ਮੈਂ ਤੇ ਮੇਰਾ ਦੋਸਤ ਵਿਜੈ ਮਾਸਟਰ ਦੀਦਾਰ ਸਿੰਘ ਗਰੋਵਰ ਤੋਂ ਅੰਗਰੇਜ਼ੀ ਦੀ ਟਿਊਸ਼ਨ ਪੜ੍ਹਦੇ ਹੁੰਦੇ ਸੀ। ਮਾਸਟਰ ਜੀ ਸਾਨੂੰ ਬੜੇ ਪ੍ਰੇਮ ਨਾਲ ਟਿਊਸ਼ਨ ਪੜ੍ਹਾਉਂਦੇ। ਹਾਲਾਂਕਿ ਮਾਸਟਰ ਜੀ ਦਾ ਵੱਡਾ ਲੜਕਾ ਅਮਰਜੀਤ ਵੀ ਸਾਡੇ ਨਾਲ ਜਿਹੇ ਹੀ ਪੜ੍ਹਦਾ ਸੀ ਪਰ ਓਹ ਟਿਊਸ਼ਨ ਵੇਲੇ ਸਾਡੇ ਨਾਲ ਨਹੀਂ ਸੀ ਬੈਠਦਾ। ਸ਼ਾਇਦ ਉਹ ਆਰਟਸ ਕਰਦਾ ਸੀ ਤੇ ਅਸੀਂ ਕਾਮਰਸ। ਹੁਣ ਅਸੀਂ ਦੋਨੇ ਗਾਲੜੂ ਸੀ। ਇਸ ਲਈ ਵਿਸ਼ੇ ਤੋਂ ਹੱਟਵੀ ਗੱਲਬਾਤ ਵੀ ਹੁੰਦੀ ਰਹਿੰਦੀ। ਓਦੋਂ ਕਿਸੇ ਜੋਤਸ਼ੀ ਨੇ ਭਵਿੱਖਬਾਣੀ ਕੀਤੀ ਕਿ ਮੇਨਕਾ ਗਾਂਧੀ ਜਲਦੀ ਹੀ ਸੰਜੈ ਗਾਂਧੀ ਨੂੰ ਤਾਲਾਕ ਦੇਵੇਗੀ। ਇਹ ਗੱਲ ਕਹਿਣ ਵੇਲੇ ਮੈਂ ਇਹ ਕਹਿ ਦਿੱਤਾ ਕਿ ਮੇਨਕਾ ਗਾਂਧੀ ਜਲਦੀ ਹੀ ਸੰਜੈ ਗਾਂਧੀ ਨੂੰ ਅਸਤੀਫਾ ਦੇਵੇਗੀ। ਮੈਂ ਕਾਹਲੀ ਵਿੱਚ ਤਲਾਕ ਦੀ ਬਜਾਇ ਅਸਤੀਫਾ ਸ਼ਬਦ ਬੋਲ ਗਿਆ। ਮਾਸਟਰ ਦੀਦਾਰ ਸਿੰਘ ਨੇ ਮੇਰੀ ਗਲਤੀ ਕੱਢੀ ਤੇ ਤਾਲਾਕ ਸ਼ਬਦ ਵਰਤਨ ਲਈ ਕਿਹਾ। ਪਰ ਹੁਣ ਮੈਂ ਆਪਣੇ ਕਹੇ ਸ਼ਬਦ ਨੂੰ ਉਚਿਤ ਸਿੱਧ ਕਰਨ ਦੀ ਕੋਸ਼ਿਸ਼ ਕਰਨ ਲੱਗਿਆ। ਕਿ ਇਸ ਦੀ ਭਾਵਨਾ ਓਹੀ ਹੈ।
“ਕਈ ਵਾਰੀ ਬੰਦੇ ਨੂੰ ਪਤਾ ਹੁੰਦਾ ਹੈ ਕਿ ਇੱਥੇ ਮੇਰੀ ਗਲਤੀ ਹੈ। ਪਰ ਬੰਦਾ ਉਸਨੂੰ ਮੰਨਣ ਦੀ ਬਜਾਇ ਆਪਣੀ ਗਲਤੀ ਨੂੰ ਸਹੀ ਸਿੱਧ ਕਰਨ ਦੀ ਫਜ਼ੂਲ ਕੋਸ਼ਿਸ਼ ਕਰਦਾ ਹੈ।” ਮਾਸਟਰ ਦੀਦਾਰ ਸਿੰਘ ਨੇ ਬੜੇ ਆਰਾਮ ਜਿਹੇ ਨਾਲ ਆਖਿਆ। ਖੈਰ ਗੱਲ ਖਤਮ ਹੋ ਗਈ। ਪਰ ਉਸ ਤੋਂ ਬਾਅਦ ਵੀ ਕਈ ਵਾਰ ਅਜਿਹਾ ਹੋ ਜਾਂਦਾ ਹੈ। ਯ ਕੋਈ ਦੂਸਰਾ ਬੰਦਾ ਇਹ ਗਲਤੀ ਕਰਦਾ ਹੈ। ਤਾਂ ਮੈਨੂੰ ਗਰੋਵਰ ਸਾਹਿਬ ਦੀ ਉਹ ਗੱਲ ਯਾਦ ਆ ਜਾਂਦੀ ਹੈ ਤੇ ਆਪਣੇ ਆਪ ਨੂੰ ਸਹੀ ਸਿੱਧ ਕਰਨ ਦੀ ਜਿੱਦ ਆਪਣੇ ਆਪ ਛੁੱਟ ਜਾਂਦੀ ਹੈ। ਅਜਿਹੀਆਂ ਘਟਨਾਵਾਂ ਜਿੰਦਗੀ ਵਿੱਚ ਅਮਿੱਟ ਛਾਪ ਛੱਡ ਜਾਂਦੀਆਂ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ