ਸਾਡੇ ਪਿੰਡ ਵਾਲੇ ਘਰ ਦੇ ਨਾਲ ਲਗਦੇ ਸ਼ਿੰਦੀ ਦੇ ਘਰ ਦੇ ਨਾਲ ਚਾਚੀ ਜਸਕੁਰ ਦਾ ਘਰ ਸੀ।ਉਹ ਮੇਰੀ ਨਹੀਂ ਮੇਰੇ ਪਾਪਾ ਦੀ ਚਾਚੀ ਲਗਦੀ ਸੀ। ਓਹਨਾ ਦੀ ਰੀਸ ਨਾਲ ਅਸੀਂ ਵੀ ਉਸਨੂੰ ਚਾਚੀ ਆਖਦੇ ਸੀ। ਚਾਚਾ ਗੁਜਰੇ ਨੂੰ ਕਈ ਸਾਲ ਹੋਗੇ ਸਨ। ਚਾਚੀ ਆਪ ਖੇਤੀ ਕਰਕੇ ਪਰਿਵਾਰ ਪਾਲਦੀ ਸੀ। ਸੱਚੀ ਬੰਦਿਆਂ ਵਰਗੀ ਦਲੇਰ ਸੀ। ਬੋਲਣ ਤੇ ਲੜਨ ਨੂੰ ਸ਼ੇਰ ਸੀ ਚਾਚੀ। ਸ਼ਰੀਕ ਤੇ ਗੁਆਂਢੀ ਝੇਂਪ ਮੰਨਦੇ ਸਨ ਚਾਚੀ ਤੋੰ। ਘਰੇ ਲਵੇਰਾ ਜਰੂਰ ਰੱਖਦੀ। ਓਹਨਾ ਦੀ ਮੱਝ ਹਰ ਸਾਲ ਕੱਟੀ ਹੀ ਦਿੰਦੀ ਤੇ ਸਾਲ ਸਾਲ ਦੀ ਵਿੱਥ ਤੇ ਹੋਈਆਂ ਕੱਟੀਆਂ ਝੋਟੀਆਂ ਤੇ ਲਵੇਰੀਆਂ ਬਣ ਜਾਂਦੀਆਂ। ਚਾਚੀ ਦੇ ਦੋਨੋ ਮੁੰਡੇ ਤੇਜਾ ਤੇ ਜਗਰੀ ਮੇਰੇ ਵੇਖਦੇ ਵੇਖਦੇ ਜਵਾਨ ਹੋਏ ਤੇ ਫਿਰ ਬੁੱਢੇ ਹੋ ਗਏ। ਮੈਂ ਚਾਚੀ ਨੂੰ 1969 70 ਤੋਂ ਜਾਣਦਾ ਹਾਂ। ਬਥੇਰੇ ਵਾਰੀ ਚਾਚੀ ਦੇ ਹੱਥਾਂ ਦਾ ਸਾਗ, ਦਾਲ ਚਟਨੀ ਤੇ ਤੰਦੂਰੀ ਰੋਟੀ ਖਾਧੀ। ਲੱਸੀ ਤਾਂ ਬਹੁਤ ਪੀਤੀ ਚਾਚੀ ਦੇ ਘਰ ਦੀ। ਚਾਚੀ ਦੀ ਵੱਡੀ ਕੁੜੀ ਗੇਬੋ ਦਾ ਵਿਆਹ ਵੀ ਮੇਰੀ ਸੁਰਤ ਵਿਚ ਹੋਇਆ। ਮੈਂ ਵਿਆਹ ਵੇਲੇ ਸਿਖਿਆ ਪੜ੍ਹੀ ਸੀ। ਛੋਟੀਆਂ ਕੁੜੀਆਂ ਦੋ ਸਨ ਮੈਂ ਉਹਨਾਂ ਦੇ ਨਾਮ ਭੁੱਲ ਗਿਆ। ਪਰ ਇੱਕ ਦਿਨ ਮੈਨੂੰ ਮਾਨਸਾ ਦੇ ਨੇੜੇ ਕਿਸੇ ਪਿੰਡ ਤੋਂ ਫੋਨ ਆਇਆ। ਫੋਨ ਕਰਨ ਵਾਲਾ ਚਾਚੀ ਦਾ ਛੋਟਾ ਜਵਾਈ ਸੀ। ਕਿਸੇ ਡਾਕਟਰ ਕੋਲੋ ਦਵਾਈ ਲੈਣ ਆਇਆ ਨੇ ਪੰਜਾਬੀ ਜਾਗਰਣ ਵਿਚ ਮੇਰਾ ਛਪਿਆ ਕੋਈ ਲੇਖ ਪੜ੍ਹ ਲਿਆ ਜੋ ਮੈਂ ਮੇਰੀ ਮਾਂ ਅਤੇ ਉਸਦੀਆਂ ਗੁਆਂਢੀ ਸਹੇਲੀਆਂ ਤੇ ਲਿਖਿਆ ਲੇਖ ਪੜ੍ਹਿਆ ਸੀ। ਫਿਰ ਚਾਚੀ ਦੀ ਛੋਟੀ ਲੜਕੀ ਨੇ ਮੇਰੇ ਨਾਲ ਗੱਲ ਕੀਤੀ। ਹੁਣ ਉਹ ਵੀ ਨੂੰਹਾਂ ਜਵਾਈਆਂ ਵਾਲੀ ਹੋ ਗਈ ਸੀ। ਉਹ ਅਖਬਾਰ ਘਰ ਲੈ ਗਈ। ਤੇ ਕੱਲ ਅਚਾਨਕ 95 ਸਾਲਾਂ ਦੀ ਉਮਰ ਭੋਗ ਕੇ ਚਾਚੀ ਜਸਕੁਰ ਸਦੀਵੀ ਵਿਛੋੜਾ ਦੇ ਗਈ। ਮੈਂ ਪਿੱਛਲੇ ਦਸ ਪੰਦਰਾਂ ਸਾਲਾਂ ਤੋਂ ਚਾਚੀ ਦੇ ਪਰਿਵਾਰ ਦੇ ਸੰਪਰਕ ਵਿਚ ਨਹੀਂ ਸੀ। ਪਰ ਚਾਚੀ ਦੇ ਛੋਟੇ ਜਵਾਈ ਨੇ ਪੇਟੀ ਵਿਚ ਸੰਭਾਲ ਕੇ ਰੱਖੇ ਉਸ ਅਖਬਾਰ ਵਿਚੋਂ ਜਿਥੇ ਮੇਰਾ ਆਰਟੀਕਲ ਛਪਿਆ ਸੀ ਮੇਰਾ ਮੋਬਾਈਲ ਨੰਬਰ ਲਿਆ ਤੇ ਮੈਨੂੰ ਚਾਚੀ ਦੇ ਰੁਖਸਤ ਹੋ ਜਾਣ ਦਾ ਦੁਖਦ ਸਮਾਚਾਰ ਸੁਣਾਇਆ ਤੇ ਵੀਰਵਾਰ ਨੂੰ ਭੋਗ ਤੇ ਪਹੁੰਚਣ ਲਈ ਆਖਿਆ। ਉਸਦੇ ਫੋਨ ਤੋਂ ਬਾਦ ਮੇਰਾ ਮਨ ਉਦਾਸ ਹੋ ਗਿਆ। ਚਾਚੀ ਜਸਕੁਰ ਨਾਲ ਮੇਰੀ ਮਾਂ ਦੇ ਪਿਆਰ ਤੇ ਵਰਤਾਰੇ ਦੇ ਸੀਨ ਮੇਰੀਆਂ ਅੱਖਾਂ ਅੱਗੇ ਘੁੰਮ ਗਏ।ਮੇਰੀ ਮਾਂ ਦੀਆਂ ਯਾਦਾਂ ਹੰਝੂਆਂ ਦੇ ਰੂਪ ਵਿਚ ਵਹਿ ਤੁਰੀਆਂ। ਹੁਣ ਨਹੀਂ ਲੱਭਦੀਆਂ ਜਸਕੁਰ ਵਰਗੀਆਂ ਚਾਚੀਆਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ