ਸੱਤਰ ਅੱਸੀ ਦੇ ਦਹਾਕੇ ਵਿਚ ਮੇਰੇ ਮਾਸੀ ਜੀ ਦਾ ਪਰਿਵਾਰ ਸ਼ਹਿਰ ਦੇ ਧਨਾਡਾ ਵਿੱਚ ਗਿਣਿਆ ਜਾਂਦਾ ਸੀ। ਚੌਧਰੀ ਰਾਮ ਧਨ ਦਾਸ ਸੇਠੀ ਦੇ ਨਾਮ ਦੀ ਤੂਤੀ ਬੋਲਦੀ ਸੀ। ਅਫਸਰ ਨੇਤਾ ਤੇ ਧਨਾਢ ਸਵੇਰੇ ਸ਼ਾਮ ਹਾਜ਼ਰੀ ਭਰਦੇ ਸਨ। ਓਦੋਂ ਆਮ ਘਰ ਵਿੱਚ ਇੱਕ ਸਬਜ਼ੀ ਮਸਾਂ ਬਣਦੀ ਸੀ ਪਰ ਉਹਨਾਂ ਘਰੇ ਦੁਪਹਿਰੇ ਸਬਜ਼ੀ ਰਾਇਤਾ ਤੇ ਸੁੱਕੀ ਸਬਜ਼ੀ ਸ਼ਾਮੀ ਦਾਲ ਸੁੱਕੇ ਆਲੂ ਤੇ ਕੋਈ ਸਵੀਟ ਡਿਸ਼। ਉਹ ਲੋਕ ਕਈ ਸਬਜ਼ੀਆਂ ਨੂੰ ਗਰੀਬਾਂ ਵਾਲੀਆਂ ਸਬਜ਼ੀਆਂ ਕਹਿੰਦੇ ਸਨ। ਹਾਲਾਂਕਿ ਅਸੀਂ ਕਦੇ ਮਤੀਰੀ ਦੀ ਸਬਜ਼ੀ ਘਰੇ ਵੜਨ ਨਹੀਂ ਦਿੱਤੀ ਪਰ ਉਹਨਾਂ ਦੀ ਪਸਜੀਂਦਾ ਸਬਜ਼ੀ ਸੀ। ਭਾਵੇਂ ਉਹ ਸਾਗ ਨੂੰ ਘਾਸ ਫੂਸ ਕਹਿੰਦੇ ਸਨ ਪਰ ਜਦੋਂ ਸਾਡੇ ਘਰ ਬਣਦਾ ਤਾਂ ਟਿਫ਼ਨ ਭਰ ਕੇ ਉਧਰ ਜਾਂਦਾ। ਖਿਚੜੀ ਦਲੀਆ ਡੇਲਿਆਂ ਤੇ ਤੁੱਕਿਆ ਦਾ ਅਚਾਰ ਉਹ ਨਹੀਂ ਸੀ ਬਨਾਉਂਦੇ ਪਰ ਸਾਡੇ ਕੋਲੋਂ ਸਪੈਸ਼ਲ ਬਨਾਉਂਦੇ ਸੀ। ਆਲੂ ਬੇਗੁਣੀ ਦੀ ਸਬਜ਼ੀ ਨੂੰ ਉਹ ਗਰੀਬਾਂ ਦੀ ਸਬਜ਼ੀ ਸਮਝਦੇ ਸਨ ਸੋ ਘਰੇ ਵਾੜਨ ਦਾ ਸਵਾਲ ਹੀ ਨਹੀਂ।
ਇੱਕ ਵਾਰੀ ਮਾਸੀ ਜੀ ਆਪਣੀ ਨੂੰਹ ਨੀਰੂ ਬਾਲਾ ਨਾਲ ਸਾਡੇ ਘਰੇ ਆਏ। ਲੋਕਲ ਹੋਣ ਕਰਕੇ ਤੇ ਉਹ ਆਮ ਹੀ ਆਉਂਦੇ ਸਨ। ਮਾਸੀ ਜੀ ਆ ਕੇ ਰਸੋਈ ਦੀ ਫਰੋਲਾ ਫਰਾਲੀ ਜਰੂਰ ਕਰਦੇ। ਜੋ ਬਣਿਆ ਹੁੰਦਾ ਪਸੰਦ ਹੁੰਦਾ ਬੇਹਾ ਠੰਡਾ ਖਾ ਲੈਂਦੇ। ਓਹੀ ਆਦਤ ਓਹਨਾ ਦੀ ਨੂੰਹ ਨੀਰੂ ਦੀ ਸੀ। ਅਮੀਰ ਘਰ ਦੀ ਜੰਮੀ ਤੇ ਹੋਸਟਲਾਂ ਚ ਪੜ੍ਹੀ ਨੀਰੂ ਖਾਣ ਪੀਣ ਦੇ ਮਾਮਲੇ ਚ ਜਮੀਨ ਨਾਲ ਜੁੜੀ ਲਗਦੀ। ਨੀਰੂ ਨੇ ਵੇਖਿਆ ਕਿ ਮਾਸੀ ਨੇ ਆਲੂ ਬੇਂ ਗੁਣ ਦੀ ਰਸੇਵਾਲੀ ਸਬਜ਼ੀ ਬਣਾਈ ਹੈ। ਫਿਰ ਕੀ ਸੀ ਰੋਟੀ ਅਜੇ ਬਣੀ ਨਹੀਂ ਸੀ। ਨੀਰੂ ਨੇ ਸਬਜ਼ੀ ਨਾਲ ਦੋ ਬੇਹੀਆਂ ਰੋਟੀਆਂ ਰਗੜ ਤੀਆਂ।
ਮਾਸੀ ਮੇਰੇ ਲਈ ਇੱਕ ਕੌਲੀ ਸਬਜ਼ੀ ਦੀ ਭਰ ਕੇ ਅਲਗ ਰੱਖ ਦਿਓਂ। ਮੈਂ ਘਰ ਲੈ ਕੇ ਜਾਣੀ ਹੈ। ਉਸਨੇ ਮੇਰੀ ਮਾਂ ਨੂੰ ਅਪਣੱਤ ਨਾਲ ਆਖਿਆ।
ਮੇਰੀ ਮਾਂ ਆਪਣੀ ਬਣਾਈ ਸਬਜ਼ੀ ਤੇ ਨੀਰੂ ਦਾ ਪਿਆਰ ਵੇਖਕੇ ਬਹੁਤ ਖੁਸ਼ ਹੋਈ।
ਅੱਜ ਜਦੋਂ ਘਰੇ ਆਲੂ ਬੇਂ ਗੁਣ ਦੀ ਰਸੇਵਾਲੀ ਸਬਜ਼ੀ ਬਣੀ ਤਾਂ ਕਿੱਸਾ ਯਾਦ ਆ ਗਿਆ। ਮੈਨੂੰ ਵੀ ਇਹ ਸਬਜ਼ੀ ਬਹੁਤ ਪਸੰਦ ਹੈ।
#ਰਮੇਸ਼ਸੇਠੀਬਾਦਲ