ਪੁਰਾਣੀ ਗੱਲ ਚੇਤੇ ਆਗੀ। ਤੇ ਹੁਣ ਲਿਖੇ ਬਿਨ ਰਹਿ ਨਹੀਂ ਹੁੰਦਾ। ਮੇਰੀ ਮਾਂ ਨੇ ਕਿਸੇ ਦੇ ਘਰ ਕੰਮ ਜਾਣਾ ਸੀ। ਉਦੋਂ ਪਿੰਡ ਵਿਚ ਬਿਜਲੀ ਨਹੀਂ ਸੀ ਆਈ। ਉਸ ਸੋਚਿਆ ਕਿ ਜੇ ਲੇਟ ਹੋਗੀ ਤਾਂ ਫਿਰ ਆਕੇ ਰੋਟੀ ਟੁੱਕ ਵੀ ਕਰਨਾ ਹੋਊ ਲਾਲਟੈਨ ਦੀ ਰੋਸ਼ਨੀ ਚ। ਅੱਧਾ ਕੰਮ ਨਿਬੇੜਨ ਦੀ ਮਾਰੀ ਦਾਲ ਬਣਾ ਕੇ ਤੜਕਾ ਲਾ ਕੇ ਪਹਿਲਾਂ ਹੀ ਰੱਖ ਗਈ। ਅਖੇ ਚਾਰ ਰੋਟੀਆਂ ਮੈਂ ਆਕੇ ਲਾਹ ਦੇਵਾਂਗੀ ਚੁੱਲ੍ਹੇ ਤੇ। ਉਹ ਕੁਝ ਲੇਟ ਹੋ ਗਈ। ਅਸੀਂ ਤਿੰਨਾਂ ਭੈਣ ਭਰਾਵਾਂ ਨੇ ਬਾਟੀ ਬਾਟੀ ਦਾਲ ਦੀ ਭਰੀ ਤੇ ਇੱਕ ਇੱਕ ਗੰਢਾ ਕੁਤਰਿਆ।ਨਿੰਬੂ ਨਿਚੋੜਿਆ ਤੇ ਦਾਲ ਖਾ ਗਏ। ਵਾਹਵਾ ਸਵਾਦ ਲੱਗੀ। ਤੇ ਇਸੇ ਸਵਾਦ ਵਿੱਚ ਦੋ ਦੋ ਬਾਟੀਆਂ ਦਾਲ ਖਾ ਗਏ ਤੇ ਪਤੀਲੀ ਖਾਲੀ ਕਰ ਦਿੱਤੀ। ਜਦੋ ਮਾਤਾ ਆਈ ਤੇ ਆਉਂਦੀ ਹੀ ਰੋਟੀਆਂ ਬਣਾਉਣ ਲੱਗ ਗਈ। ਦਾਲ ਵਾਲੀ ਗੱਲ ਅਸੀਂ ਡਰਦਿਆਂ ਨੇ ਨਾ ਦੱਸੀ। ਜਦੋ ਪਤਾ ਲਗਿਆ। ਉਹ ਚੁੱਪ ਕਰ ਗਈ। ਸਾਨੂ ਗੰਢਿਆ ਦੀ ਚਟਨੀ ਨਾਲ ਰੋਟੀ ਖਵਾਈ ।ਹਾਲਾਂਕਿ ਸਾਡੀ ਭੁੱਖ ਦਾਲ ਨਾਲ ਮਿਟ ਚੁੱਕੀ ਸੀ। ਫਿਰ ਉਹ ਕਈ ਦਿਨ ਦਾਲ ਦਾ ਵੇਰਵਾ ਪਾਉਂਦੀ ਰਹੀ । ਅਖੇ ਮੈਂ ਲੇਟ ਹੋ ਗਈ ਵਿਚਾਰੇ ਭੁੱਖਣ ਭਾਰੇ ਜੁਆਕਾਂ ਨੇ ਦਾਲ ਨਾਲ ਢਿੱਡ ਭਰਿਆ।
ਤੇ ਅੱਜ ਵੀ ਮੈਂ ਦਾਲ ਵਿਚ ਨਿੰਬੂ ਨਿਚੋੜ ਕੇ ਪਿਆਜ਼ ਕੁਤਰ ਕੇ ਬਾਟੀ ਦਾਲ ਦੀ ਨਿਬੇੜ ਗਿਆ।
ਓਦੋਂ ਮਾਂ ਨੇ ਪੱਖ ਪੂਰ ਦਿੱਤਾ ਸੀ।
ਅੱਜ ਜੁਆਕਾਂ ਦੀ ਮਾਂ ਕੀ ………
ਵੇਟਿੰਗ ਫ਼ਾਰ ਤੂਫ਼ਾਨ।
#ਰਮੇਸ਼ਸੇਠੀਬਾਦਲ