ਛੋਟੇ ਹੁੰਦੇ ਨੂੰ ਮੈਨੂੰ ਇਹ ਨਹੀਂ ਸੀ ਪਤਾ ਕਿ ਸ਼ਬਦ ਨਿਮਾਣੀ ਹੁੰਦਾ ਹੈ ਯ ਨਮਾਣੀ। ਬਸ ਇੰਨਾ ਪਤਾ ਸੀ ਇਸ ਦਿਨ ਠੰਡਾ ਤੇ ਮਿੱਠਾ ਪਾਣੀ ਪਿਲਾਉਂਦੇ ਹਨ। ਇਸ ਮਿੱਠੇ ਪਾਣੀ ਪਿਲਾਉਣ ਨੂੰ ਛਬੀਲ ਲਾਉਣਾ ਕਹਿੰਦੇ ਹਨ। ਫਿਰ ਤਾਂ ਖ਼ੈਰ ਛਬੀਲ ਲਾਉਣ ਦੇ ਅਰਥ ਹੀ ਬਦਲ ਗਏ। ਸ਼ਹਿਰ ਆਇਆ ਤਾਂ ਪਤਾ ਲਗਿਆ ਲੋਕ ਇਸ ਨੂੰ ਹੜ੍ਹ ਨਮਾਣੀ ਆਖਦੇ ਹਨ। ਛੇਵੀ ਜਮਾਤ ਵਿੱਚ ਪੜ੍ਹਦਾ ਸੀ। ਅੱਧੀ ਛੁੱਟੀ ਵੇਲੇ ਘਰ ਗਿਆ ਤਾਂ ਛਬੀਲ ਦੀ ਚਰਚਾ ਹੋਈ। ਪਾਪਾ ਜੀ ਚੰਗੇ ਮੂਡ ਵਿੱਚ ਸਨ। ਕਹਿੰਦੇ ਬਾਲਟੀ ਭਰ ਕੇ ਲੈ ਲਾ ਸਾਰੀ ਜਮਾਤ ਨੂੰ ਪਾਣੀ ਪਿਲਾ ਦੇਵੀ। ਇੱਕ ਬਾਲਟੀ ਵਿੱਚ ਉਹਨਾਂ ਨੇ ਜਿਆਦਾ ਖੰਡ ਪਾਕੇ ਅਤੇ ਇੱਕ ਪੂਰੀ ਬੋਤਲ ਸ਼ਰਬਤ ਦੀ ਪਾ ਦਿੱਤੀ। ਹੁਣ ਇੱਕ ਜਗ ਇਸ ਸ਼ਰਬਤ ਨਾਲ ਇੱਕ ਬਾਲਟੀ ਮਿੱਠੇ ਪਾਣੀ ਦੀ ਤਿਆਰ ਹੋ ਸਕਦੀ ਸੀ। ਬਾਲਟੀ ਵਾਲਾ ਸ਼ਰਬਤ ਬਹੁਤ ਜਿਆਦਾ ਗਾੜ੍ਹਾ ਤੇ ।ਮਿੱਠਾ ਸੀ। ਜਿਸ ਤੋਂ ਚਾਰ ਪੰਜ ਬਾਲਟੀਆਂ ਪੀਣ ਵਾਲੇ ਸ਼ਰਬਤ ਦੇ ਤਿਆਰ ਹੋਣ ਦੀ ਉਮੀਦ ਸੀ। ਪਾਪਾ ਜੀ ਨੇ ਮੇਰੀ ਸਾਰੀ ਜਮਾਤ ਤੇ ਬਾਕੀ ਜਮਾਤਾਂ ਦੀਆਂ ਸਿਰਫ ਕੁੜੀਆਂ ਨੂੰ ਸ਼ਰਬਤ ਪਿਲਾਉਣ ਲਈ ਆਖਿਆ। ਹੈਡ ਮਾਸਟਰ ਸਾਹਿੱਬ ਤੋਂ ਆਗਿਆ ਲੈ ਕੇ, ਉਸ ਨੂੰ ਦੋ ਗਿਲਾਸ ਪਿਲਾ ਕੇ ਸਾਰੇ ਸਟਾਫ ਨੂੰ ਰੱਜਵਾਂ ਸ਼ਰਬਤ ਪਿਆਇਆ। ਫਿਰ ਮੇਰੀ ਜਮਾਤ ਦੀ ਵਾਰੀ ਸੀ। ਪਰ ਘੁਮਿਆਰੇ ਸਕੂਲ ਦਾ ਚੌਕੀਦਾਰ ਗੁਰਦਿਆਲ ਜਿਸ ਨੂੰ ਗੁਰਦਿਆਲ ਮੋਟਾ ਆਖਦੇ ਸਨ ,ਜੋ ਸਾਡੀ ਇਮਦਾਦ ਕਰ ਰਿਹਾ ਸੀ। ਕਹਿੰਦਾ ਮੇਨੇ ਤੋਂ ਇਸ ਬਾਲਟੀ ਸ਼ੇ ਹੀ ਸਰਬਤ ਪੀਨਾ ਹੈ। ਤੇ ਉਹ ਦੋ ਗਿਲਾਸ ਗਾੜ੍ਹੇ ਸ਼ਰਬਤ ਦੇ ਡੀਕ ਲਾ ਕੇ ਪੀ ਗਿਆ। ਸਾਡੀ ਜਮਾਤ ਦੇ ਪੀਣ ਤੋਂ ਬਾਦ ਬਾਕੀ ਜਮਾਤਾਂ ਦੀਆਂ ਕੁੜੀਆਂ ਦਾ ਨੰਬਰ ਸੀ। ਇੱਕ ਟੀਚਰ ਜਿਸ ਨੂੰ ਕੋਈ ਈਰਖਾ ਸੀ ਯ ਈਗੋ ਸੀ ਨੇ ਆਪਣੀ ਜਮਾਤ ਦੀਆਂ ਕੁੜੀਆਂ ਨੂੰ ਸ਼ਰਬਤ ਪੀਣ ਨਹੀਂ ਭੇਜਿਆ। ਕਹਿੰਦਾ ਮੇਰੀ ਜਮਾਤ ਦੇ ਮੁੰਡਿਆਂ ਨੂੰ ਕਿਓਂ ਨਹੀਂ ਪਿਆਉਂਦੇ। ਫਿਰ ਵੀ ਸਾਰੀਆਂ ਜਮਾਤਾਂ ਦੀਆਂ ਕੁੜੀਆਂ ਸਟਾਫ ਤੇ ਦਰਜਾ ਚਾਰ ਨੇ ਖੂਬ ਮਿੱਠਾ ਪਾਣੀ ਪੀਤਾ। ਉਸ ਈਰਖਾ ਵਾਲੇ ਅਧਿਆਪਕ ਦੀ ਜਮਾਤ ਨੂੰ ਛੱਡ ਕੇ। ਫਿਰ ਉਹ ਅਧਿਆਪਕ ਸਾਹਿਬ ਕਈ ਦਿਨ ਮੇਰੇ ਤੇ ਔਖੈ ਰਹੇ ਤੇ ਕਿਸੇ ਆਨੀ ਬਹਾਨੀ ਮੇਰੇ ਤੇ ਹੱਥ ਹੋਲੇ ਕਰਨ ਦੀ ਫ਼ਿਰਾਕ ਵਿੱਚ ਰਹੇ। ਫਿਰ ਗੱਲ ਆਈ ਗਈ ਹੋ ਗਈ। ਮੇਰੀ ਛਬੀਲ ਲਗਦੀ ਲੱਗਦੀ ਰਿਹ ਗਈ।
#ਰਮੇਸ਼ਸੇਠੀਬਾਦਲ
9876627233