ਧੀ ਕਿ ਸ਼ਰੀਕ | dhee k shareek

ਜਦੋ ਕਿਸੇ ਔਰਤ ਦੇ ਪੇਕਿਆਂ ਦੇ ਪਰਿਵਾਰ ਵਿੱਚ ਕੋਈ ਖੁਸ਼ੀ ਆਉਂਦੀ ਹੈ ਮਤਲਬ ਕੋਈ ਵਿਆਹ ਸ਼ਾਦੀ, ਬੱਚੇ ਦਾ ਜਨਮ, ਕੋਈ ਪਲਾਟ ਮਕਾਨ ਯ ਕੋਈ ਵਹੀਕਲ ਖਰੀਦਿਆ ਜਾਂਦਾ ਹੈ, ਯ ਕੋਈ ਨਵਾਂ ਕਾਰੋਬਾਰ ਸ਼ੁਰੂ ਕੀਤਾ ਜਾਂਦਾ ਤਾਂ ਉਸ ਔਰਤ ਨੂੰ ਬਹੁਤ ਜਿਆਦਾ ਖੁਸ਼ੀ ਹੁੰਦੀ ਹੈ। ਉਸਦੇ ਮੂੰਹੋ ਢੇਰ ਸਾਰੀਆਂ ਦੁਆਵਾਂ ਨਿਕਲਦੀਆਂ ਹਨ। ਬਹੁਤੇ ਵਾਰੀ ਉਹ ਔਰਤ ਆਪਣੇ ਪੇਕਿਆਂ ਦੀ ਇਸ ਖੁਸ਼ੀ ਨੂੰ ਆਪਣੇ ਸੋਹਰੇ ਪਰਿਵਾਰ ਦੇ ਲੋਕਾਂ ਨਾਲ ਵੀ ਸ਼ੇਅਰ ਕਰਦੀ ਹੈ ਤੇ ਆਪਣੇ ਵੱਲੋਂ ਓਹਨਾ ਦਾ ਮੂੰਹ ਮਿੱਠਾ ਕਰਵਾਉਂਦੀ ਹੈ। ਸਿਆਣੇ ਪੇਕੇ ਵੀ ਘਰ ਦੀ ਜੰਮੀ ਧੀ ਯ ਭੂਆਂ ਨੂੰ ਹੁੱਬਕੇ ਆਪਣੀਆਂ ਖੁਸ਼ੀਆਂ ਵਿੱਚ ਸ਼ਾਮਿਲ ਕਰਦੇ ਹਨ। ਉਸ ਦਾ ਆਪਣੀ ਹੈਸੀਅਤ ਮੁਤਾਬਿਕ ਮਾਣ ਸਨਮਾਨ ਵੀ ਕਰਦੇ ਹਨ। ਸੂਟ ਸ਼ਗਨ ਯ ਕਿਸੇ ਹੋਰ ਰੂਪ ਵਿਚ। ਇਸੇ ਤਰਾਂ ਆਮ ਪਰਿਵਾਰਾਂ ਵਾਂਗੂ ਸਾਡੇ ਪਰਿਵਾਰ ਵਿਚ ਜਦੋਂ ਕੋਈ ਵਹੀਕਲ ਲਿਆ ਜਾਂਦਾ ਹੈ ਤਾਂ ਭੈਣ ਨੂੰ ਰਿਬਨ ਬੰਨ੍ਹਣ ਲਈ ਆਖਿਆ ਜਾਂਦਾ ਹੈ। ਤੇ ਉਸਦਾ ਮਾਣ ਸਨਮਾਨ ਕੀਤਾ ਜਾਂਦਾ ਹੈ। ਇਸੇ ਤਰਾਂ ਨਾਲ ਘਰ ਦੀਆਂ ਧੀਆਂ ਭੈਣਾਂ ਨੂੰ ਆਪਣੀਆਂ ਖੁਸ਼ੀਆਂ ਵਿਚ ਹਿੱਸੇਦਾਰ ਬਣਾਇਆ ਜਾਂਦਾ ਹੈ। ਇਹ ਸਾਡੇ ਸਮਾਜ ਦੀ ਬਹੁਤ ਵਧੀਆ ਰੀਤ ਹੈ ਪ੍ਰੰਪਰਾ ਹੈ। ਅਜਿਹਾ ਕਰਨ ਨਾਲ ਖੁਸ਼ੀਆਂ ਦੁਗਣੀਆਂ ਹੋ ਜਾਂਦੀਆਂ ਹਨ ਅਤੇ ਧੀ ਭੈਣ ਦਾ ਵੀ ਮਾਣ ਹੋ ਜਾਂਦਾ ਹੈ। ਇਸ ਨਾਲ ਸੋਹਰੇ ਪਰਿਵਾਰ ਵਿੱਚ ਵੀ ਉਸਦੀ ਕਦਰ ਵਧਦੀ ਹੈ। ਹੋਰ ਇਹ੍ਹਨਾਂ ਧੀਆਂ ਭੈਣਾਂ ਨੇ ਕਿਹੜਾ ਜਮੀਨ ਜਾਇਦਾਦ ਵਿਚੋਂ ਕੋਈ ਹਿੱਸਾ ਵੰਡਾਉਣਾ ਹੁੰਦਾ ਹੈ।
ਪਰ ਹੁਣ ਜ਼ਮਾਨਾ ਕੁਝ ਬਦਲ ਗਿਆ ਹੈ। ਅਗਲਾ ਨਵੇਂ ਕੰਮ ਵਹੀਕਲ ਪਲਾਟ ਦਾ ਘਰ ਦੀ ਧੀ ਕੋਲੋ ਹੀ ਓਹਲਾ ਰੱਖਦਾ ਹੈ ਪਰਦਾ ਰੱਖਦਾ ਹੈ। ਅਖੇ ਇਸ ਕੋਲੋ ਆਪਣੀ ਖੁਸ਼ੀ ਬਰਦਾਸ਼ਤ ਨਹੀਂ ਹੁੰਦੀ। ਇਹ ਆਪਣੀ ਤਰੱਕੀ ਤੇ ਈਰਖਾ ਕਰਦੀ ਹੈ। ਰਿਸ਼ਤੇ ਹੀ ਕਲੰਕਿਤ ਹੋ ਗਏ ਹਨ। ਕੁਝ ਲੋਕ ਧੀ ਨੂੰ ਹੀ ਸ਼ਰੀਕ ਸਮਝਣ ਲੱਗ ਪਏ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *