ਸ਼ਿਵ | shiv

ਬਟਾਲੇ ਟੇਸ਼ਨ ਤੋਂ ਬਾਹਰ ਨਿੱਕਲ ਖੱਬੇ ਪਾਸੇ ਨੂੰ ਪਹਿਲਾ ਮੋੜ..ਮੁਹੱਲਾ ਪ੍ਰੇਮ ਨਗਰ..ਥੋੜੀ ਅੱਗੇ ਡੇਰਾ ਬਾਬਾ ਨਾਨਕ ਰੋਡ ਵੱਲ ਉੱਚੇ ਚੁਬਾਰੇ ਵਿਚ ਸ਼ਿਵ ਹੁਰਾਂ ਦਾ ਕਿਰਾਏ ਦਾ ਮਕਾਨ ਹੁੰਦਾ ਸੀ..ਸ਼ਿਵ ਨੇ ਇਥੇ ਕਿੰਨਾ ਕੁਝ ਰਚਿਆ..ਐਸੇ ਅੱਖਰ ਅਹੁੜਦੇ ਜਿਹੜੇ ਕਿਸੇ ਨਾ ਸੁਣੇ ਹੁੰਦੇ..!
ਪੁੱਤਰ ਮੇਹਰਬਾਨ ਪਹਿਲੀ ਵੇਰ ਸਕੂਲੇ ਪਾਇਆ ਤਾਂ ਚੁਬਾਰੇ ਤੋਂ ਉਸਨੂੰ ਵੇਖਦਾ ਰਹਿੰਦਾ..ਬਟਾਲੇ ਦੇ ਲਾਲੇ ਉਸ ਦੀ ਮਹਿਫ਼ਿਲ ਵਿਚ ਸ਼ਰੀਕ ਹੁੰਦੇ..ਕਵਿਤਾਵਾਂ ਸੁਣਦੇ..ਵਾਹ ਵਾਹ ਕਰਦੇ ਖੁਦ ਵੀ ਪੀਂਦੇ ਤੇ ਉਸਨੂੰ ਵੀ ਪਿਆਉਂਦੇ..ਫੇਰ ਰਾਤ ਗਈ ਬਾਤ ਗਈ ਹੋ ਜਾਂਦੀ..!
ਬੇਰਿੰਗ ਕਾਲਜ ਦਾ ਕਾਮਰਸ ਬਲਾਕ..ਮਗਰਲੇ ਪਾਸੇ ਹੰਸਲੀ ਦੇ ਨਾਲ ਨਾਲ ਉੱਗੇ ਰੁੱਖ..ਉੱਤੇ ਬਣੀ ਡੰਡੀ ਤੇ ਕਿੰਨੇ ਲੋਕ ਲੰਘਦੇ..ਮੈਂ ਵੇਖਦਾ ਰਹਿੰਦਾ..ਕੋਲ ਹੀ ਲਹਿੰਦੇ ਪਾਸੇ ਕੰਧੋੰ ਪਾਰ ਸ਼ਿਵ ਔਡੀਟੋਰੀਅਮ..ਓਦੋਂ ਮੱਝਾਂ ਗਾਵਾਂ ਚਰਦੀਆਂ ਹੁੰਦੀਆਂ ਸਨ..ਪੂਰਾ ਹੁੰਦਿਆਂ ਦਹਾਕੇ ਲੱਗ ਗਏ..ਕੁਝ ਯਾਰ ਦੋਸਤ ਅਜੇ ਵੀ ਜਿਉਂਦੇ..ਉਸਦੀਆਂ ਗੱਲਾਂ ਦੱਸਦੇ!
ਛੱਬੀ ਸਾਲ ਦਾ ਸੀ..ਸ਼ਾਹਿੱਤ ਅਕੈਡਮੀਂ ਅਵਾਰਡ ਮਿਲਿਆ..ਬੱਸ ਅੱਡੇ ਕੋਲ ਸਿੰਬਲ ਚੋਂਕ ਵੱਲ ਤੁਰਿਆ ਜਾਵੇ..ਪਿੱਛੋਂ ਕਿਸੇ ਅਵਾਜ ਦਿੱਤੀ..ਓਏ ਪੰਡਤਾਂ ਮੇਰੇ ਪੈਸੇ ਤਾਂ ਦਿੰਦਾ ਜਾ..ਯਾਰਾਂ ਦੋਸਤਾਂ ਪਿੱਛੇ ਭੋਂ ਕੇ ਵੇਖਿਆ..ਮੋਚੀ ਸੀ..ਦੋਸਤ ਦਵਾਲੇ ਹੋ ਗਏ ਤੈਨੂੰ ਬੋਲਣ ਦੀ ਜਾਚ ਹੈਨੀ..ਤੈਨੂੰ ਪਤਾ ਨੀ ਕਿੱਡਾ ਵੱਡਾ ਸ਼ਾਇਰ ਏ..ਇਸਨੇ ਡੱਕ ਦਿੱਤਾ..ਮੇਰੇ ਔਖੇ ਵੇਲੇ ਦਾ ਯਾਰ ਏ..ਕੁਝ ਨਾ ਆਖੋ..ਜੱਫੀ ਪਾ ਲਈ..!
ਆਖਦਾ ਕਈ ਵੇਰ ਖਾਲੀ ਵਰਕਾ ਵੇਖ ਡਰ ਜਾਂਦਾ..ਸ਼ਾਇਦ ਹੁਣ ਮੈਨੂੰ ਕਵਿਤਾ ਅਹੁੜਨੀ ਬੰਦ ਹੋ ਗਈ..ਫੇਰ ਕਿਸੇ ਦੇ ਆਖਿਆਂ ਵਰਕੇ ਦੇ ਐਨ ਉੱਤੇ ਇੱਕ ਆਓਂਕਾਰ ਲਿਖ ਦਿੰਦਾ..ਫੇਰ ਡਰ ਆਉਣੋ ਹਟ ਗਿਆ..ਬਿਰਹੋ ਦਾ ਸੁਲਤਾਨ..ਪੀੜਾਂ ਦੇ ਪਰਾਗੇ ਭੁੰਨਦੀ ਬੁੜੀ..ਅੱਜ ਦਿਨ ਚੜਿਆ ਤੇਰੇ ਰੰਗ ਵਰਗਾ..ਰਾਤ ਚਾਨਣੀ ਮੈਂ ਟੁਰਾਂ ਮੇਰੇ ਨਾਲ ਤੁਰੇ ਪਰਛਾਵਾਂ ਨੀ ਜਿੰਦੇ ਮੇਰੀਏ..ਕਿੰਨਾ ਕੁਝ ਰਚਿਆ!
ਸੰਨ ਤਿਹੱਤਰ ਵਿਚ ਵਲੈਤ ਚਲੇ ਪਾ ਦਿੱਤੇ..ਓਥੇ ਸ਼ਰਾਬ ਪਿਆਈ ਗਏ ਤੇ ਗੀਤ ਸੁਣੀ ਗਏ..ਕਿਸੇ ਨੇ ਡੱਕਿਆ ਨਾ ਕੇ ਘੱਟ ਪੀ ਮਰ ਜਾਵੇਂਗਾ..ਵਾਪਿਸ ਪਰਤਿਆ ਤਾਂ ਦੋਸਤਾਂ ਨੂੰ ਭੁਲੇਖਾ ਸੀ ਵਲੈਤੋਂ ਅਟੈਚੀ ਭਰ ਕੇ ਪੌਂਡ ਲਿਆਇਆ ਹੋਣਾ ਪਰ ਉਹ ਤੇ ਇੱਕ ਬਿਮਾਰੀ ਸਹੇੜ ਲਿਆਇਆ ਸੀ..ਸਦੀਵੀਂ ਰੋਗ..ਨਾਲਦੀ ਨਿੱਕੇ ਨਿੱਕੇ ਨਿਆਣੇ ਲੈ ਕੇ ਚੰਡੀਗੜ ਹਸਪਤਾਲਾਂ ਅੰਦਰ ਧੱਕੇ ਖਾਂਦੀ ਰਹਿੰਦੀ..ਚੜਤ ਵੇਲੇ ਦਾ ਕੋਈ ਯਾਰ ਲਾਗੇ ਨਾ ਲੱਗਿਆ..ਮਰਿਆ ਸੱਪ ਗੱਲ ਹੀ ਨਾ ਪੈ ਜਾਵੇ..!
ਫੇਰ ਆਖਣ ਲੱਗਾ ਮੈਨੂੰ ਪਿੰਡ ਲੈ ਚੱਲ..ਫੇਰ ਛੇ ਮਈ ਉੱਨੀ ਸੋਂ ਤਿਹੱਤਰ ਸੈਂਤੀ ਵਰ੍ਹਿਆਂ ਦੀ ਉਮਰੇ ਅਲਵਿਦਾ ਆਖ ਗਿਆ..ਜਿੱਦਣ ਜਾਨ ਨਿੱਕਲਣੀ ਸੀ..ਨਾਲਦੀ ਨੂੰ ਆਖਣ ਲੱਗਾ ਕੋਈ ਹਕੀਮ ਦੀ ਪੂੜੀ ਦਵਾਈ ਬਚੀ ਏ ਤਾਂ ਲਿਆ ਦੇ..ਵਰਨਾ ਆਖੇਗਾ ਮੇਰੀ ਦੱਸੀ ਨਹੀਂ ਸੀ ਖਾਦੀ ਤਾਂ ਮਰ ਗਿਆ..!
ਜੋਬਨ ਰੁੱਤੇ ਜੋ ਵੀ ਮਰਦਾ ਫੁਲ ਬਣੇ ਜਾਂ ਤਾਰਾ..ਜੋਬਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾ ਵਾਲਾ..ਚੰਗੀ ਤਰਾਂ ਯਾਦ ਏ ਸੰਨ ਸਤਾਸੀ ਅਠਾਸੀ ਵਿਚ ਸੰਘਰਸ਼ ਵੇਲੇ ਇੱਕ ਸਿੰਘ ਨੇ ਸਮਾਧ ਰੋਡ ਤੋਂ ਉਚੇਚਾ ਉਸਦੀ ਲਿਖੀ ਲੂਣਾ ਅਤੇ ਹੋਰ ਕਿਤਾਬਾਂ ਮੰਗਵਾਈਆਂ..ਅਖ਼ੇ ਜੋਬਨ ਰੁੱਤੇ ਮਰਨ ਦੇ ਵਲ ਫਰੇਬ ਸਿੱਖਣੇ ਨੇ..ਫੇਰ ਉਹ ਵੀ ਕੱਤੀ ਸਾਲ ਦਾ ਸੀ ਜਦੋਂ ਲੇਖੇ ਲੱਗ ਗਿਆ..!
ਸ਼ਿਵ ਦੀ ਜੀਵਨ ਸਫ਼ਰ ਦਾ ਤੱਤ ਸਾਰ..ਜਦੋਂ ਲੱਡੂ ਮੁੱਕ ਜਾਂਦੇ ਓਦੋਂ ਯਾਰਾਨੇ ਟੁੱਟ ਹੀ ਜਾਇਆ ਕਰਦੇ..ਚੜਤ ਵੇਲੇ ਦੇ ਸੱਜਣ ਬੇਲੀ ਢਲਦੇ ਵੇਲੇ ਕਿੱਦਾਂ ਪਾਸੇ ਵੱਟ ਜਾਂਦੇ..ਇਨਸਾਨ ਇਸ ਜਹਾਨ ਕੱਲਾ ਆਉਂਦਾ ਤੇ ਉਸਨੂੰ ਕੱਲੇ ਹੀ ਰਵਾਨਗੀ ਪਉਣੀ ਪੈਂਦੀ..ਇਹ ਤੱਤ ਸਾਰ ਅੱਜ ਵੀ ਕਿੰਨੇ ਸਾਰਥਿਕ ਨੇ..ਅਖ਼ੇ ਜੀਵਨ ਸੰਘਰਸ਼ ਏਦਾਂ ਹਾਰੋ ਕੇ ਜਿੱਤਣ ਵਾਲਾ ਰੋ ਪਵੇ..!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *