ਦਸਵੀਂ ਜਮਾਤ ਪਾਸ ਕਰਨ ਤੋਂ ਬਾਦ ਘਰੇ ਬੈਠੇ ਗਿਆਨੀ ਦਾ ਇਮਤਿਹਾਨ ਪਾਸ ਕਰਕੇ ਫਿਰ ਇੱਕ ਜਮਾਤ ਦੀ ਅੰਗਰੇਜ਼ੀ ਦਾ ਪੇਪਰ ਦੇ ਕੇ ਸਿੱਧਾ ਬੀ ਏ ਫਾਈਨਲ ਦੇ ਪੇਪਰ ਦਿੱਤੇ ਜਾ ਸਕਦੇ ਸਨ। ਇਸ ਤਰਾਂ ਇਸ ਸੋਖੀ ਬੀ ਏ ਕਰਨ ਵਾਲਿਆ ਨੂੰ ਆਮ ਬੋਲੀ ਵਿੱਚ ਬੀ ਏ ਵਾਇਆ ਬਠਿੰਡਾ ਆਖਿਆ ਜਾਂਦਾ ਸੀ। ਬਠਿੰਡੇ ਦਾ ਇਲਾਕਾ ਸਿਖਿਆ ਪੱਖੋਂ ਤੇ ਉਂਜ ਵੀ ਪਛੜਿਆ ਹੋਇਆ ਸੀ। ਸਕੂਲ ਕਾਲਜ ਘੱਟ ਸਨ। ਲੋਕ ਲੜਕੀਆਂ ਨੂੰ ਕਾਲਜ ਨਹੀਂ ਸੀ ਭੇਜਣਾ ਚਾਹੁੰਦੇ। ਇਸ ਤਰਾਂ ਬਹੁਤੀਆਂ ਲੜਕੀਆਂ ਘਰੇ ਬੈਠੀਆਂ ਹੀ ਬੀ ਏ ਤੇ ਫਿਰ ਐੱਮ ਏ ਪੰਜਾਬੀ ਕਰ ਲੈਂਦੀਆਂ । ਨੌਕਰੀ ਵੀ ਲਗਭਗ ਸਭ ਨੂੰ ਮਿਲ ਹੀ ਜਾਂਦੀ ਸੀ। ਬਠਿੰਡਾ ਗੋਨਿਆਣਾ ਜੈਤੋਂ ਤਲਵੰਡੀ ਸਾਬੋ ਦੇ ਇਲਾਕੇ ਵਿਚ ਇਸ ਦਾ ਜ਼ਿਆਦਾ ਚਲਣ ਸੀ। ਬੀ ਏ ਵਾਇਆ ਬਠਿੰਡਾ।
ਹੁਣ ਉਹ ਗੱਲ ਨਹੀਂ ਰਹਿ ਹੁਣ ਬਠਿੰਡੇ ਯੂਨੀਵਰਸਿਟੀਆਂ, ਸਕੂਲ, ਕਾਲਜ ਤੇ ਕੋਚਿੰਗ ਸੈਂਟਰ ਬਹੁਤ ਜਿਆਦਾ ਖੁੱਲ ਗਏ ਹਨ। ਬਠਿੰਡਾ ਕੋਟਾ ਰਾਜਸਥਾਨ ਤੋਂ ਬਾਦ ਪੰਜਾਬ ਹਰਿਆਣਾ ਲਈ ਸਿੱਖਿਆ ਦੀ ਹੱਬ ਬਣ ਗਿਆ ਹੈ। ਲੋਕ ਬੱਚਿਆਂ ਨੂੰ ਬਠਿੰਡੇ ਪੜ੍ਹਾਉਣ ਦੀ ਤਰਜੀਹ ਦਿੰਦੇ ਹਨ। ਹੁਣ ਕੰਵਾਰੇ ਬੰਦੇ ਵੀ ਬੱਚਿਆਂ ਦੀ ਪੜ੍ਹਾਈ ਦੀ ਅਗੇਤੀ ਚਿੰਤਾ ਕਰਕੇ ਬਠਿੰਡੇ ਕੋਠੀ ਪਾਉਣ ਦੇ ਸੁਫਨੇ ਲੈਂਦੇ ਹਨ। ਆਸ ਪਾਸ ਦੇ ਲੋਕ ਪੜ੍ਹਾਈ ਦਾ ਸੋਚ ਕੇ ਹੀ ਬਠਿੰਡੇ ਰਹਿਣਾ ਸ਼ੁਰੂ ਕਰਦੇ ਹਨ। ਇੱਕ ਜਮਾਨਾ ਸੀ ਜਦੋਂ ਬੱਚੇ ਨਾਨਕੇ ਯ ਭੂਆ ਮਾਸੀ ਕੋਲ ਛੱਡ ਕੇ ਵੀ ਪੜ੍ਹਾਏ ਜਾਂਦੇ ਸਨ ਹੁਣ ਇਹ ਚਲਣ ਵੀ ਖਤਮ ਹੋ ਗਿਆ। ਅਗਲਾ ਬਠਿੰਡੇ ਵਿਆਹ ਕਰਾਉਣ ਨਾਲੋਂ ਓਥੇ ਰਹਿਣ ਲਈ ਆਪਣੀ ਛੱਤ ਬਣਾਉਣ ਦਾ ਜੁਗਾੜ ਕਰਦਾ ਹੈ। ਬਠਿੰਡੇ ਵਾਲੇ ਵੀ ਹੁਣ ਬੀ ਏ ਵਾਇਆ ਬਠਿੰਡਾ ਸ਼ਬਦ ਤੋਂ ਚਿੜ੍ਹਦੇ ਹਨ। ਸਿੱਖਿਆ ਦੇ ਵਿਕਾਸ ਨੇ ਬਠਿੰਡੇ ਤੋਂ ਪਿਛੜੇ ਪਣ ਦਾ ਦਾਗ ਲਾਹ ਦਿੱਤਾ ਹੈ। ਪੂਰਾ ਕੇਲਾ ਛਿੱਲ ਕੇ ਖਾਣ ਦੇ ਜੁਮਲੇ ਤੋਂ ਬਠਿੰਡਾ ਮੁਕਤ ਹੋ ਗਿਆ ਹੈ। ਹੁਣ ਬਠਿੰਡੇ ਦੇ ਲੋਕ ਪੀਜ਼ਾ ਬਰਗਰ ਡੋਸਾ ਨੂਡਲ ਵੀ ਕਾਂਟੇ ਛੁਰੀ ਨਾਲ਼ ਖਾਂਦੇ ਹਨ। ਹਸਪਤਾਲਾਂ ਵੀ ਵੱਧ ਰਹੀ ਗਿਣਤੀ ਜਿਥੇ ਮਾੜੀਆਂ ਅਲਾਮਤਾਂ ਦੇ ਵਧਣ ਦਾ ਸੰਕੇਤ ਹਨ ਉਥੇ ਵਧੀਆ ਸਿਹਤ ਸਹੂਲਤਾਂ ਦੀ ਨਿਸ਼ਾਨੀ ਵੀ।
ਹੁਣ ਬੀ ਏ ਵਾਇਆ ਬਠਿੰਡਾ ਨਹੀਂ ਸਿੱਖਿਆ ਤੇਂ ਇਲਾਜ ਵਾਇਆ ਬਠਿੰਡਾ ਹੋ ਗਿਆ ਹੈ। ਪੀ ਜੀ ਆਈ, ਡੀ ਐੱਮ ਸੀ ਤੇ ਸੀ ਐਮ ਸੀ ਦੇ ਮੁਕਾਬਲੇ ਦੀਆਂ ਸਿਹਤ ਸਹੂਲਤਾਂ ਵਾਇਆ ਬਠਿੰਡਾ ਮੌਜੂਦ ਹਨ।
ਏਮਜ਼ ਦੀਆਂ ਬਿਲਡਿੰਗਾਂ ਵੀ ਇਸ ਵੱਲ ਇੱਕ ਕਦਮ ਹਨ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ