#ਗੱਲਾਂ_ਤੰਦੂਰੀ_ਦੀਆਂ।
ਸਵੇਰੇ ਸ਼ਾਮੀ ਅਸੀਂ ਉਸੇ ਤੰਦੂਰੀ ਤੇ ਪੰਜ ਸੱਤ ਰੋਟੀਆਂ ਲਗਵਾਉਣ ਲਈ ਚਲੇ ਜਾਂਦੇ ਹਾਂ। ਤੰਦੂਰੀ ਭਾਵੇਂ ਨੇੜੇ ਹੀ ਹੈ ਪਰ ਅਸੀਂ ਆਪਣੀ ਕਾਰ ਤੇ ਹੀ ਜਾਂਦੇ ਹਾਂ। ਕਿਉਂਕਿ ਇੱਕ ਤਾਂ ਕਬੀਲਦਾਰੀ ਦੀਆਂ ਚਾਰ ਗੱਲਾਂ ਕਰ ਲੈਂਦੇ ਹਾਂ ਦੂਸਰਾ ਲੋਕਾਂ ਦੀਆਂ ਦਿਲਚਸਪ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਤੇ ਕਿਸੇ ਪੋਸਟ ਦਾ ਜੁਗਾੜੁ ਹੋ ਜਾਂਦਾ ਹੈ। ਅੱਜ ਸਕੂਟਰੀ ਤੇ ਅਧੇੜ ਉਮਰ ਦੇ ਮੀਆਂ ਬੀਵੀ ਰੋਟੀਆਂ ਲਵਾਉਣ ਲਈ ਆਏ।
“ਭਾਈ ਤੁਸੀ ਕੌਣ ਹੋ?” ਸਕੂਟਰੀ ਰੋਕਦੇ ਹੋਏ ਉਸ ਆਦਮੀ ਨੇ ਕਿਸੇ ਖਾਸ ਜਿਹੀ ਸ਼ੰਕਾ ਦੇ ਨਿਵਾਰਨ ਲਈ ਪੁੱਛਿਆ।
“ਅਸੀਂ ਹੀ ਤੰਦੂਰ ਵਾਲੀਆਂ ਹਾਂ।” ਕੁੱਢਣ ਨਾਲ ਅੱਗ ਫਰੋਲਦੀ ਮਾਈ ਨੇ ਖਚਰਾ ਜਿਹਾ ਜਵਾਬ ਦਿੱਤਾ।
“ਨਹੀਂ ਭਾਈ ਮੇਰਾ ਮਤਲਬ ਹੈ ਤੁਸੀਂ ਕੌਣ ਹੁੰਦੇ ਹੋ। ਜਾਤ ਬਿਰਾਦਰੀ।” ਹੁਣ ਥੋੜ੍ਹਾ ਝਿਫਦੇ ਹੋਏ ਨੇ ਆਪਣੀ ਗੱਲ ਸ਼ਾਫ ਕੀਤੀ ।
“ਅਸੀਂ ਬਾਈ ਮਜ਼੍ਹਬੀ ਹੁੰਦੇ ਹਾਂ। ਮਜ਼੍ਹਬੀ ਸਿੱਖ।” ਤੰਦੂਰ ਵਾਲੀ ਮਾਈ ਜੋ ਪਹਿਲਾਂ ਹੀ ਮਾਜਰਾ ਸਮਝ ਚੁੱਕੀ ਸੀ ਨੇ ਕਿਹਾ।
“ਮ ਜ਼ ਬੀ ਸਿੱ ਖ” ਸ਼ਬਦ ਉਸਦੀ ਜ਼ੁਬਾਨ ਵਿੱਚ ਅਟਕ ਗਏ ਤੇ ਉਸਨੇ ਸਕੂਟਰੀ ਅੱਗੇ ਤੋਰ ਲਈ।
ਅਸੀਂ ਸਾਰੇ ਹੈਰਾਨ ਹੋ ਗਏ ਤੇ ਇਕ ਦੂਜੇ ਵੱਲ ਝਾਕਣ ਲੱਗੇ
“ਇਸ ਵੱਡੇ ਚੌਧਰੀ ਨੂੰ ਕੋਈਂ ਪੁੱਛੇ ਕਿ ਕਣਕ ਬੀਜਣ, ਕੱਢਣ, ਸੰਭਾਲਣ, ਕਣਕ ਪੀਹਣ ਵਾਲੇ ਬਹੁਤੇ ਮਜ਼੍ਹਬੀ ਸਿੱਖ ਹੀ ਹੁੰਦੇ ਹਨ। ਹੋਟਲਾਂ ਤੇ ਵਿਆਹਾਂ ਤੇ ਤੰਦੂਰੀ ਰੋਟੀ ਨਾਨ ਲਾਉਣ ਵਾਲੀਆਂ ਵੀ ਸਾਡੇ ਚੋ ਹੀ ਹੁੰਦੀਆਂ ਹਨ। ਆਇਆ ਵੱਡਾ ਸੂਗਲ।” ਮੈਂ ਕੁਝ ਬੋਲਣ ਹੀ ਲੱਗਿਆ ਸੀ। ਕਿ ਮੇਰੇ ਬੋਲਣ ਤੋਂ ਪਹਿਲਾਂ ਹੀ ਤੰਦੂਰ ਵਾਲੀ ਆਪਣੀ ਭੜਾਸ ਕੱਢ ਗਈ। ਕਾਸ਼ ਉਹ ਸਕੂਟਰੀ ਵਾਲੀ ਜੋੜੀ ਇਹ ਜਵਾਬ ਸੁਣ ਲੈਂਦੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ