#ਪ੍ਰਕਾਸ਼_ਬਨਾਮ_ਬਾਦਲ_ਸਾਹਿਬ।
ਗੱਲ 2004 ਦੀ ਹੈ ਸ੍ਰੀ ਬੀ ਆਰ ਬਾਂਗਾਂ ਜੀ ਨੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵੱਜੋਂ ਚਾਰਜ ਸੰਭਾਲਿਆ। ਉਹ ਬਹੁਤ ਵਧੀਆ ਅਫਸਰ ਸਨ। ਸੁਭਾਅ ਦੇ ਥੌੜੇ ਸਖਤ ਪਰ ਗੱਲ ਦੀ ਤਹਿ ਤੱਕ ਜਾਣ ਵਾਲੇ। ਸਕੂਲ ਦੀ ਕਮੇਟੀ ਦੇ ਚੇਅਰਮੈਨ ਹੋਣ ਕਰਕੇ ਅਕਸਰ ਉਹਨਾਂ ਨਾਲ ਵਾਹ ਪੈਂਦਾ। ਸੂਬੇ ਵਿੱਚ ਕਾਂਗਰਸ ਦੀ ਸਰਕਾਰ ਸੀ। ਵਿਰੋਧੀ ਧਿਰ ਤੇ ਵਾਧੂ ਸਖਤੀ ਸੀ। ਬਾਂਗਾਂ ਸਾਹਿਬ ਆਪਣੀ ਗਲਬਾਤ ਵਿੱਚ ਬਾਦਲ ਸਾਹਿਬ ਨੂੰ ਪ੍ਰਕਾਸ਼ ਹੀ ਆਖਦੇ। ਬੜਾ ਅਜੀਬ ਲਗਦਾ। ਬੇਲੋੜੇ ਵਿਵਾਦ ਤੋਂ ਬੱਚਦੇ ਹੋਏ ਸਕੂਲ ਮੁਖੀ ਨੇ ਆਪਣੇ ਦਫਤਰ ਵਿੱਚ ਲੱਗੀ ਬਾਦਲ ਸਾਹਿਬ ਦੀ ਤਸਵੀਰ ਵੀ ਉਤਾਰ ਦਿੱਤੀ। ਸਕੂਲ ਦੇ ਸਲਾਨਾ ਫ਼ੰਕਸ਼ਨ ਤੇ ਡੀਸੀ ਸਾਹਿਬ ਮੁੱਖ ਮਹਿਮਾਨ ਸਨ। ਸੱਦਾ ਬਾਦਲ ਸਾਹਿਬ ਜੀ ਨੂੰ ਵੀ ਭੇਜਿਆ ਗਿਆ ਸੀ। ਦਿੱਤੇ ਟਾਈਮ ਤੇ ਬਾਦਲ ਸਾਹਿਬ ਆਪਣੇ ਕਾਫਲੇ ਨਾਲ ਸਕੂਲ ਦੇ ਪ੍ਰੋਗਰਾਮ ਤੇ ਪਹੁੰਚ ਗਏ। ਕਿਉਂਕਿ ਮੁੱਖ ਮਹਿਮਾਨ ਦੇ ਆਏ ਬਿਨਾ ਪ੍ਰੋਗਰਾਮ ਸ਼ੁਰੂ ਨਹੀਂ ਕੀਤਾ ਜਾ ਸਕਦਾ ਸੀ। ਅਸੀਂ ਮੁੱਖ ਮਹਿਮਾਨ ਦਾ ਇੰਤਜ਼ਾਰ ਕਰਨ ਲੱਗੇ। ਬਾਦਲ ਸਾਹਿਬ ਚਾਲੀ ਪੰਤਾਲੀ ਮਿੰਟ ਸਕੂਲ ਵਿੱਚ ਰੁਕੇ। ਸ਼ਾਇਦ ਉਹ ਸਮਝ ਗਏ। ਤੇ ਉਹ ਸਕੂਲ ਤੋੰ ਚਲੇ ਗਏ। ਓਹਨਾ ਦੇ ਨਿਕਲਣ ਤੋਂ ਪੰਜ ਮਿੰਟ ਬਾਅਦ ਹੀ ਡੀਸੀ ਸਾਹਿਬ ਆ ਗਏ। ਸੁਣਿਆ ਸੀ ਕਿ ਡੀਸੀ ਸਾਹਿਬ ਲੰਬੀ ਰੁਕੇ ਰਹੇ ਤੇ ਬਾਦਲ ਸਾਹਿਬ ਦੇ ਜਾਣ ਦਾ ਇੰਤਜ਼ਾਰ ਕਰਦੇ ਰਹੇ।
ਕੋਈਂ ਮਹੀਨੇ ਕੁ ਬਾਦ ਡੀਸੀ ਸਾਹਿਬ ਫਿਰ ਸਕੂਲ ਆਏ ਸ਼ਾਇਦ ਸਟਾਫ ਸਿਲੈਕਸ਼ਨ ਕਮੇਟੀ ਦੀ ਮੀਟਿੰਗ ਸੀ। ਬਾਦਲ ਸਾਹਿਬ ਕਾਲਜ ਵਿੱਚ ਬੈਠੇ ਸਨ। ਬਾਦਲ ਸਾਹਿਬ ਕਾਲਜ ਤੋਂ ਸਕੂਲ ਆਏ। ਦੋਨਾਂ ਦੀ ਦਸ ਕੁ ਮਿੰਟ ਇਕੱਲਿਆਂ ਦੀ ਮੁਲਾਕਾਤ ਹੋਈ। ਇਸ ਗੁਪਤ ਮੁਲਾਕਾਤ ਨੂੰ ਅਸੀਂ ਸਮਝ ਗਏ। ਪਤਾ ਨਹੀਂ ਉਸ ਮੀਟਿੰਗ ਵਿਚ ਬਾਦਲ ਸਾਹਿਬ ਨੇ ਕੀ ਗਿੱਦੜ ਸਿੰਗੀ ਸੁੰਘਾਈ ਕਿ ਬਾਂਗਾਂ ਸਾਹਿਬ ਹੁਣ ਪ੍ਰਕਾਸ਼ ਨਹੀਂ ਬਾਦਲ ਸਾਹਿਬ ਸ਼ਬਦ ਵਰਤਣ ਲੱਗ ਪਏ। ਇਹ ਬਾਬਾ ਬਾਦਲ ਦੀ ਸਖਸ਼ੀਅਤ ਦਾ ਹੀ ਕਮਾਲ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ