ਪੁਰਾਣੇ ਵੇਲਿਆਂ ਵਿੱਚ ਜਦੋਂ ਜਵਾਈ ਰਾਜਾ ਜਿਸ ਨੂੰ ਪ੍ਰੋਹਣਾ ਆਖਿਆ ਜਾਂਦਾ ਸੀ ਆਪਣੇ ਸੋਹਰੇ ਘਰ ਆਉਂਦਾ ਤਾਂ ਉਸਦਾ ਵਿਸ਼ੇਸ ਢੰਗ ਨਾਲ ਆਦਰ ਕੀਤਾ ਜਾਂਦਾ ਸੀ। ਉਸ ਲਈ ਰੰਗਦਾਰ ਸੂਤ ਨਾਲ ਬੁਣਿਆ ਨਵਾਂ ਮੰਜਾ ਡਾਹ ਕੇ ਉਪਰ ਨਵੀ ਦਰੀ ਤੇ ਹੱਥ ਨਾਲ ਕੱਢੀ ਫੁੱਲਾਂ ਵਾਲੀ ਚਾਦਰ ਵਿਛਾਈ ਜਾਂਦੀ ਸੀ। ਵਧੀਆ ਕਢਾਈ ਕੀਤਾ ਸਿਰਹਾਣਾ ਰਖਿਆ ਜਾਂਦਾ ਸੀ। ਪ੍ਰੋਹਣਾ ਸਾਹਿਬ ਸਾਰਾ ਦਿਨ ਉਸ ਮੰਜੇ ਤੇ ਪਏ ਰਹਿੰਦੇ ਸਨ। ਮੰਜਾ ਅਕਸਰ ਗਲੀ ਦੇ ਸਾਹਮਣੇ ਹੋਣ ਕਰਕੇ ਹਰ ਆਉਂਦਾ ਜਾਂਦਾ ਪ੍ਰੋਹਣਾ ਸਾਹਿਬ ਨੂੰ ਨਿਹਾਰਦਾ। ਮੰਜੇ ਕੋਲ ਕੋਈ ਸਾਲਾ ਯ ਸੱਸ ਉਸਨੂੰ ਪੱਖੀ ਝਲਦੀ ਰਹਿੰਦੀ। ਯ ਉਹ ਖੁੱਦ ਮੜ੍ਹਕ ਨਾਲ ਪੱਖੀ ਝਲਦਾ। ਗੁਆਂਢਣਾ ਖਾਸ ਕਰ ਜੁਆਨ ਉਮਰ ਦੀਆਂ ਲੜਕੀਆਂ ਪ੍ਰੋਹਣਾ ਦੇਖਣ ਆਉਂਦੀਆਂ।
ਮੇਰੇ ਨਾਨਕੇ ਪਿੰਡ ਬਾਦੀਆਂ (ਮੁਕਤਸਰ ) ਵੀ ਇਹੀ ਰਿਵਾਜ ਸੀ। ਮੇਰੀ ਮਾਂ ਦੱਸਦੀ ਹੁੰਦੀ ਸੀ ਕਿ ਜਦੋ ਤੇਰੇ ਪਾਪਾ ਜੀ ਉਥੇ ਜਾਂਦੇ ਤਾਂ ਉਹਨਾਂ ਵਾਸਤੇ ਵੀ ਪਿੰਡ ਦੇ ਰਿਵਾਜ ਮੁਤਾਬਿਕ ਮੰਜਾ ਡਾਹਿਆ ਜਾਂਦਾ ਤੇ ਬਿਸਤਰਾ ਵਿਛਾਇਆ ਜਾਂਦਾ। ਪਰ ਤੇਰੇ ਪਾਪਾ ਜੀ ਨੂੰ ਇਹ ਸਭ ਪਸੰਦ ਨਹੀਂ ਸੀ। ਸੋ ਉਹ ਬਿਸਤਰਾ ਇੱਕਠਾ ਕਰ ਦਿੰਦੇ। ਤੇ ਮੰਜੇ ਤੇ ਬੈਠ ਜਾਂਦੇ। ਗੁਆਂਢਣਾ ਹੈਰਾਨ ਹੁੰਦੀਆਂ ਤੇ ਪੁੱਛਦੀਆਂ ਬੀਬੀ ਪ੍ਰੋਹਣਾ ਗੁੱਸੇ ਹੈ ਕਿ। ਬਿਸਤਰਾ ਕਿਉਂ ਇੱਕਠਾ ਕੀਤਾ। ਮੇਰੀ ਨਾਨੀ ਲੋਕਾਂ ਨੂੰ ਸਪਸ਼ਟੀ ਕਰਨ ਦਿੰਦੀ। ਤੇ ਘਰੇ ਆ ਕੇ ਗੁੱਸੇ ਵੀ ਹੁੰਦੀ। ਪਾਪਾ ਜੀ ਨੂੰ ਬਿਸਤਰਾ ਇੱਕਠਾ ਨਾ ਕਰਨ ਬਾਰੇ ਕਹਿੰਦੀ।
ਪਰ ਮੇਰੇ ਪਾਪਾ ਜੀ ਵੀ ਅੜੀਅਲ ਸਨ ਤੇ ਇਹਨਾਂ ਗੱਲਾਂ ਤੇ ਵਿਸ਼ਵਾਸ ਨਹੀਂ ਸੀ ਕਰਦੇ।
ਅੱਜ ਕੱਲ ਜਵਾਈਆਂ ਦੀ ਪਹਿਚਾਣ ਨਹੀਂ ਹੁੰਦੀ। ਮੁੰਡਿਆਂ ਵਾਂਗੂ ਹੀ ਘਰ ਵਿੱਚ ਰਚ ਮਿਚ ਜਾਂਦੇ ਹਨ। ਜਾ ਰੁੱਸਕੇ ਵੀਟਰ ਜਾਂਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ