ਮਹਿੰਗਾਈ | mehngai

ਕਹਿੰਦੇ ਮਹਿੰਗਾਈ ਬਹੁਤ ਵੱਧ ਗਈ।ਪਰ ਮੈਂ ਨੋਟ ਕੀਤਾ ਹੈ ਕਿ ਮਹਿੰਗਾਈ ਨਹੀਂ ਵਧੀ ਬਲਕਿ ਸਾਡੇ ਖਰਚੇ ਬਹੁਤ ਵੱਧ ਗਏ ਹਨ। ਪਹਿਲਾ ਟੂਥ ਪੇਸਟ ਬਰੱਸ ਦਾ ਕੋਈ ਖਰਚਾ ਨਹੀਂ ਸੀ ਹੁੰਦਾ ।ਨਿੰਮ ਟਾਹਲੀ ਕਿੱਕਰ ਦੀ ਦਾਤੂਨ ਚਲਦੀ ਸੀ। ਸਬੁਣ ਸੈਂਪੂ ਕੰਡੀਸ਼ਨਰ ਹੈਡਵਾਸ਼ ਮਾਊਥਵਾਸ਼ ਹੈਂਡਵਾਸ਼ ਨਹੀ ਹੁੰਦੇ ਸਨ। ਬਿਜਲੀ ਦਾ ਕੋਈ ਬਿੱਲ ਨਹੀਂ ਸੀ ਆਉਂਦਾ। ਸਾਡੇ ਘਰੇ ਇੱਕ ਲਾਲਟੈਨ ਹੁੰਦੀ ਸੀ। ਲੈਂਪ ਅਸੀਂ ਸਿਰਫ ਪੜ੍ਹਨ ਵੇਲੇ ਜਗਾਉਂਦੇ ਸੀ। ਪਾਣੀ ਦਾ ਵੀ ਕੋਈ ਬਿੱਲ ਨਹੀਂ ਸੀ ਆਉਂਦਾ। ਮੇਰੀ ਮਾਂ ਵੀਹ ਵੀਹ ਘੜੇ ਖੁਦ ਸਿਰ ਤੇ ਚੁੱਕ ਕੇ ਡਿੱਗੀ ਤੋਂ ਲਿਆਉਂਦੀ ਸੀ। ਪਸ਼ੂਆਂ ਨੂੰ ਨਹਾਉਣ ਲਈ ਅਸੀਂ ਉਹਨਾਂ ਨੂੰ ਛੱਪੜ ਤੇ ਲਿਜਾਂਦੇ ਸੀ। ਜਿਸ ਦਿਨ ਮਾਤਾ ਜਿਆਦਾ ਬਿਮਾਰ ਹੁੰਦੀ ਝਿਊਰ ਕੋਲੋ ਇੱਕ ਰੁਪਏ ਦੇ ਸੋਲਾਂ ਪੀਪੇ ਪਾਣੀ ਦੇ ਪੁਵਾ ਲੈਂਦੇ। ਗੈਸ ਸਿਲੰਡਰ ਦਾ ਕੋਈ ਖਰਚਾ ਨਹੀਂ ਸੀ ਕਿਉਂਕਿ ਘਰੇ ਬਾਲਣ ਵਾਧੂ ਹੁੰਦਾ ਸੀ। ਲਕੜਾਂ ਛਟੀਆਂ ਗੋਹੇ ਦੀਆਂ ਪਾਥੀਆਂ। ਹਾਂ ਪਿੱਤਲ ਦਾ ਸਟੋਵ ਆਉਣ ਨਾਲ ਮਿੱਟੀ ਦੇ ਤੇਲ ਦੀ ਖਪਤ ਥੋੜੀ ਵੱਧ ਗਈ ਸੀ ਪਰ ਸਟੋਵ ਖਾਸ ਜਰੂਰਤ ਵੇਲੇ ਚਲਾਇਆ ਜਾਂਦਾ ਸੀ। ਕਿਸੇ ਕਿਸੇ ਘਰ ਰੇਡੀਓ ਹੁੰਦਾ ਸੀ ਜਿਸ ਦੀ ਫੀਸ ਡਾਕਖਾਨੇ ਵਿਚ ਭਰਨੀ ਹੁੰਦੀ ਸੀ। ਥੋੜੇ ਜਿਹੇ ਘਰਾਂ ਵਿੱਚ ਸਾਈਕਲ ਹੁੰਦੇ ਸੀ ਜੋ ਬਿਨਾਂ ਪੈਟਰੋਲ ਡੀਜ਼ਲ ਦੇ ਚਲਦੇ ਸਨ। ਅੱਜ ਕੱਲ ਵਾਂਗੂ ਘਰੇ ਕਾਰਾਂ ਸਕੂਟਰ ਮੋਟਰ ਸਾਈਕਲ ਨਹੀਂ ਸੀ ਹੁੰਦੇ ਸਨ। ਜੋ ਅੱਜ ਕੱਲ ਹਰ ਘਰ ਵਿਚ ਦੋ ਦੋ ਤਿੰਨ ਤਿੰਨ ਹਨ। ਪੈਟਰੋਲ ਦੇ ਖਰਚੇ ਹੀ ਨਹੀ ਮਾਣ। ਅੱਜ ਕੱਲ੍ਹ ਵਾਂਗੂ ਮੋਬਾਈਲ ਨਹੀਂ ਸਨ। ਨਾ ਨੈੱਟ ਦੇ ਖਰਚੇ ਨਾ ਵਾਈ ਫਾਈ ਦਾ ਝੰਜਟ। ਡਿਸ਼ ਕੇਬਲ ਦੇ ਖਰਚੇ ਨਹੀਂ ਸਨ। ਪਾਣੀ ਦੀ ਇੱਕ ਗੜਵੀ ਨਾਲ਼ ਰਫ਼ਾ ਹਾਜ਼ਤ ਦਾ ਕੰਮ ਨਿਪਟ ਜਾਂਦਾ ਸੀ ਹੁਣ ਸੋਲਾਂ ਲੀਟਰ ਪਾਣੀ ਮੂਤਰ ਵਿਸਰਜਨ ਤੇ ਹੀ ਲਗ ਜਾਂਦਾ ਹੈ।
ਪਹਿਲਾਂ ਜੁਆਕ ਨਾਲ਼ ਦੇ ਪਿੰਡ ਅੱਠ ਦੱਸ ਕਿਲੋਮੀਟਰ ਪੈਦਲ ਜਾਂਦੇ ਸਨ ਟਿਊਸ਼ਨ ਦਾ ਰਿਵਾਜ ਨਹੀਂ ਸੀ ਸਰਕਾਰੀ ਸਕੂਲਾਂ ਦੀ ਫੀਸ ਦਸ ਪੈਸੇ ਹੁੰਦੀ ਸੀ। ਅੱਜ ਕੱਲ ਪ੍ਰਾਈਵੇਟ ਸਕੂਲਾਂ ਦੀ ਫੀਸ ਹਜ਼ਾਰਾਂ ਵਿੱਚ ਹੈ ਤੇ ਟਿਊਸ਼ਨ ਦੇ ਖਰਚੇ ਉਸ ਤੋਂ ਕਿਤੇ ਜ਼ਿਆਦਾ। ਪੜ੍ਹਾਈ ਲਈ ਟਿਊਸ਼ਨ ਕੋਚਿੰਗ ਪਹਿਲੀ ਸ਼ਰਤ ਹੈ ਤੇ ਸਕੂਟੀ ਵੀ ਚਾਹੀਦੀ ਹੈ। ਇੱਕ ਆਦਮੀ ਦੇ ਕੱਪੜਿਆਂ ਬੂਟਾਂ ਦਾ ਖਰਚਾ ਹੀ ਬੰਬ ਬੁਲਾ ਦਿੰਦਾ ਹੈ। ਹਰ ਜੀਅ ਕੋਲੇ ਅਣਗਿਣਤ ਸੂਟ ਤੇ ਕਈ ਕਈ ਬੂਟ ਹੁੰਦੇ ਹਨ ਉਹ ਵੀ ਬ੍ਰਾਂਡਡ। ਸਾਡੇ ਪਿੰਡ ਵਿਚ ਤਾਂ ਬਾਣੀਆਣ ਪਾਉਣ ਦਾ ਰਿਵਾਜ ਨਹੀਂ ਸੀ। ਇਲਾਸਟਿਕ ਵਾਲੇ ਕੱਛੇ ਤਾਂ ਸੁਫਨਾ ਹੀ ਸਨ। ਪੈਦਲ ਬੋਤੇ ਤੇ ਗੱਡੇ ਤਾਂਗੇ ਤੇ ਜਾਣ ਆਉਣ ਦਾ ਕੋਈ ਖਰਚਾ ਨਹੀਂ ਸੀ। ਦਾਲ ਸਬਜ਼ੀ ਮੁੱਲ ਦੀ ਨਹੀਂ ਘਰ ਦੀ ਹੁੰਦੀ ਸੀ। ਫ਼ਿਰ ਸਬਜ਼ੀ ਵੀ ਡਲੀਆਂ ਵਾਲਾ ਨੂਨ ਤੇ ਘਰ ਦੀਆਂ ਲਾਲ ਮਿਰਚਾਂ ਕੁੱਟ ਕੇ ਬਣਦੀ ਸੀ। ਹਲਦੀ ਜਿਸ ਨੂੰ ਵਸਾਰ ਆਖਦੇ ਸਨ ਹੱਟੀ ਤੋਂ ਲਿਆਉਂਦੇ ਸਨ। ਅੱਜ ਵਾਂਗੂ ਅਦਰਕ ਟਮਾਟਰ ਪਾਉਣ ਦਾ ਰਿਵਾਜ ਨਹੀਂ ਸੀ। ਘਰ ਦੀ ਲੱਸੀ ਦਹੀਂ ਕਾੜ੍ਹਨੀ ਦਾ ਦੁੱਧ ਹੀ ਮੇਵਾ ਸਨ। ਕੋਈ ਫਾਸਟ ਫੂਡ ਨਹੀਂ ਸੀ ਹੁੰਦਾ। ਘਰੇ ਗੱਜਕ ਮਰੂੰਡੇ ਮਠੀਆਂ ਪੂੜੇ ਗੁਲਗਲੇ ਚੂਰੀ ਪਕੌੜੇ ਮਿੱਠੀਆਂ ਰੋਟੀਆਂ ਗੁੜ ਦੇ ਚੋਲ ਬਣਾਏ ਜਾਂਦੇ ਸਨ ਜੋ ਨੁਕਸਾਨ ਨਹੀਂ ਸੀ ਕਰਦੇ ਤੇ ਕੋਈ ਲਾਗਤ ਵੀ ਨਹੀਂ ਸੀ ਆਉਂਦੀ। ਸਸਤੇ ਦੋ ਸੂਟ ਸੂਤੀ ਕਪੜੇ ਤੇ ਲੋਕਲ ਬਣੀ ਇੱਕ ਜੁੱਤੀ ਦਾ ਜੋੜਾ ਹੁੰਦਾ ਸੀ। ਇਸ ਪ੍ਰਕਾਰ ਅੱਜ ਦੇ 99 ਪ੍ਰਤੀਸ਼ਤ ਖਰਚੇ ਪਹਿਲਾਂ ਨਹੀਂ ਸੀ ਹੁੰਦੇ।
ਅੱਜ ਕੱਲ੍ਹ ਤਾਂ ਨਾਲ ਦੇ ਹੀ ਕਹਿ ਦਿੰਦੇ ਹਨ ਐਂਕਲ ਮੁੰਡੇ ਦਾ ਵਿਆਹ ਹੈ ਸਕੈਚਰ ਦੇ ਬੂਟ ਲਿਆਇਓ ਸੱਤ ਹਜ਼ਾਰ ਦੇ ਆਉਣਗੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *