ਉਹ ਸਾਡਾ ਦੁੱਧ ਘਨੂੰਪੁਰ ਕਾਲਿਓਂ ਲੈ ਕੇ ਆਇਆ ਕਰਦਾ..ਸਿਆਲ ਹੋਵੇ ਜਾਂ ਗਰਮੀ..ਇਕੋ ਟਾਈਮ..ਉਚੇਚਾ ਆਖ ਰਖਿਆ ਸੀ ਕਿੱਲੋ ਦੇ ਬੇਸ਼ੱਕ ਦਸ ਵਾਧੂ ਲੈ ਲਿਆ ਕਰ..ਪਰ ਹੋਵੇ ਸ਼ੁੱਧ..ਜੇ ਰਲਾ ਪਾਇਆ ਤਾਂ ਬਾਪੂ ਹੁਰਾਂ ਝੱਟ ਪਛਾਣ ਲੈਣਾ..ਫੇਰ ਓਹਨਾ ਪਿੰਡ ਮੁੜ ਜਾਣਾ..!
ਅੱਗਿਓਂ ਭੋਏਂ ਨੂੰ ਲਾ ਕੇ ਪਹਿਲੋਂ ਹੱਥ ਕੰਨਾਂ ਨੂੰ ਲਾਉਂਦਾ ਤੇ ਫੇਰ ਗੁਰੂ ਰਾਮ ਦਾਸ ਜੀ ਦਾ ਹਵਾਲਾ ਦੇ ਦਿਆ ਕਰਦਾ..!
ਕੇਰਾਂ ਧੁੰਦ ਵੇਲੇ ਤੁਰੇ ਜਾਂਦੇ ਨੂੰ ਵਾਹਨ ਟੱਕਰ ਮਾਰ ਗਿਆ..ਸਾਈਕਲ ਟੁੱਟ ਗਿਆ..ਦੋਹਣਿਆਂ ਵਿਚ ਵੀ ਤਰੇੜਾਂ ਪੈ ਗਈਆਂ..ਗੋਡੇ ਤੇ ਸੱਟ ਲੱਗ ਗਈ..ਹਸਪਤਾਲ ਪਤਾ ਲੈਣ ਗਿਆ ਤਾਂ ਦੱਸਣ ਲੱਗਾ ਮੁੰਡਾ ਆਖਦਾ ਜਿਸਨੂੰ ਲੋੜ ਏ ਪਿੰਡੋਂ ਆ ਕੇ ਲੈ ਜਾਇਆ ਕਰੇ..ਸਾਥੋਂ ਘਰ ਘਰ ਨੀ ਵੰਡਿਆ ਜਾਂਦਾ..!
ਹੁਣ ਮੈਨੂੰ ਖੁਦ ਪਿੰਡੋਂ ਲੈਣ ਜਾਣਾ ਪੈਂਦਾ..ਹੁਣ ਦੁੱਧ ਦਾ ਸਵਾਦ ਵੀ ਉਂਝ ਦਾ ਨਹੀਂ ਸੀ..ਸਹਿੰਦਾ ਸਹਿੰਦਾ ਉਲਾਹਮਾਂ ਦਿੱਤਾ..ਦੁੱਧ ਵਿਚ ਰਲਾ ਹੁੰਦਾ..ਅੱਗਿਓਂ ਆਖਣ ਲੱਗਾ ਜਿਸ ਹਿਸਾਬ ਨਾਲ ਭਾਪਾ ਜੀ ਦਿੰਦਾ ਸੀ ਉਂਝ ਦਾ ਵਾਰਾ ਨੀ ਖਾਂਦਾ..ਖਲ ਪੱਠੇ ਸਭ ਕੁਝ ਮਹਿੰਗਾ ਹੋ ਗਿਆ..ਲਾਗਤ ਵੱਧ ਗਈ..ਵੇਰਕੇ ਮਿਲਕ ਪਲਾਂਟ ਦੀ ਗੱਡੀ ਘਰੇ ਆਉਂਦੀ ਚੁੱਕਣ..ਓਸੇ ਭਾਅ ਵਿਕਦਾ..ਜੇ ਵਾਰਾ ਨਹੀਂ ਖਾਂਦਾ ਤਾਂ ਕਿਧਰੋਂ ਹੋਰ ਪਤਾ ਕਰ ਲਵੋ!
ਘਰੇ ਆਉਂਦਿਆਂ ਸੋਚ ਰਿਹਾਂ ਸਾਂ ਬਾਪੂ ਹੁਰਾਂ ਨੂੰ ਆਖਾਂਗਾ ਹੁਣ ਸ਼ਹਿਰੀ ਡੰਗਰ ਸਿਆਣੇ ਹੋ ਗਏ..ਦੁੱਧ ਪਤਲਾ ਦੇਣ ਲੱਗ ਪਏ..ਜੇ ਚਾਹ ਗਾੜੇ ਦੁੱਧ ਦੀ ਪੀਣੀ ਏ ਤਾਂ ਪਿੰਡ ਮੁੜਨਾ ਪੈਣਾ..ਕਮਲੀਆਂ ਝੋਟੀਆਂ ਵਾਲੇ ਪਿੰਡ..!
ਹਰਪ੍ਰੀਤ ਸਿੰਘ ਜਵੰਦਾ