ਮੇਰੀ ਪੰਜਵੀ ਕਿਤਾਬ ਬਾਬੇ ਹਰਗੁਲਾਲ ਦੀ ਹੱਟੀ II ਜੋ ਮਾਰਚ 2019 ਵਿੱਚ ਛਪ ਕੇ ਆਈ। ਹਰ ਕਿਤਾਬ ਦੀ ਤਰਾਂ ਮੈਨੂੰ ਇਸਦੀ ਬਹੁਤ ਖੁਸ਼ੀ ਸੀ। ਮੈਂ ਚਾਹੁੰਦਾ ਸੀ ਇਸ ਕਿਤਾਬ ਦੇ ਵੀ ਸਾਰੇ ਚਾਅ ਲਾਡ ਪੂਰੇ ਕੀਤੇ ਜਾਣ। ਜਿਵੇਂ ਨਵ ਜੰਮੇ ਬੱਚੇ ਦਾ ਨਾਮਕਰਨ ਸਸਕਾਰ ਛਟੀ ਰਾਤ ਯ ਹਵਨ ਕਰਵਾਇਆ ਜਾਂਦਾ ਹੈ ਉਸੇ ਤਰਾਂ ਨਵੀਂ ਕਿਤਾਬ ਦਾ ਲ਼ੋਕ ਅਰਪਣ ਯ ਘੁੰਡ ਚੁਕਾਈ ਦੀ ਰਸਮ ਹੁੰਦੀ ਹੈ। ਲੇਖਕ ਆਪਣੀ ਸਮਰੱਥਾ ਅਨੁਸਾਰ ਬੁੱਧੀਜੀਵੀਆਂ ਤੇ ਮੌਜੁਜ ਸਖਸ਼ੀਅਤਾਂ ਦੀ ਹਾਜ਼ਰੀ ਵਿੱਚ ਨਵੀਂ ਕਿਤਾਬ ਦੀ ਘੁੰਡ ਚੁਕਾਈ ਦੀ ਰਸਮ ਕਰਵਾਉਂਦਾ ਹੈ। ਉਸ ਕਿਤਾਬ ਨੂੰ ਪਾਠਕਾਂ ਦੀ ਕਚਿਹਰੀ ਵਿੱਚ ਪੇਸ਼ ਕੀਤਾ ਜਾਂਦਾ ਹੈ। ਇਸ ਮੌਕੇ ਤੇ ਕਿਤਾਬ ਤੇ ਸਾਹਿਤ ਪ੍ਰੇਮੀਆਂ ਦੁਆਰਾ ਚਰਚਾ ਕੀਤੀ ਜਾਂਦੀ ਹੈ ਗੋਸ਼ਟੀ ਕੀਤੀ ਜਾਂਦੀ ਹੈ। ਕਮੀਆਂ ਤੇ ਵੀ ਵਿਚਾਰ ਹੁੰਦਾ ਹੈ ਸਾਰਥਿਕ ਆਲੋਚਨਾ ਵੀ ਹੋ ਜਾਂਦੀ ਹੈ ਕਈ ਵਾਰੀ। ਤੇ ਫਿਰ ਚਾਹ ਪਾਣੀ ਹੁੰਦਾ ਹੈ। ਲੇਖਕ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਹ ਸਮਾਰੋਹ ਆਪਣੀ ਮਰਜੀ ਅਨੁਸਾਰ ਵੱਡਾ ਛੋਟਾ ਕੀਤਾ ਜਾ ਸਕਦਾ ਹੈ। ਜਿੰਨਾ ਕ਼ੁ ਲੇਖਕ੍ ਦੀ ਜੇਬ ਭਾਰ ਝੱਲੇ।
ਮੇਰੀ ਕਰਮਭੂਮੀ ਇੱਕ ਉੱਚ ਕੋਟੀ ਦਾ ਸਿੱਖਿਆ ਅਦਾਰਾ ਸੀ। ਜੋ ਪੰਜਾਬ ਦੀ ਸਿਆਸਤ ਦੇ ਗੜ੍ਹ ਵਿੱਚ ਸਥਿਤ ਹੈ। ਓਥੇ ਚਾਲੀ ਪੰਤਾਲੀ ਦੇ ਕਰੀਬ ਬੁੱਧੀਜੀਵੀ ਅਧਿਆਪਕ ਸਨ। ਤਕਰੀਬਨ ਸਾਰੇ ਪੋਸਟ ਗਰੈਜੂਏਟ। ਬਹੁਤਿਆਂ ਦੀ ਸਾਹਿਤ ਵਿੱਚ ਵੀ ਰੁਚੀ ਸੀ। ਮੈਂ ਆਪਣੀ ਹਰ ਨਵੀ ਕਿਤਾਬ ਦੀ ਘੁੰਡ ਚੁਕਾਈ ਦੀ ਰਸਮ ਆਪਣੀ ਸੰਸਥਾ ਦੀ ਮੁਖੀ ਤੋਂ ਸਾਰੇ ਸਟਾਫ ਦੀ ਹਾਜ਼ਰੀ ਵਿੱਚ ਕਰਵਾਉਂਦਾ ਰਿਹਾਂ ਹਾਂ। ਕਿਉਂਕਿ ਆਪਣਾ ਪਰਿਵਾਰ ਆਪਣਾ ਹੀ ਹੁੰਦਾ ਹੈ। ਸਾਰੇ ਸਟਾਫ ਨੂੰ ਵਿਆਹ ਜਿੰਨਾ ਚਾਅ ਹੁੰਦਾ ਸੀ। ਸਟੇਜ ਤੇ ਬੁਲਾਰੇ ਮੇਰੀ ਕਿਤਾਬ ਤੇ ਕਲਮ ਬਾਰੇ ਆਪਣੇ ਬਹੁਮੁੱਲੇ ਵਿਚਾਰ ਰੱਖਦੇ। ਲੰਬੀਆਂ ਲੰਬੀਆ ਤਕਰੀਰਾਂ ਹੁੰਦੀਆਂ। ਐਂਕਰ ਪ੍ਰੋਗਰਾਮ ਨੂੰ ਚਾਰ ਚੰਨ ਲਾਉਣ ਲਈ ਆਪਣਾ ਫਰਜ਼ ਬਾਖੂਬੀ ਨਿਭਾਉਂਦੀ। ਹਰ ਬੁਲਾਰੇ ਤੋਂ ਬਾਦ ਉਹ ਮੇਰੀ ਕਿਸੇ ਕਹਾਣੀ ਲੇਖ ਬਾਰੇ ਕੁਝ ਨਾ ਕੁਝ ਕਹਿਂਦੀ। ਕਦੇ ਕਦੇ ਮੇਰੀਆਂ ਕਿਤਾਬ ਪ੍ਰਤੀ ਭਾਵਨਾਵਾਂ ਨੂੰ ਵੀ ਬਿਆਨ ਕਰਦੀ।ਸਰੋਤਿਆਂ ਨੂੰ ਮੇਰੀ ਕਿਤਾਬ ਬਾਰੇ ਉਤਸ਼ਾਹਿਤ ਕਰਦੀ। ਸਕੂਲ ਮੁਖੀ ਮੁੱਖ ਮਹਿਮਾਨ ਦਾ ਫਰਜ਼ ਨਿਭਾਉਦੇ ਹੋਏ ਮੇਰੀ ਕਲਮ ਦੀ ਤਾਰੀਫ ਕਰਦੇ। ਸੰਸਥਾ ਤੇ ਸਟਾਫ ਵੱਲੋਂ ਮੈਨੂੰ ਲੋਈ ਤੇ ਨਾਲ ਤਿੱਲ ਫ਼ੁੱਲ ਦੇ ਕੇ ਸਨਮਾਨਿਤ ਕੀਤਾ ਜਾਂਦਾ। ਪੂਰੇ ਸਟਾਫ ਵਿੱਚ ਮੈਂ ਹੀ ਇਕਲੌਤਾ ਲੇਖਕ ਸੀ ਜੋ ਗੈਰ ਵਿੱਦਿਅਕ ਕਾਰਜਾਂ ਨਾਲ ਸਬੰਧਿਤ ਸੀ। ਅੰਤ ਵਿੱਚ ਮੈਂ ਸਮੂਹ ਸਟਾਫ ਦੇ ਸਨਮਾਨ ਤੇ ਕਿਤਾਬ ਦੀ ਘੁੰਡ ਚੁਕਾਈ ਦੀ ਖੁਸ਼ੀ ਵਿੱਚ ਸਭ ਨਾਲ ਚਾਹ ਦਾ ਕੱਪ ਪੀਂਦਾ। ਕਿਉਂਕਿ ਖਾਣ ਪੀਣ ਬਿਨਾਂ ਹਰ ਸਮਾਰੋਹ ਅਧੂਰਾ ਮੰਨਿਆ ਜਾਂਦਾ ਹੈ। ਸਾਰੇ ਸਟਾਫ ਮੈਂਬਰ ਕਿਤਾਬ ਦੀ ਇੱਕ ਇੱਕ ਕਾਪੀ ਜਰੂਰ ਖਰੀਦਦੇ। ਕਈ ਪ੍ਰਸ਼ੰਸ਼ਕ ਐਸੇ ਵੀ ਹੁੰਦੇ ਜੋ ਦੋ ਕਾਪੀਆਂ ਖਰੀਦਦੇ। ਇੱਕ ਆਪਣੀ ਮੰਮੀ ਲਈ ਤੇ ਦੂਸਰੀ ਆਪਣੀ ਮੰਮੀ ਜੀ (ਸਾਸੁ ਮਾਂ) ਲਈ। ਇਹ ਓਹਨਾ ਦਾ ਪਿਆਰ ਹੁੰਦਾ ਸੀ। ਹਾਂ ਇੱਕ ਦੋ ਅਜਿਹੇ ਵੀ ਹੁੰਦੇ ਸਨ ਜੋ ਟੀਂ ਪਾਰਟੀ ਦਾ ਸੁੱਕਾ ਲੁਤਫ਼ ਉਠਾਉਂਦੇ ਪਰ ਕਿਤਾਬ ਖਰੀਦਣ ਤੋਂ ਗੁਰੇਜ਼ ਕਰਦੇ। ਇਹ ਉਹ ਲੋਕ ਹੁੰਦੇ ਹਨ ਜੋ ਕਿਸੇ ਦੇ ਵਿਆਹ ਦੇ ਸੱਦੇ ਦਾ ਡਿੱਬਾ ਖਾਕੇ ਵੀ ਜੋਡ਼ੀ ਨੂੰ ਸ਼ਗਨ ਦਿੱਤੇ ਬਿਨਾਂ ਘਰ ਪਰਤ ਆਉਂਦੇ ਹਨ। ਮੈਂ ਇਹ੍ਹਨਾਂ ਤੇ ਗੁੱਸਾ ਨਹੀਂ ਸੀ ਕਰਦਾ ਕਿਉਂਕਿ ਬਾਕੀ ਸਟਾਫ ਦੇ ਪਿਆਰ ਅੱਗੇ ਇਹ ਗੱਲਾਂ ਛੋਟੀਆਂ ਰਹਿ ਜਾਂਦੀਆਂ ਹਨ। ਹਰ ਇੱਕ ਦੀ ਆਪਣੀ ਆਪਣੀ ਸੋਚ ਹੁੰਦੀ ਹੈ।
ਜਦੋਂ ਮੇਰੀ ਇਹ ਪੰਜਵੀ ਕਿਤਾਬ ਆਈ ਤਾਂ #ਹਕੂਮਤ ਹਾਲਾਤ ਬਦਲ ਚੁੱਕੇ ਸਨ। ਮੇਰੀ ਇੱਛਾ ਘੁੰਡ ਚੁਕਾਈ ਲਈ ਓਹੀ ਤਰੀਕਾ ਅਪਨਾਉਣ ਦੀ ਸੀ। ਪਰ #ਹਾਲਾਤ ਨੇ #ਹਕੂਮਤ ਨੂੰ #ਹਾਂਪੱਖੀ #ਹੁੰਗਾਰਾ ਨਾ ਭਰਨ ਦਿੱਤਾ। ਮੈਂ ਸਮਝ ਗਿਆ ਕਿ ਜਵਾਨਾਂ ਹੁਣ ਉਹ ਦਿਨ ਨਹੀਂ ਰਹੇ। ਇਥੋਂ ਤੱਕ ਕਿ ਇੱਕ ਦੋ ਛੋਟੇ ਭਾਂਡਿਆਂ ਨੇ ਸਕੂਲ ਦੀ ਅਲਮਾਰੀ ਵਿਚ ਰੱਖੀਆਂ ਮੇਰੀਆਂ ਕਿਤਾਬਾਂ ਤੇ ਵੀ ਕਿੰਤੂ ਪ੍ਰੰਤੂ ਕੀਤਾ। #ਹਕੂਮਤ ਨੂੰ ਡਰ ਸੀ ਕਿ ਮੇਰੇ ਵਿਰੋਧੀ ਇਸ ਸਮਾਰੋਹ ਨੂੰ ਬਰਦਾਸ਼ਤ ਨਹੀਂ ਕਰਨਗੇ। ਪਰ ਮੇਰੇ ਕੋਈ ਵਿਰੋਧੀ ਹੀ ਨਹੀਂ ਸਨ। ਕਈਆਂ ਨਾਲ ਵਿਚਾਰਿਕ ਮਤਭੇਦ ਸਨ। ਉਹ ਅਲਗ ਗੱਲ ਸੀ। ਪਰ ਓਹ ਸਵੇਰੇ ਸ਼ਾਮ ਗੁਡ ਮੋਰਨਿੰਗ ਗੁਡ ਆਫਟਰ ਨੂਨ ਕਹਿਣਾ ਨਹੀਂ ਸੀ ਭੁਲਦੇ। ਵਿਰੋਧ ਮਤਭੇਦ ਦਾ ਵੀ ਸਲੀਕਾ ਹੁੰਦਾ ਹੈ ਤੇ ਉਹ ਉਸ ਸਲੀਕੇ ਤੇ ਪੂਰਾ ਉਤਰਦੇ ਸਨ। ਉਹਨਾਂ ਵਿਚੋਂ ਬਹੁਤਿਆਂ ਨੇ ਤਹਿਜ਼ੀਬ ਦਾ ਦਾਮਨ ਨਹੀਂ ਛੱਡਿਆ। ਮੇਰਾ ਅਦਬ ਸਤਿਕਾਰ ਬਰਕਰਾਰ ਰੱਖਿਆ। ਇਹ ਅਸੂਲਾਂ ਦੀ ਲੜਾਈ ਸੀ। ਇਸ ਨੂੰ ਕਿਤਾਬ ਦੀ ਘੁੰਡ ਚੁਕਾਈ ਨਾਲ਼ ਜੋੜਨਾ ਗਲਤ ਸੀ।
ਜਦੋਂ ਸੰਸਥਾ ਵਿੱਚ ਕਿਤਾਬ ਦੀ ਘੁੰਡ ਚੁਕਾਈ ਹੀ ਨਾ ਹੋਈ ਤਾਂ ਲਾਇਬ੍ਰੇਰੀ ਲਈ ਮੇਰੀਆਂ ਕਿਤਾਬਾਂ ਖਰੀਦਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਇਸੇ ਜਿੱਦ ਵਿਚ ਮੈਂ ਸਹਿਯੋਗੀ ਸੰਸਥਾਵਾਂ ਦੋਨਾਂ ਕਾਲਜਾਂ ਨੂੰ ਵੀ ਆਪਣੀਆਂ ਕਿਤਾਬਾਂ ਨਹੀਂ ਭੇਜੀਆਂ। ਹਾਲਾਂਕਿ ਉਹਨਾਂ ਨੂੰ ਇਸ ਗੱਲ ਦਾ ਕੋਈ ਇਲਮ ਨਹੀ ਸੀ। ਦੂਸਰੀਆਂ ਕਿਤਾਬਾਂ ਦੇ ਮੁਕਾਬਲੇ ਮੇਰੀ ਇਸ ਕਿਤਾਬ ਦੀ ਮੌਕੇ ਤੇ ਵਿਕਰੀ ਘੱਟ ਹੋਈ। ਪਰ ਹਰ ਵਾਰ ਦੀ ਤਰਾਂ ਕੋਟਲਾ ਸੁਲਤਾਨ ਸਿੰਘ ਅੰਮ੍ਰਿਤਸਰ ਸ੍ਰੀ ਦਸਮੇਸ਼ ਸੀਨੀ ਸਕੈਂਡ ਪਬਲਿਕ ਸਕੂਲ ਦੇ ਪ੍ਰਿੰਸੀਪਲ #vinod_sharma ਨੇ ਵੀਹ ਕਿਤਾਬਾਂ ਆਪਣੇ ਸਕੂਲ ਲਈ ਮੰਗਵਾ ਲਾਈਆਂ। ਵੀਹ ਕਿਤਾਬਾਂ ਸ਼ੂਟਿੰਗ ਕੋਚ Veerpal Nijjhar ਨੇ ਲੈ ਲਈਆ। ਵੀਹ ਵੀਹ ਕਿਤਾਬਾਂ ਕੁਝ ਬੁੱਕ ਸੇਲਰ ਲੈ ਗਏ। ਬਹੁਤ ਸਾਰੀਆਂ ਕਿਤਾਬਾਂ ਮੇਰੇ ਪ੍ਰਸ਼ੰਸ਼ਕਾਂ ਨੇ ਡਾਕ ਰਾਹੀਂ ਮੰਗਵਾਈਆਂ। ਇੱਕ ਲੇਖਕ ਨੂੰ ਜਦੋ ਇੰਨਾ ਸਹਿਯੋਗ ਮਿਲ ਜਾਵੇ ਤਾਂ ਉਸਦਾ ਹੌਸਲਾ ਦੁਗਣਾ ਹੋ ਜਾਂਦਾ ਹੈ।
ਬਿਨਾਂ ਲ਼ੋਕ ਅਰਪਣ ਦੇ ਕਿਤਾਬ ਨੂੰ ਰਿਲੀਜ਼ ਕਰਨਾ ਕੋਈ ਚੰਗੀ ਪ੍ਰਥਾ ਤਾਂ ਨਹੀਂ ਪਰ ਮੇਰੀ ਮਜਬੂਰੀ ਸੀ। ਜੇ ਮੈਂ ਚਾਹੁੰਦਾ ਤਾਂ ਘੁੰਡ ਚੁਕਾਈ ਸਮਾਰੋਹ ਮੇਰੇ ਸ਼ਹਿਰ ਵਿੱਚ ਕਿਸੇ ਮਸ਼ਹੂਰ ਸਾਹਿਤਕਾਰ ਦੀ ਹਾਜ਼ਰੀ ਵਿਚ ਵੀ ਕਰਵਾਇਆ ਜਾ ਸਕਦਾ ਸੀ। ਪਰ ਮੈਨੂੰ ਮੇਰੀ ਸੰਸਥਾ ਹੀ ਚੰਗੀ ਲਗਦੀ ਹੈ। ਆਪਣੇ ਆਪਣੇ ਹੀ ਹੁੰਦੇ ਹਨ ਚਾਹੇ ਦੁਖ ਦੇਣ ਚਾਹੇ ਸੁੱਖ। ਪਰ ਆਪਣਿਆਂ ਦਾ ਮਾਰਿਆ ਫ਼ੁੱਲ ਵੀ ਪੱਥਰ ਨਾਲੋਂ ਵੱਧ ਦਰਦ ਦਿੰਦਾ ਹੈ। ਦੂਸਰੀ ਗੱਲ ਮੈਂ ਨੋਟ ਕੀਤੀ ਕਿ ਛੋਟਾ ਭਾਂਡਾ ਜਲਦੀ ਛਲਕ ਜਾਂਦਾ ਹੈ। ਪੁਰਾਣੀਆਂ ਗੱਲਾਂ ਸੱਚ ਹੀ ਹੁੰਦੀਆਂ ਹਨ। ਆਪਣੇ ਲਗਾਏ ਗੁਲਾਬ ਦੇ ਫੁੱਲ ਵੀ ਕੰਡੇ ਦੇਣ ਲੱਗ ਜਾਂਦੇ ਹਨ।
#ਰਮੇਸ਼ਸੇਠੀਬਾਦਲ