਰਹਿਣ ਲੱਗਿਆ ।ਇਕ ਦਿਨ ਬਲਵਿੰਦਰ ਨੇ ਜਹਿਰੀਲੀ ਚੀਜ਼ ਖਾ ਕੇ ਆਤਮਹੱਤਿਆ ਕਰ ਲਈ।ਮਨਦੀਪ ਦੀ ਦੁਨੀਆਂ ਹੀ ਉਜੜ ਗਈ।ਪਰ ਬੱਚਾ ਹੋਣ ਕਰਕੇ ਮਨਦੀਪ ਅਜੇ ਕੁਝ ਨਹੀਂ ਸਮਝ ਪਾ ਰਿਹਾ ਸੀ ।ਬਲਵਿੰਦਰ ਦੀ ਮੌਤ ਸਮੇਂ ਮਨਦੀਪ ਦੀ ਉਮਰ ਪੰਜ ਕ ਸਾਲ ਦੀ ਸੀ ।
ਹੁਣ ਮਨਦੀਪ ਸਾਰਾ ਦਿਨ ਭੁੱਖਾ ਪਿਆਸਾ ਫਿਰਦਾ ਰਹਿੰਦਾ ।ਚਾਚੀ ਤਾਈ ਰੋਟੀ ਦੇ ਦਿੰਦੀ ਤਾਂ ਖਾ ਲੈਂਦਾ ਪਰ ਮੰਗਦਾ ਕਦੇ ਨਹੀਂ ਸੀ ।ਮਨਦੀਪ ਦੀ ਦੇਖਭਾਲ ਦਾ ਬਹਾਨਾ ਲਾ ਉਸ ਲਈ ਨਵੀਂ ਮਾਂ ਦੀ ਖੋਜ ਸ਼ੁਰੂ ਕਰ ਦਿੱਤੀ ।
ਕੁਝ ਮਹੀਨਿਆਂ ਬਾਅਦ ਮਨਦੀਪ ਦਾ ਪਾਪਾ ਉਸ ਲਈ ਨਵੀਂ ਮਾਂ ਲੈ ਆਇਆ ।ਮਨਦੀਪ ਦੀ ਜਿੰਦਗੀ ਦਾ ਅਸਲ ਦੌਰ ਸ਼ੁਰੂ ਹੋ ਗਿਆ ਸੀ ।
ਸੌਤੇਲੀ ਮਾਂ ਨੇ ਕੁਝ ਮਹੀਨਿਆਂ ਬਾਅਦ ਹੀ ਆਪਣਾ ਅਸਲੀ ਰੰਗ ਦਿਖਾ ਦਿੱਤਾ ।ਮਨਦੀਪ ਨੂੰ ਪੜ੍ਹਨ ਲਈ ਸਕੂਲ ਨਹੀਂ ਭੇਜਿਆ ਗਿਆ ।ਮਨਦੀਪ ਦਾ ਪਿਓ ਦੂਜੀ ਘਰਵਾਲੀ ਦੇ ਰੁੱਸ ਜਾਣ ਤੋਂ ਡਰਦਾ ਕੁਝ ਨਹੀਂ ਬੋਲਦਾ ਸੀ ।ਉਹ ਮਨਦੀਪ ਨੂੰ ਕੁੱਟਦੀ ਮਾਰਦੀ ਅਤੇ ਭੁੱਖਾ ਵੀ ਰੱਖਦੀ ।ਜਦ ਕੋਈ ਮਨਦੀਪ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਵੀ ਬੁਰਾ ਭਲਾ ਕਹਿੰਦੀ । ਮਨਦੀਪ ਦੀ ਸੌਤੇਲੀ ਮਾਂ ਦੇ ਰੰਗ ਢੰਗ ਦੇਖ ਕੇ ਉਸ ਨੂੰ ਬਣਦਾ ਹੱਕ ਦੇ ਕੇ ਸਾਂਝੇ ਪਰਿਵਾਰ ਤੋਂ ਅਲੱਗ ਕਰ ਦਿੱਤਾ ਗਿਆ ਸੀ ।ਹੁਣ ਤਾਂ ਮਨਦੀਪ ਲਈ ਸਭ ਰਿਸ਼ਤੇ ਖਤਮ ਹੋ ਗਏ ਸੀ ।ਲੋਕ ਮਨਦੀਪ ਦੀ ਤਰਸਯੋਗ ਹਾਲਤ ਉੱਪਰ ਗੱਲਾਂ ਕਰਦੇ ਕਹਿੰਦੇ ਕਿ ਮਾਂ ਦੋ ਘੁੱਟ ਜਹਿਰ ਇਸ ਨੂੰ ਵੀ ਦੇ ਦਿੰਦੀ ਵਿਚਾਰਾਂ ਰੁਲਦਾ ਤਾਂ ਨਾ ।ਲੋਕ ਮਨਦੀਪ ਲਈ ਚਾਅ ਕੇ ਵੀ ਕੁਝ ਨਹੀਂ ਸਕਦੇ ਸੀ ।
ਨਿੱਕੇ ਹੁੰਦਿਆਂ ਤੋਂ ਹੀ ਮਨਦੀਪ ਨੇ ਬਹੁਤ ਬੁਰਾ ਵਕਤ ਦੇਖ ਲਿਆ ਸੀ ।ਕੁਝ ਸਮੇਂ ਬਾਅਦ ਸੌਤੇਲੀ ਮਾਂ ਨੇ ਇਕ ਬੱਚੀ ਨੂੰ ਜਨਮ ਦਿੱਤਾ ।ਮਨਦੀਪ ਖੁਸ਼ ਸੀ ਕਿ ਉਸ ਨੂੰ ਖੇਡਣ ਲਈ ਸਾਥੀ ਮਿਲ ਗਿਆ ।ਪਰ ਸੌਤੇਲੀ ਮਾਂ ਮਨਦੀਪ ਨੂੰ ਬੱਚੇ ਨੂੰ ਹੱਥ ਵੀ ਨਹੀਂ ਲਗਾਉਣ ਦਿੰਦੀ ਸੀ ।ਮਨਦੀਪ ਦਾ ਪਿਓ ਵੀ ਹਰ ਸਮੇਂ ਉਸ ਨੂੰ ਘੂਰਦਾ ਰਹਿੰਦਾ ।ਮਨਦੀਪ ਬਿਲਕੁਲ ਇਕੱਲਾ ਹੋ ਗਿਆ ਸੀ ।
ਇਦਾਂ ਹੀ ਕੁਝ ਸਾਲ ਬੀਤ ਗਏ।ਮਨਦੀਪ ਦੀ ਸੌਤੇਲੀ ਮਾਂ ਅਤੇ ਪਿਓ ,ਬੱਚੀ ਸਮੇਤ ਕਿਸੇ ਰਿਸ਼ਤੇਦਾਰ ਦੇ ਘਰ ਗਏ ਤਾਂ ਸ਼ਾਮ ਪੈ ਗਈ ਪਰ ਵਾਪਸ ਨਹੀਂ ਆਏ। ਮਨਦੀਪ ਦਾ ਪਿਓ ਸਕਾ ਹੋ ਕੇ ਵੀ ਉਸ ਦਾ ਧਿਆਨ ਨਹੀਂ ਕਰਦਾ ਸੀ ।ਪਤਾ ਨੀ ਕਿਉਂ ਉਹ ਰੰਨ ਮੁਰੀਦ ਹੋ ਕੇ ਰਹਿ ਗਿਆ ਸੀ ਜੋ ਉਸ ਨੂੰ ਆਪਣੇ ਬੱਚੇ ਉਪਰ ਰਤਾ ਵੀ ਤਰਸ ਨਹੀਂ ਆਉਦਾ ਸੀ ।ਇਸ ਸਮੇ ਮਨਦੀਪ ਦੀ ਉਮਰ ਪੰਦਰਾਂ ਸੋਲਾਂ ਸਾਲ ਦੇ ਕਰੀਬ ਸੀ ।ਭੁੱਖਣ ਭਾਣਾ ਡਰਦਾ ਇਕ ਕਮਰੇ ਵਿੱਚ ਕੱਠਾ ਜਿਹਾ ਹੋ ਕੇ ਬੈਠਾ ਰਿਹਾ। ਡਰਦੇ ਕਦ ਨੀਂਦ ਆ ਗਈ ਉਸਨੂੰ ਵੀ ਪਤਾ ਨਹੀਂ ਲੱਗਾ ।
ਸਵੇਰ ਹੋਈ ਤਾਂ ਮਨਦੀਪ ਆਪਣੇ ਘਰ ਆ ਗਿਆ ਕਿਉਂਕਿ ਕਿ ਮੈਂ ਹੁਣ ਵੀ ਅੱਖ ਬਚਾ ਕੇ ਮਨਦੀਪ ਨਾਲ ਕਦੇ ਕਦੇ ਖੇਡ ਲੈਦਾ ਸੀ ਤੇ ਉਹ ਸਿਰਫ ਮੈਨੂੰ ਹੀ ਜਾਣਦਾ ਸੀ । ਉਸ ਦਿਨ ਮਨਦੀਪ ਭੈਣ ਨੂੰ ਕਹਿੰਦਾ ,ਭੈਣੇ ,ਇਕ ਕੰਮ ਕਰਦੇਗੀ ,ਉਹ ਹੈਰਾਨ ਹੋਈ ਪੁੱਛਦੀ ਕੀ?ਮਨਦੀਪ ਮਨ ਭਰ ਕੇ ਕਹਿੰਦਾ, ਭੈਣੇ, ਮਾਂ ਘਰ ਨਹੀਂ ਆ ਮੈਨੂੰ ਕੁਝ ਬਣਾਉਣਾ ਨਹੀਂ ਆਉਦਾ ,ਤੂੰ ਮੇਰੀ ਭੈਣ ਆ ਤਾਂ ਮੈਨੂੰ ਚੌਲ ਬਣਾਉਣੇ ਦੱਸਦੇ ਕਿਵੇਂ ਬਣਦੇ ।ਹਰਜੀਤ ਕਹਿੰਦਾ ,ਭੈਣ ਦਾ ਵੀ ਮਨ ਭਰ ਆਇਆ ਤੇ ਉਹ ਕਹਿੰਦੀ ਦੱਸ ਕਮਲਾ ਨਾ ਹੋਵੇ ਤਾਂ ,ਭੈਣ ਦੇ ਹੁੰਦੇ ਤੂੰ ਚੌਲ ਕਿਉ ਬਣਾਉਣੇ ,ਮੈਂ ਸਵੇਰ ਸ਼ਾਮ ਰੋਟੀ ਬਣਾ ਲਿਆ ਕਰੂ ਤੇਰੀ ,ਆ ਕੇ ਖਾ ਜਾਇਆ ਕਰ।ਉਸ ਦਿਨ ਸਵੇਰੇ ਮਨਦੀਪ ਨੂੰ ਭੈਣ ਨੇ ਕੋਲ ਬਿਠਾ ਕੇ ਰੋਟੀ ਖਵਾਈ ।ਮਨਦੀਪ ਨੂੰ ਆਸ ਸੀ ਕਿ ਅੱਜ ਮਾਂ ਅਤੇ ਪਿਤਾ ਜੀ ਆ ਜਾਣਗੇ ।ਪਰ ਉਹ ਨਹੀਂ ਆਏ ,ਮਨਦੀਪ ਸ਼ਰਮ ਦਾ ਮਾਰਾ ਰੋਟੀ ਖਾਣ ਨਾ ਆਇਆ ਤਾਂ ਭੈਣ ਨੇ ਮੈਨੂੰ ਕਿਹਾ ਹਰਜੀਤ ਮੈਂ ਰੋਟੀ ਡੱਬੇ ਵਿੱਚ ਪਾ ਦਿੱਤੀ ਭੱਜ ਕੇ ਮਨਦੀਪ ਨੂੰ ਖਵਾ ਆ ਉਹ ਭੁੱਖਾ ਹੋਣਾ ।ਭੈਣ ਲਗਭਗ ਇਕ ਹਫਤਾ ਮਨਦੀਪ ਦੀ ਰੋਟੀ ਡੱਬੇ ਵਿੱਚ ਪਾ ਕੇ ਭੇਜਦੀ ਰਹੀ ਸੀ। ।ਜਦ ਮਨਦੀਪ ਦੀ ਮਾਂ ਵਾਪਸ ਆਈ ਤਾਂ ਉਹ ਆਪਣੇ ਪਰਿਵਾਰ ਨੂੰ ਬਹੁਤ ਬੁਰਾ ਭਲਾ ਬੋਲੀ ਜੋ ਮਨਦੀਪ ਨੂੰ ਬਿਲਕੁਲ ਚੰਗਾ ਨਹੀਂ ਲੱਗਾ ।ਹੁਣ ਜਦ ਕਦੇ ਵੀ ਮਨਦੀਪ ਮਾਂ ਰੋਟੀ ਨਾ ਦਿੰਦੀ ਤਾਂ ਉਹ ਮੈਨੂੰ ਦੱਸ ਦਿੰਦਾ ,ਮੈ ਮਨਦੀਪ ਨੂੰ ਘਰੋਂ ਰੋਟੀ ਖਵਾਉਣ ਦੀ ਥਾਂ ਬਾਹਰੋਂ ਹੀ ਬਰਗਰ ਵਗੈਰਾ ਖਵਾ ਦਿੰਦਾ । ਕੁਝ ਸਮੇਂ ਬਾਅਦ ਮਨਦੀਪ ਦਾ ਵੀ ਵਿਆਹ ਹੋ ਗਿਆ ।ਮਾਂ ਦਾ ਸੁਭਾਅ ਪਹਿਲਾਂ ਤੋਂ ਵੀ ਜਿਆਦਾ ਕਠੋਰ ਹੋ ਗਿਆ ।ਹੁਣ ਉਹ ਮਨਦੀਪ ਦੀ ਪਤਨੀ ਨਾਲ ਲੜਦੀ ਰਹਿੰਦੀ ਤੇ ਰਸੋਈ ਨੂੰ ਜਿੰਦਰਾ ਲਾ ਕੇ ਰੱਖਦੀ । ਫਿਰ ਮਤਰੇਈ ਮਾਂ ਨੇ ਬਿਨਾਂ ਕੁਝ ਦਿੱਤੇ ਮਨਦੀਪ ਨੂੰ ਅਲੱਗ ਕਰ ਦਿੱਤਾ। ਹੁਣ ਮਨਦੀਪ ਸ਼ਹਿਰ ਵਿੱਚ ਨੌਕਰੀ ਕਰ ਕੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ।ਹਰਜੀਤ ਰੁਕ ਕੇ ਬੋਲਦਾ ਕਿ ਮਨਦੀਪ ਅੱਜ ਵੀ ਜਦ ਪਿੰਡ ਆਉਦਾ ਤਾਂ ਆਵਦੇ ਘਰ ਨਹੀਂ ਹੋ ਕੇ ਆਉਦਾ ਸਗੋ ਆਪਣੇ ਕੋਲੋ ਹੋ ਕੇ ਮੁੜ ਜਾਂਦਾ ਹੈ ।ਵੀਰਪਾਲ ਦੀਆਂ ਅੱਖਾਂ ਵਿਚੋਂ ਹੰਝੂ ਵਹਿ ਰਹੇ ਸੀ ।ਵੀਰਪਾਲ ਭਰੇ ਮਨ ਨਾਲ ਕਹਿੰਦੀ ਕਿ ਸੱਚੀ ਮਨਦੀਪ ਵੀਰ ਜੀ ਨੇ ਨਿੱਕੇ ਹੁੰਦਿਆਂ ਤੋਂ ਹੀ ਆਪਣਾ ਸਭ ਕੁਝ ਗਵਾ ਕੇ ਕਿੰਨੇ ਦੁੱਖ ਦੇਖੇ ਹਨ ਪਰ ਫਿਰ ਵੀ ਕਿੰਨਾ ਹੱਸਮੁੱਖ ਸੁਭਾਅ ਹੈ ।ਕੋਈ ਵੀ ਇਹਨਾਂ ਦੇ ਹਾਸੇ ਪਿੱਛੇ ਛੁਪੇ ਦਰਦ ਨੂੰ ਨਹੀਂ ਪੜ ਸਕਦਾ ।ਹੁਣ ਜਦ ਵੀ ਮਨਦੀਪ ਕਦੇ ਮਿਲਣ ਆਉਦਾ ਤਾਂ ਵੀਰਪਾਲ ਉਸ ਦੀ ਤਹਿ ਦਿਲੋਂ ਸੇਵਾ ਕਰਦੀ ਤੇ ਮਨਦੀਪ ਵੀ ਭਾਬੀ ਦੇ ਗੁਣ ਗਾਉਦਾ ਨਹੀਂ ਥੱਕਦਾ ।ਮਨਦੀਪ ਨੂੰ ਲੱਗਦਾ ਕਿ ਉਸਨੂੰ ਆਪਣਾ ਪਰਿਵਾਰ ਮਿਲ ਗਿਆ ਹੈ ।ਉਹ ਥੋੜੇ ਸਮੇਂ ਬਾਅਦ ਹਰਜੀਤ ਦੇ ਪਰਿਵਾਰ ਦਾ ਹਾਲ ਚਾਲ ਪੁੱਛਣ ਆਉਦਾ ਰਹਿੰਦਾ ਅਤੇ ਇਧਰ ਹਰਜੀਤ ਜਾਂ ਉਸਦੇ ਮਾਤਾ ਪਿਤਾ ਕੋਈ ਵੀ ਸ਼ਹਿਰ ਜਾਂਦਾ ਤਾਂ ਮਨਦੀਪ ਨੂੰ ਜਰੂਰ ਮਿਲ ਕੇ ਆਉਂਦਾ ।