“ਸਰੋਜ…. ਸਰੋਜ….” ਮੈਂ ਸ਼ੁਰੂ ਤੋਂ ਹੀ ਉਸਨੂੰ ਨਾਮ ਲ਼ੈ ਕੇ ਬਲਾਉਂਦਾ ਹਾਂ। ਜਦੋਂ ਦੀ ਸਾਡੀ ਸ਼ਾਦੀ ਹੋਈ ਹੈ। ਮੈਂ ਹੀ ਨਹੀਂ ਸਾਰੇ ਹੀ ਉਸਦਾ ਨਾਮ ਹੀ ਲੈਂਦੇ ਹਨ। ਮੰਮੀ ਪਾਪਾ ਦੀਦੀ ਤੇ ਹੋਰ ਰਿਸ਼ਤੇਦਾਰ ਵੀ। ਨਾਮ ਲੈ ਕੇ ਬੁਲਾਕੇ ਉਹ ਅਪਣੱਤ ਜਾਹਿਰ ਕਰਦੇ ਹਨ।
ਅੱਜ ਮੈਂ ਆਪਣੇ ਬੈਡਰੂਮ ਚੋ ਹੀ ਉਸਨੂੰ ਅਵਾਜ ਦਿੱਤੀ।
“ਆਈ।” ਕਹਿਕੇ ਉਸਨੇ ਰਸੋਈ ਚੋ ਹੀ ਮੈਨੂੰ ਆਉਣ ਦਾ ਹੁੰਗਾਰਾ ਭਰਿਆ । ਦਰਅਸਲ ਅੱਜ ਨੋ ਵਜੇ ਵੀ ਮੈਂ ਨਾਸ਼ਤਾ ਕਰ ਲਿਆ ਸੀ। ਤੇ ਹੁਣ ਪੰਜ ਵੱਜ ਚੁੱਕੇ ਸਨ। ਆਮ ਕਰਕੇ ਮੈਂ ਨਾਸ਼ਤਾ ਨਹੀਂ ਕਰਦਾ ਬੱਸ ਢਾਈ ਤਿੰਨ ਵਜੇ ਲੰਚ ਹੀ ਕਰਦਾ ਹਾਂ ਤੇ ਪੰਜ ਕੁ ਵਜੇ ਕੌਫ਼ੀ ਦਾ ਕੱਪ ਪੀਂਦਾ ਹਾਂ। ਥੋੜੀ ਜਿਹੀ ਭੁੱਖ ਲੱਗੀ ਸੀ। ਸੋਚਿਆ ਅੱਜ ਕੌਫ਼ੀ ਨਾਲ ਹੋਰ ਲਟਰਮ ਪਟਰਮ ਦੀ ਬਜਾਇ ਪਕੌੜੇ ਖਾਧੇ ਜਾਣ।
“ਕੀ ਕਰਦੀ ਸੀ?” ਮੈਂ ਉਸਦਾ ਮੂਡ ਜਾਣਨ ਲਈ ਪੁੱਛਿਆ।
“ਬੱਸ ਕੁਝ ਨਹੀਂ। ਤੁਸੀਂ ਕੰਮ ਦੱਸੋ।” ਉਹ ਵੀ ਆਪਣਾ ਕੰਮ ਛੁਪਾ ਗਈ ਤੇ ਮੇਰੇ ਵੱਲ ਸਵਾਲੀਆ ਨਜ਼ਰਾਂ ਨਾਲ ਝਾਕਣ ਲੱਗੀ।
“ਫਿਰ ਵੀ ਕਿੱਥੇ ਸੀ।” ਮੈਥੋਂ ਉਸਦੇ ਮੂਡ ਦਾ ਅੰਦਾਜ਼ਾ ਨਾ ਲੱਗਿਆ। ਤੇ ਮੈਂ ਅਗਲਾ ਸਵਾਲ ਪੁੱਛਕੇ ਉਸਦਾ ਮੂਡ ਜੱਜ ਕਰਨਾ ਚਾਹੁੰਦਾ ਸੀ। ਕਿ ਜੇ ਮੂਡ ਠੀਕ ਹੋਇਆ ਤਾਂ ਪਕੌੜਿਆਂ ਦੀ ਡਿਮਾਂਡ ਰੱਖ ਦੇਵਾਂਗਾ। ਨਹੀਂ ਤਾਂ ਇਕੱਲੀ ਕੌਫ਼ੀ ਨਾਲ ਹੀ ਸਾਰ ਲਵਾਂਗਾ।
“ਮੈਂ ਤਾਂ ਚਾਰ ਕੁ ਪਕੌੜੇ ਬਣਾ ਰਹੀ ਸੀ। ਬਈ ਤੁਸੀਂ ਕੌਫ਼ੀ ਨਾਲ ਖਾ ਲਿਓਂ। ਸਵੇਰ ਦਾ ਤੁਸੀਂ ਕੁਝ ਨਹੀਂ ਖਾਧਾ।” ਉਹ ਇੱਕੋ ਸਾਂਹ ਸਾਰਾ ਕੁਝ ਦੱਸ ਗਈ। ਮੈਨੂੰ ਲੱਗਿਆ ਆਹ ਕੀ ਕ੍ਰਿਸ਼ਮਾ ਹੋ ਗਿਆ। ਪਰਮਾਤਮਾ ਇਨਸਾਨ ਦੇ ਦਿਲ ਦੀ ਬੁੱਝ ਲੈਂਦਾ ਹੈ। ਤੇ ਇੱਥੇ ਤਾਂ ਸ਼ਰੀਕ ਏ ਹਯਾਤ ਰੱਬ ਦਾ ਦਰਜਾ ਲ਼ੈ ਗਈ। ਖੋਰੇ ਇਸੇਨੂੰ ਟੈਲੀਪੈਥੀ ਆਖਦੇ ਹਨ। “ਦਿਲ ਦਿਲਾਂ ਦੀਆਂ ਜਾਣੈ।” ਪੰਜਾਬੀ ਵਾਲੇ ਕਹਿ ਦਿੰਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ