ਜਦੋ ਅਸੀਂ ਘੁਮਿਆਰੇ ਪਿੰਡ ਰਹਿੰਦੇ ਸੀ ਤਾਂ ਸਾਡੇ ਕੋਲ ਮਰਫ਼ੀ ਦਾ ਵੱਡਾ ਰੇਡੀਓ ਹੁੰਦਾ ਸੀ।ਜਿਸ ਨੂੰ ਮੇਰੀ ਮਾਂ ਸਾਡੇ ਪੱਕੇ ਕਮਰੇ ਵਿਚ ਬਣੀ ਸੀਮਿੰਟਡ ਟਾਂਨਸ ਜਿਸ ਨੂੰ ਕਈ ਲੋਕ ਅੰਗੀਠੀ ਵੀ ਆਖਦੇ ਸਨ ਤੇ ਝਾਲਰ ਵਾਲੇ ਕਪੜਾ ਵਿਛਾ ਕੇ ਉਸ ਉਪਰ ਰੱਖਦੀ। ਉਸ ਰੇਡੀਓ ਦੀ ਆਵਾਜ਼ ਸਾਫ ਸੁਣਨ ਲਈ ਏਰੀਅਰ ਦੀ ਜਰੂਰਤ ਹੁੰਦੀ ਸੀ। ਏਰੀਅਰ ਅਸੀਂ ਕਮਰੇ ਨਾਲ ਬੰਨੇ ਬਾਂਸ ਨਾਲ ਲਾਉਂਦੇ। ਜੋ ਦਸ ਕੁ ਫੁੱਟ ਉੱਚਾ ਹੁੰਦਾ ਸੀ। ਪਿੰਡ ਵਿੱਚ ਬਹੁਤ ਘੱਟ ਘਰਾਂ ਦੇ ਰੇਡੀਓ ਹੁੰਦਾ ਸੀ। ਪਰ ਕਈ ਵਾਰੀ ਰਾਤ ਨੂੰ ਏਰੀਅਰ ਵਾਲੇ ਬਾਂਸ ਤੇ ਕੋਚਰੀ ਆ ਕੇ ਬੋਲਣ ਲਗਦੀ। ਉਸਦੀ ਆਵਾਜ਼ ਬਹੁਤ ਡਰਾਵਣੀ ਹੁੰਦੀ ਸੀ। ਅਸੀਂ ਤਿੰਨੇ ਭੈਣ ਭਰਾ ਡਰ ਜਾਂਦੇ। ਫਿਰ ਮੇਰੀ ਮਾਂ ਮੈਨੂੰ ਕੋਚਰੀ ਭਜਾਉਣ ਨੂੰ ਕਹਿੰਦੀ। ਮੈਂ ਵੇਹੜੇ ਵਿਚਲੇ ਹੋਦ ਤੇ ਚੜ੍ਹ ਕੇ ਕਮਰੇ ਦੀ ਛੱਤ ਤੇ ਚੜ੍ਹਦਾ ਤੇ ਫਿਰ ਬਾਂਸ ਨੂੰ ਹਿਲਾ ਕੇ ਕੋਚਰੀ ਨੂੰ ਉਡਾ ਦਿੰਦਾ। ਰਾਤ ਨੂੰ ਕੋਚਰੀ ਦੇ ਬੋਲਣ ਨੂੰ ਮਾੜਾ ਮੰਨਿਆ ਜਾਂਦਾ ਸੀ। ਸ਼ਾਇਦ ਇਹ ਵਹਿਮ ਸੀ। ਹੋਲੀ ਹੋਲੀ ਰੇਡੀਓ ਦੀ ਥਾਂ ਟਰਾਂਜਿਸਟਰ ਨੇ ਲੈ ਲਈ। ਰੇਡੀਓ ਦੇ ਏਰੀਅਰ ਦਾ ਯੁੱਗ ਸਮਾਪਤ ਹੋ ਗਿਆ। ਟੇਪ ਰਿਕਾਰਡਰ ਤੇ ਸਟੀਰੀਓ ਆ ਗਏ। ਫਿਰ ਵੱਡੇ ਵੱਡੇ ਕਾਲੇ ਸਫੇਦ ਸਟਰ ਵਾਲੇ ਟੀ ਵੀ ਆ ਗਏ ਤੇ ਪੰਜਾਹ ਫੁੱਟ ਉੱਚੇ ਐਂਟੀਨੇ ਲਗਣੇ ਸ਼ੁਰੂ ਹੋ ਗਏ। ਯੁੱਗ ਬਦਲਦਾ ਗਿਆ ਇੱਕੀ ਇੰਚੀ ਟੀਵੀ ਦੀ ਜਗਾਹ 50 ਇੰਚੀ ਐਲ ਈ ਡੀ ਨੇ ਲੈ ਲਈ। ਐਂਟੀਨੇ ਦੀ ਜਗਾਹ ਡਿਸ਼ ਐਂਟੀਨੇ ਤੇ ਟਾਟਾਂ ਸਕਾਈ ਨੇ ਮੱਲ ਲਈ। ਪਰ ਫਿਰ ਕਦੇ ਕੋਚਰੀ ਨਾ ਬੋਲੀ। ਕੋਚਰੀਆਂ ਵੀ ਚਿੜੀਆਂ ਵਾਂਗ ਮੋਬਾਈਲ ਟਾਵਰਾਂ ਦੀ ਰੇਂਜ ਦਾ ਸ਼ਿਕਾਰ ਹੋ ਗਈਆਂ।
ਹੁਣ ਸ਼ਰਟ ਦੇ ਬਟਨਾਂ ਵਿੱਚ ਦੀ ਆਪਣੀ ਹੋਂਦ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਢਿੱਡ ਦੀ ਤਰ੍ਹਾਂ ਚਿੜੀਆਂ ਵੀ ਆਪਣੇ ਹੋਂਦ ਦਾ ਅਹਿਸਾਸ ਕਰਾਉਣ ਦੀ ਅਸਫਲ ਕੋਸ਼ਿਸ਼ ਕਰਦੀਆਂ ਹਨ। ਪਰ ਚਿੜੀਆਂ ਦੀ ਚਹਿਕ ਤਾਂ ਅਲੋਪ ਹੋ ਚੁੱਕੀ ਹੈ। “ਚਿੜੀ ਚੂਕਦੀ ਨਾਲ ਜਾ ਤੁਰੇ ਪਾਂਧੀ,
ਪਈਆਂ ਦੁੱਧ ਦੇ ਵਿੱਚ ਮਧਾਣੀਆਂ ਨੀ।”
ਇਹ ਗੱਲਾਂ ਸਮੇਂ ਦੇ ਬਦਲਾਵ ਨਾਲ ਖਤਮ ਹੋ ਗਈਆਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ