ਅੱਜ ਤੋਂ 25 ਕੁ ਸਾਲ ਪਿੱਛੇ ਝਾਕਣ ਨਾਲ ਬਹੁਤ ਅਜੀਬ ਹਾਲਤ ਯਾਦ ਆਉਂਦੇ ਹਨ। ਉਸ ਸਮੇ ਪਿੰਡਾਂ ਵਿਚ ਬਹੁਤੇ ਲੋਕ ਖੁੱਲ੍ਹੇ ਵਿੱਚ ਰਫ਼ਾ ਹਾਜਤ ਲਈ ਜਾਂਦੇ ਸਨ। ਪਿੰਡਾਂ ਵਿੱਚ ਬਾਹਰ ਇੱਕ ਜਗਾਹ ਹੁੰਦੀ ਸੀ ਜਿਥੇ ਬਹੁਤੀਆਂ ਔਰਤਾਂ ਹੀ ਜਾਂਦੀਆਂ ਸੀ। ਨਾਲੇ ਉਹ ਗੋਹੇ ਕੂੜੇ ਦਾ ਟੋਕਰਾ ਰੂੜੀ ਤੇ ਸੁੱਟ ਆਉਂਦੀਆਂ ਨਾਲ ਹੀ ਇਸ ਕੰਮ ਤੋਂ ਫਾਰਗ ਹੋ ਆਉਂਦੀਆਂ। ਘਰ ਵਿੱਚ ਪਖਾਨਾ ਬਿਮਾਰਾਂ ਯ ਬਜ਼ੁਰਗਾਂ ਲਈ ਹੀ ਹੁੰਦਾ ਸੀ। ਕਈਆਂ ਦਾ ਘਰੇ ਪੇਟ ਸਾਫ ਨਹੀਂ ਸੀ ਹੁੰਦਾ। ਰਫ਼ਾ ਹਾਜਤ ਤੋਂ ਬਾਦ ਆਮ ਕਰਕੇ ਛੱਪੜਾਂ ਕਸੀਆਂ ਖਾਲ ਸੂਏ ਤੇ ਹੱਥ ਧੋਤੇ ਜਾਂਦੇ ਸਨ। ਉਹ ਵੀ ਬਸ ਮਿੱਟੀ ਨਾਲ। ਕੋਈ ਸਾਬੂਣੁ ਨਹੀਂ। ਬੱਚਿਆਂ ਨੂੰ ਪਾਣੀ ਦੀ ਬਜਾਇ ਮਿੱਟੀ ਨਾਲ ਸਾਫ਼ ਕਰਨ ਲਈ ਕਿਹਾ ਜਾਂਦਾ। ਸੀ ਜਿਸ ਨੂੰ ਘੀਸੀ ਕਰਨਾ ਕਹਿੰਦੇ ਸੀ।
ਸ਼ਹਿਰਾਂ ਵਿੱਚ ਹਲਾਤ ਇਸ ਤੋਂ ਵੀ ਬਦਤਰ ਹੁੰਦੇ ਸਨ। ਲੋਕ ਗਲੀ ਵਿੱਚ, ਰੇਲ ਲਾਈਨ ਦੇ ਨਾਲ ਯ ਘਰ ਦੀ ਦੀਵਾਰ ਨਾਲ ਆਪਣੇ ਕੰਮ ਨਿਬੇੜਦੇ ਸਨ। ਸਭ ਤੋਂ ਦਰਦਨਾਕ ਹਲਾਤ ਓਹਨਾ ਲਈ ਸਨ ਜਿੰਨਾ ਨੇ ਘਰ ਵਿੱਚ ਯ ਛੱਤ ਤੇ ਖੁੱਲ੍ਹਾ ਪਖਾਨਾ ਬਣਾਇਆ ਹੁੰਦਾ ਸੀ। ਕੁਝ ਆਦਮੀ ਔਰਤਾਂ ਜਿੰਨਾ ਦਾ ਕੰਮ ਸਿਰ ਤੇ ਮੈਲਾ ਢੋਣਾ ਹੁੰਦਾ ਸੀ। ਹਰੁ ਘਰ ਵਿੱਚ ਜਾ ਕੇ ਓਹ ਮੈਲਾ ਚੁੱਕ ਕੇ ਲੈ ਜਾਂਦੇ ਸਨ। ਇਹ ਓਹਨਾ ਲਈ ਤਾਂ ਮੁਸ਼ਕਿਲ ਸੀ ਹੀ ਪਰ ਘਰ ਵਿੱਚ ਦੀ ਮੈਲਾ ਲੈਜਾਣ ਨਾਲ ਬਦਬੋ ਫੈਲਦੀ ਸੀ। ਭਾਰਤ ਸਰਕਾਰ ਨੇ ਆਜ਼ਾਦੀ ਦੀ ਅੱਧੀ ਸਦੀ ਬੀਤਣ ਤੋਂ ਬਾਦ ਇਸ ਕੁ ਪ੍ਰਥਾ ਨੂੰ ਸਖਤੀ ਨਾਲ ਬੰਦ ਕਰਨ ਦਾ ਫੈਸਲਾ ਕੀਤਾ। ਇਨਸਾਨ ਨੂੰ ਇਨਸਾਨ ਦੀ ਗੰਦਗੀ ਚੁੱਕਣ ਦੇ ਘਿਨੌਣੇ ਕੰਮ ਤੋਂ ਮੁਕਤੀ ਦਿਵਾਈ।ਹੁਣ ਹਰ ਘਰ ਵਿੱਚ ਹੀ ਨਹੀਂ ਹਰ ਕਮਰੇ ਨਾਲ ਲਗਦੀ ਟੋਇਲਟ ਦਾ ਰਿਵਾਜ ਹੈ। ਤੇ ਮਕਾਨ ਕੋਠੀ ਬਣਾਉਣ ਵੇਲੇ ਸਭ ਤੋਂ ਜਿਆਦਾ ਖਰਚਾ ਟੋਇਲਟ ਬਣਾਉਣ ਤੇ ਆਉਂਦਾ ਹੈ। ਆਮ ਘਰਾਂ ਵਿੱਚ ਇੱਕ ਤੋਂ ਵੱਧ ਟੋਇਲਟਸ ਹਨ ਜਦੋਂ ਕਿ ਪਹਿਲਾਂ ਨਾਲੋਂ ਪਰਿਵਾਰ ਛੋਟੇ ਹਨ। ਸਾਫ ਸਫਾਈ ਦੇ ਮਾਮਲੇ ਵਿੱਚ ਇਹ ਬਹੁਤ ਹੀ ਸਾਫ ਸੁਥਰੀ ਜਗ੍ਹਾ ਹੁੰਦੀ ਹੈ। ਬਦਬੋ ਨਹੀਂ ਖੁਸ਼ਬੋ ਦਾ ਆਲਮ ਹੁੰਦਾ ਹੈ। ਇੰਨਾ ਕੁਝ ਹੋਣ ਦੇ ਬਾਵਜੂਦ ਨੱਬੇ ਪ੍ਰਤੀਸ਼ਤ ਲੋਕ ਕਬਜ਼ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਹਨ। ਅਕਸਰ ਲੋਕ ਪੇਟ ਗੈਂਸ ਅਤੇ ਪੇਟ ਖੁੱਲ ਕੇ ਸਾਫ਼ ਨਾ ਹੋਣ ਦੀ ਸ਼ਿਕਾਇਤ ਕਰਦੇ ਹਨ। ਸਭ ਫਾਸਟ ਫੂਡ ਜੰਕ ਫ਼ੂਡ ਦੀ ਮਿਹਰਬਾਨੀ ਸਦਕਾ ਹੈ। ਸਿਆਣੇ ਬਜ਼ੁਰਗ ਹੀ ਨਹੀ ਨਿਆਣੇ ਵੀ ਇਸ ਰੋਗ ਤੋਂ ਪੀੜਤ ਹਨ। ਜੋ ਬਿਨਾਂ ਕੁਝ ਕਰੇ ਹੀ ਬਾਰਾਂ ਲੀਟਰ ਪਾਣੀ ਰੋੜ ਕੇ ਬਾਹਰ ਆ ਜਾਂਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ