ਸਰਕਾਰੀ ਹਾਈ ਸਕੂਲ ਘੁਮਿਆਰਾ ਦਾ ਮੇਨ ਗੇਟ ਮੁੱਖ ਸੜਕ ਦੇ ਨੇੜੇ ਹੀ ਇੱਕ ਰਸਤੇ ਦੇ ਉਪਰ ਸੀ। ਲੋਹੇ ਦੇ ਪਤਰੇ ਨੂੰ ਗੁਲਾਈ ਦਾ ਆਕਾਰ ਦੇ ਕੇ ਪੰਜਾਬੀ ਵਿੱਚ ਸਕੂਲ ਦਾ ਨਾਮ ਲਿਖਿਆ ਹੋਇਆ ਸੀ। ਮਿੱਡੂ ਖੇੜਾ, ਹਾੱਕੂ ਵਾਲਾ , ਭਿਟਿ ਵਾਲਾ,ਕਿੱਲਿਆਵਾਲੀ, ਲੋਹਾਰਾ, ਬੜਿੰਗ ਖੇੜਾ ਤੇ ਵਣ ਵਾਲਾ ਤੋਂ ਆਉਣ ਵਾਲੇ ਵਿਦਿਆਰਥੀ ਇਸੇ ਗੇਟ ਰਾਹੀਂ ਸਕੂਲ ਆਉਂਦੇ ਸਨ। ਸ਼ਹਿਰੋਂ ਆਉਣ ਵਾਲਾ ਸਟਾਫ ਵੀ ਬਸ ਤੋਂ ਉਤਰ ਕੇ ਇਸੇ ਗੇਟ ਰਾਹੀਂ ਅੰਦਰ ਆਉਂਦਾ। ਪਰ ਅਸੀਂ ਪਿੰਡ ਵਾਲੇ ਸਕੂਲ ਦੇ ਪਿਛਲੇ ਛੋਟੇ ਗੇਟ ਰਾਹੀ ਹੀ ਛੱਪੜ ਵਿਚਲੇ ਰਸਤੇ ਰਾਹੀ ਸਕੂਲ ਜਾਂਦੇ। ਛੋਟੇ ਗੇਟ ਨੇੜੇ ਇੱਕ ਪੱਕੀ ਮੜ੍ਹੀ ਬਣੀ ਹੋਈ ਸੀ। ਜਿਸ ਦੇ ਆਸ਼ੇ ਪਾਸੇ ਚਬੂਤਰਾ ਬਣਿਆ ਹੋਇਆ ਸੀ। ਕਈ ਵਾਰੀ ਅਸੀਂ ਉਸੇ ਚਬੂਤਰੇ ਤੇ ਬੈਠ ਕੇ ਰੋਟੀ ਖਾਂਦੇ।
ਬਾਂਦਰ ਬਾਂਦਰ ਭੋਜਨ ਕਰਦੇ, ਬਿੱਲਿਆਂ ਬਿੱਲੀਆਂ ਝਾਕਦੀਆਂ ਵੀ ਬੋਲਦੇ। ਤਾਇਆ ਬਲਵੀਰ ਜੋ ਮੇਰੇ ਹਮ ਜਮਾਤੀ ਜੀਤ ਦਾ ਪਿਤਾ ਸੀ। ਪੰਜੀ ਦੀਆਂ ਦੋ , ਨਾ ਮਾਂ ਲੜ੍ਹੇ ਨਾ ਪਿਓ ਦੀ ਆਵਾਜ਼ ਲਗਾ ਕੇ ਕੁਲਫੀਆਂ ਵੇਚਦਾ। ਕਦੇ ਕਦੇ ਉਹ ਪੰਜੀ ਦਾ ਚੂਸਣ ਵਾਲਾ ਅੰਬ, ਅਮਰੂਦ ਵੀ ਵੇਚਦਾ। ਬਰਫ ਦਾ ਗੋਲਾ ਉਹ ਤਿੰਨ ਪੈਸਿਆਂ ਦਾ ਦਿੰਦਾ। ਬਰਫ ਰੰਦ ਕੇ ਉਪਰ ਮਿੱਠਾ ਲਾਲ ਹਰੇ ਪੀਲੇ ਸ਼ਰਬਤ ਪਾਉਂਦਾ। ਜਿਹੜਾ ਖਾਊ ਉਹ ਵੀ ਪਛਤਾਉ ਤੇ ਜਿਹੜਾ ਨਾ ਖਾਊ ਉਹ ਵੀ ਪਛਤਾਉ। ਸਾਨੂੰ ਉਸਦੀ ਪਛਤਾਉਣ ਵਾਲੀ ਗੱਲ ਦੀ ਸਮਝ ਨਾ ਆਉਂਦੀ। ਉਸਦੇ ਨਾਲ ਹੀ ਬਾਬਾ ਭਾਨਾ ਵੀ ਸਾਈਕਲ ਲਾਈ ਖੜ੍ਹਾ ਹੁੰਦਾ। ਉਹ ਟਮਾਟਰ, ਅਮਰੂਦ ਨਿੱਕੇ ਅੰਬ ਤੇ ਹੋਰ ਫਲ ਵੇਚਦਾ। ਨਮਕ਼ ਲਾ ਕੇ ਨਿੱਕੇ ਲਾਲ ਬੇਰ ਦਿੰਦਾ। ਕਈ ਵਾਰੀ ਪੇਂਦੁ ਬੇਰ ਵੀ ਦਿੰਦਾ। ਸਮਾਨ ਜੋ ਮਰਜ਼ੀ ਹੁੰਦਾ ਸੀ ਪਰ ਸਾਨੂੰ ਖਰਚਣ ਨੂੰ ਪੰਜੀ ਹੀ ਮਿਲਦੀ ਸੀ। ਉਹ ਵੀ ਕਦੇ ਕਦੇ ਨਾਕਾ ਪੈ ਜਾਂਦਾ।
ਹੁਣ ਸਕੂਲ ਦੀ ਬਣੀ ਨਵੀ ਇਮਾਰਤ ਨੇ ਸਭ ਕੁਝ ਬਦਲ ਦਿੱਤਾ। ਲੋਹੇ ਦੇ ਗਾਡਰ ਤੇ ਸਰੀਏ ਦੀ ਸੱਟ ਮਾਰ ਕੇ ਵੱਜਦੀ ਟੱਲੀ ਕੰਨਾਂ ਚ ਰਸ਼ ਘੋਲਦੀ ਸੀ। ਸਵੇਰੇ ਸਕੂਲ ਲੱਗਣ ਤੇ ਵੱਜਣ ਵਾਲੀ ਟੱਲੀ ਵੀ ਸਾਰੀ ਛੁੱਟੀ ਤੇ ਵੱਜਣ ਵਾਲੀ ਟੱਲੀ ਜਿੰਨੀ ਪਿਆਰੀ ਲਗਦੀ ਸੀ। ਟੱਲੀਆਂ ਵੀ ਘੰਟੀਆਂ ਚ ਬਦਲ ਗਈਆਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ