ਵਰਤਾਰਾ ਨਵਾਂ ਨਹੀਂ..ਦਹਾਕਿਆਂ ਪੁਰਾਣਾ ਏ..ਲਹਿਰ ਵੇਲੇ ਵੀ ਇੱਕ ਟਾਈਮ ਐਸਾ ਆਇਆ ਜਦੋਂ ਠਾਹਰ ਤੇ ਬੈਠਿਆਂ ਨੂੰ ਖਾਕੀ ਵਰਦੀ ਤੇ ਜਿਪਸੀਆਂ ਨਾਲੋਂ ਖੱਟੇ ਪਰਨੇਆ ਵੱਲ ਵੇਖ ਜਿਆਦਾ ਚੌਕੰਨੇ ਹੋ ਜਾਣਾ ਪੈਂਦਾ ਸੀ..!
ਓਦੋਂ ਲੋਹੇ ਨੂੰ ਕੱਟਣ ਲਈ ਲੋਹੇ ਦੀਆਂ ਕੁਲ੍ਹਾੜੀਆਂ ਤਿਆਰ ਕੀਤੀਆਂ..ਬੋਰੀਆਂ ਭਰ ਭਰ ਫ਼ੰਡ ਸਿੱਧੇ ਦਿੱਲੀਓਂ ਆਉਂਦੇ ਸਨ..ਕੋਈ ਆਡਿਟ ਪੁੱਛ ਗਿੱਛ ਨਹੀਂ..ਜਿਥੇ ਮਰਜੀ ਜਿੱਦਾਂ ਮਰਜੀ ਵਰਤੋਂ..ਹੁਣ ਵੀ ਵਰਤਾਰਾ ਕੁਝ ਏਦਾਂ ਦਾ ਹੀ ਚੱਲ ਰਿਹਾ..!
ਇਜਾਰੇਦਾਰੀ ਦੀ ਨਵੀਂ ਲਹਿਰ..ਇਸ ਪੀੜੀ ਦੀਆਂ ਲੋੜਾਂ ਵੱਧ ਗਈਆਂ..ਸਬਰ ਘੱਟ ਗਿਆ..ਨਿੱਤ ਦੀ ਲੋੜ ਪੂਰਤੀ ਲਈ ਪੈਸਾ ਚਾਹੀਦਾ..ਭਾਵੇਂ ਕੋਈ ਵੀ ਦੇਵੇ..ਕੋਈ ਵੀ ਕੰਮ ਕਰਵਾਵੇ..ਬੱਸ ਤੋਟ ਪੂਰੀ ਹੋਣੀ ਚਾਹੀਦੀ..ਕੌਣ ਸਮਝਾਵੇ ਕੇ ਖਾਦਿਆਂ ਤੇ ਖੂਹ ਵੀ ਮੁੱਕ ਜਾਂਦੇ!
ਮੌਜੂਦਾ ਨਿਜ਼ਾਮ ਕੋਲ ਅੰਨਾ ਪੈਸਾ..ਬੋਰੀਆਂ ਭਰ ਭਰ ਤੁਰੇ ਫਿਰਦੇ..ਨਵੇਂ ਸ਼ਿਕਾਰ ਲੱਭਦੇ..ਤਕਨੀਕਾਂ ਅਤੇ ਵਿਧੀ ਵਿਧਾਨ ਏਨਾ ਵਿਕਸਿਤ ਹੋ ਗਿਆ ਕੇ..ਏ ਨੇ ਜੈੱਡ ਕੋਲੋਂ ਕੰਮ ਕਰਵਾਉਣਾ ਹੁੰਦਾ..ਵਿਚਲੇ ਸਰੋਤ ਵਰਤ ਕੇ..ਲੱਭੀ ਜਾਵੋ ਅਸਲ ਨੀਤੀ ਘਾੜਾ ਕੌਣ ਏ!
ਆਲਮ ਵਿਰਕ ਅਤੇ ਹੋਰ ਕਿੰਨੀਆਂ ਸੈਨਾਵਾਂ ਖੁਦ ਅੱਖੀ ਵੇਖੀਆਂ..ਬਟਾਲੇ ਸਿਟੀ ਠਾਣੇ ਅਤੇ ਸ਼ੇਰਾਂ ਵਾਲੇ ਗੇਟ ਵਿਚਲਾ ਇਲਾਕਾ ਲੱਖੇ ਮਰੂਤੀ ਕੈਟ ਦਾ ਪੱਕਾ ਠਿਕਾਣਾ ਹੁੰਦਾ ਸੀ..ਸੰਤੋਖੇ ਕਾਲੇ ਅੱਜ ਵੀ ਹੈਨ..ਬਾਹਰੀ ਤੌਰ ਤੇ ਸਿੱਖ ਬਣਨਾ ਸਭ ਤੋਂ ਸੌਖਾ..!
ਆਰਥਿਕ ਸਮੀਕਰਨ ਬਦਲ ਚੁਕਾ ਏ..ਅੰਬਰੀ ਟਾਕੀ ਲਾਉਂਦੀ ਮਹਿੰਗਾਈ ਜੁਆਨੀ ਨੂੰ ਕੁਝ ਵੀ ਕਰਨ ਲਈ ਮਜਬੂਰ ਕਰਦੀ..ਇਸ ਵੇਲੇ ਲੋੜ ਏ ਏਧਰ ਘੱਲੇ ਧੀਆਂ ਪੁੱਤਾਂ ਨਾਲ ਲਗਾਤਾਰ ਸੰਪਰਕ ਵਿਚ ਰਹਿਣ ਦਾ..ਹੱਲਾ ਸ਼ੇਰੀ ਬਹੁਤ ਜਰੂਰੀ..ਸਿਸਟਮ ਪੈਰ ਪੈਰ ਤੇ ਤੋੜਦਾ..ਟੁੱਟਵੇਂ ਘੰਟਿਆਂ ਵਾਲੀ ਨੌਕਰੀ..ਹੁੰਦਾ ਸਰੀਰਕ ਆਰਥਿਕ ਸ਼ੋਸ਼ਣ..!
ਓਧਰ ਮਾਪਿਆਂ ਵੱਲੋਂ ਖੜੇ ਕਰ ਦਿੱਤੇ ਜਾਂਦੇ ਹੱਥ..ਥੋਨੂ ਓਧਰ ਘੱਲ ਦਿੱਤਾ..ਜਿੱਦਾਂ ਮਰਜੀ ਜੁਗਾੜ ਕਰੋ..ਜੋ ਮਰਜੀ ਕਰੋ..ਸਾਥੋਂ ਉਮੀਦ ਨਾ ਰੱਖਿਓਂ..ਇਸ ਮੌਕੇ ਬਾਲ ਮਨ ਇਹਨਾਂ ਮਗਰਮੱਛਾਂ ਅਗੇ ਸੌਖਿਆਂ ਸਮਰਪਣ ਕਰ ਦਿੰਦਾ..!
ਭਾਵਨਾਤਮਿਕ ਟੁੱਟ ਭੱਜ..ਉੱਚੇ ਸ਼ਾਹੀ ਠਾਠ ਬਾਠ ਖਾਤਿਰ ਲੱਗੀ ਅੰਦਰੂਨੀ ਅੱਚਵੀ..ਇਕਾਗਰਤਾ ਦੀ ਘਾਟ..ਆਲੇ ਦਵਾਲੇ ਦੀਆਂ ਰੋਸ਼ਨੀਆਂ ਅਤੇ ਚਕਾਚੌਂਦਾ..ਅੰਨੀ ਦੌੜ..ਧੁੰਦਲਾ ਭਵਿੱਖ..ਗੱਲ ਵੱਢ ਕੰਪੀਟੀਸ਼ਨ..ਮੁਕਾਬਲੇ..ਮਹਿੰਗੇ ਫੋਨ..ਵੇਖ ਵਿਖਾਈ ਟਿੱਕ ਟੌਕ ਰੀਲਾਂ ਏਧਰ ਦੇ ਕਨੂੰਨ ਮਹਿੰਗੀਆਂ ਕਾਰਾਂ ਟਰੱਕਾਂ ਦੀ ਦੌੜ ਭੱਜ..ਫੇਰ ਟੁੱਟੇ ਮਨਾਂ ਦਾ ਪਿਆਰ ਮੁਹੱਬਤ ਵਾਲੇ ਚੱਕਰਾਂ ਵਿਚ ਪੈ ਜਾਣਾ..ਬਿਨਾ ਵਿਆਹ ਤੋਂ ਇੱਕਠੇ ਰਹੀ ਜਾਣ ਦਾ ਰੁਝਾਨ ਅਤੇ ਇਸ ਰੁਝਾਨ ਨੂੰ ਸਮਾਜਿਕ ਅਤੇ ਪਰਿਵਾਰਿਕ ਤੌਰ ਤੇ ਮਿਲ ਜਾਂਦੀ ਪ੍ਰਵਾਨਗੀ..ਪੜਾਈ ਵਿਚ ਜੀ ਨਾ ਲੱਗਣਾ..ਅੰਨੀ ਗਲੀ ਵਿਚ ਵਾਹੋਦਾਹੀ ਭੱਜੀ ਤੁਰੀ ਜਾਂਦੀ ਪੀੜੀ..!
ਸਮਝ ਨਹੀਂ ਆਉਂਦੀ ਇਸ ਸਾਰੇ ਕੁਝ ਦਾ ਅੰਤ ਹੈ ਕਿਥੇ..ਗੱਲ ਫੇਰ ਓਸੇ ਆਸਥਾ ਤੇ ਜਾ ਮੁੱਕਦੀ..!
ਚਾਂਦਨੀ ਚੋਂਕ ਗੁਰੂਦੁਆਰੇ ਦੇ ਬਾਹਰ ਇੱਕ ਮੁਸਲਮਾਨ ਹਦੁਆਣੇ ਵੇਚ ਰਿਹਾ ਸੀ..!
ਸਿੰਘ ਨੇ ਪੁੱਛਿਆ ਕਿੰਨੇ ਦੇ?
ਆਖਣ ਲੱਗਾ ਜੀ ਸੌ ਦੇ ਤਿੰਨ!
ਅੱਗੋਂ ਪੁੱਛਿਆ ਕੀ ਗਰੰਟੀ ਮਿੱਠੇ ਨਿਕਲਣਗੇ..?
ਆਖਣ ਲੱਗਾ ਜੀ ਗਾਰੰਟੀ ਤੇ ਕੋਈ ਨਹੀਂ ਪਰ ਜਿਸ ਗੁਰੂ ਤੇਗ ਬਹਾਦੁਰ ਦੇ ਸਥਾਨ ਦੇ ਬਾਹਰ ਵੇਚ ਰਿਹਾ ਹਾਂ ਉਸ ਦੇ ਦਰਬਾਰ ਵਿਚ ਤੇ ਫਿੱਕੇ ਵੀ ਮਿੱਠੇ ਹੋ ਜਾਂਦੇ..!
ਕਾਸ਼ ਕੋਈ ਐਸੀ ਕਰਾਮਾਤ ਹੋਵੇ ਕੇ ਮੇਰੀ ਕੌਂਮ ਦੇ ਵੀ ਸਾਰੇ ਫਿੱਕੇ ਇੱਕਦਮ ਮਿੱਠੇ ਹੋ ਜਾਵਣ..!
ਪਰ ਇਸ ਲਈ ਇੱਕ ਕੰਮ ਕਰਨਾ ਪੈਣਾ..ਅਜੋਕੀ ਪੀੜੀ ਆਸਥਾ ਵਿਸ਼ਵਾਸ਼ ਵਾਲੀ ਲਕੀਰ ਤੋਂ ਲਾਂਭੇ ਨਾ ਹੋ ਜਾਵੇ..ਇਸ ਗੱਲ ਦਾ ਖਿਆਲ ਰੱਖਣਾ ਪੈਣਾ!
ਹਰਪ੍ਰੀਤ ਸਿੰਘ ਜਵੰਦਾ