#ਹੈਪੀ_ਜਨਮਦਿਨ_ਪਾਪਜੀ
ਜੇ ਕਾਗਜਾਂ ਦੀ ਮੰਨੀਏ ਤਾਂ 1940 ਨੂੰ ਅੱਜ ਦੇ ਹੀ ਦਿਨ ਉਸ ਵੇਲੇ ਜਦੋ ਹਰਿਆਣਾ ਪੰਜਾਬ ਹੀ ਨਹੀਂ ਪਾਕਿਸਤਾਨ ਵੀ ਨਹੀਂ ਸੀ ਬਣਿਆ ਤਾਂ ਪਿੰਡ ਘੁਮਿਆਰੇ ਵਿਚ ਛੋਟੀ ਜਿਹੀ ਹੱਟੀ ਕਰਦੇ ਸ੍ਰੀ ਤੁਲਸੀ ਰਾਮ ਸੇਠੀ ਦੇ ਘਰ ਪਹਿਲੇ ਪੋਤੇ ਨੇ ਜਨਮ ਲਿਆ। ਇਸ ਤੋਂ ਪਹਿਲਾਂ ਉਸਦੇ ਮਾਇਆ ਤੇ ਸਰੁਸਤੀ ਨਾਮਕ ਦੋ ਪੋਤੀਆਂ ਹੀ ਸਨ। ਇਸ ਪੋਤੇ ਦਾ ਨਾਮ ਓਮ ਪ੍ਰਕਾਸ਼ ਰਖਿਆ ਗਿਆ। ਕਿਉਂਕਿ ਸ੍ਰੀ ਤੁਲਸੀ ਰਾਮ ਦਾ ਇੱਕ ਹੀ ਮੁੰਡਾ ਸੀ ਜਿਸ ਦਾ ਨਾਮ ਸ੍ਰੀ ਹਰਗੁਲਾਲ ਸੀ ਤੇ ਰਾਜ ਕੁਰ, ਸਾਵੋ, ਸੋਧਾਂ ਤੇ ਭਗਵਾਨ ਕੁਰ ਨਾਮਕ ਚਾਰ ਕੁੜੀਆਂ ਸਨ। ਤਿੰਨ ਕ਼ੁ ਸ਼ਾਲਾਂ ਬਾਅਦ ਦੂਸਰਾ ਪੋਤਾ ਹੋਇਆ ਤੇ ਉਸਦਾ ਨਾਮ ਮੰਗਲ ਚੰਦ ਰੱਖਿਆ ਗਿਆ। ਬੜਾ ਸੋਹਣਾ ਪਰਿਵਾਰ ਸੀ । ਪਰ ਰੱਬ ਤੋਂ ਖੁਸ਼ੀ ਬਰਦਾਸ਼ਤ ਨਾ ਹੋਈ। ਚੌਵੀ ਦਿਨਾਂ ਦੇ ਛੋਟੇ ਮੰਗਲ ਨੂੰ ਛੱਡਕੇ ਉਹਨਾਂ ਦੀ ਮਾਂ ਚਲੀ ਗਈ। ਇਸ ਤਰਾਂ ਨਾਲ ਸਰੁਸਤੀ ਮਾਇਆ ਓਮ ਪ੍ਰਕਾਸ਼ ਤੇ ਮੰਗਲ ਚੰਦ ਮਾਂ ਵਹੀਣ ਬੱਚਿਆਂ ਨੂੰ ਪਾਲਣਾ ਕੋਈ ਸੁਖਾਲਾ ਕੰਮ ਨਹੀਂ ਸੀ। ਭੂਆਂ ਸੋਧਾਂ ਤੇ ਸਾਵੋ ਨੇ ਮਿਲਕੇ ਮੰਗਲ ਨੂੰ ਪਾਲਿਆ। ਪਿਓ ਹਰਗੁਲਾਲ ਆਪਣੇ ਹਿੱਸੇ ਦੀ ਆਉਂਦੀ ਡੇਢ ਕ਼ੁ ਕਿੱਲਾ ਜਮੀਨ ਤੇ ਖੇਤੀ ਕਰਦਾ ਸੀ ਤੇ ਛੋਟੀ ਜਿਹੀ ਹੱਟੀ ਵੀ ਚਲਾਉਂਦਾ। ਬਾਕੀ ਦੇ ਸ਼ਰੀਕੇ ਕੋਲ ਵੀ ਇੰਨੀ ਇੰਨੀ ਹੀ ਜਮੀਨ ਸੀ। ਪਰ ਘਰ ਦੀ ਮਾਲਕੀਨ ਨਾ ਹੋਣ ਕਰਕੇ ਧੀਆਂ ਤੇ ਭੈਣਾਂ ਭਰਿਆ ਪਰਿਵਾਰ ਹੋਣ ਕਰਕੇ ਮੁਸ਼ਕਲਾਂ ਹੀ ਮੁਸ਼ਕਲਾਂ ਹੀ ਸਨ। ਸ੍ਰੀ ਹਰਗੁਲਾਲ ਦੀ ਵੱਡੀ ਭੂਆ ਬਿਸ਼ਨੀ ਦੇਵੀ ਨੇੜੇ ਦੇ ਪਿੰਡ ਸਿੰਘੇਵਾਲੇ ਰਹਿੰਦੀ ਸੀ ਤੇ ਫੁਫੜ ਸਾਉਣ ਸਿੰਘ ਛੋਟੀ ਜਿਹੀ ਹੱਟੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਭੂਆ ਬਿਸ਼ਨੀ ਕੋਲੋ ਆਪਣੇ ਭਤੀਜੇ ਦੀ ਹਾਲਤ ਦੇਖੀ ਨਾ ਗਈ। ਮਜਬੂਰਨ ਉਹ ਆਪਣਾ ਪਰਿਵਾਰ ਲ਼ੈ ਕੇ ਸਿੰਘੇਵਾਲਾ ਛੱਡਕੇ ਘੁਮਿਆਰੇ ਆ ਕੇ ਰਹਿਣ ਲੱਗੀ।
ਪਿੰਡ ਘੁਮਿਆਰੇ ਵਿੱਚ ਕੋਈ ਸਕੂਲ ਨਹੀਂ ਸੀ। ਪਾਪਾ ਸ੍ਰੀ ਓਮ ਪ੍ਰਕਾਸ਼ ਨੇ ਆਪਣੀ ਮੁਢਲੀ ਪੜ੍ਹਾਈ ਸ਼ਾਇਦ ਨਾਲ ਦੇ ਪਿੰਡ ਲੋਹਾਰੇ ਤੋਂ ਕੀਤੀ। ਇਸੇ ਤਰਾਂ ਮੰਡੀ ਡੱਬਵਾਲੀ ਵਿੱਚ ਖੋਲ੍ਹੇ ਗਏ ਨੈਸ਼ਨਲ ਸਕੂਲ ਤੋਂ ਦਸਵੀਂ ਕੀਤੀ। ਘਰ ਦੀ ਗਰੀਬੀ ਤੇ ਅਣਪੜ੍ਹਤਾ ਦੇ ਬਾਵਜੂਦ ਦਸਵੀਂ ਤੋਂ ਬਾਦ ਪ੍ਰਭਾਕਰ ਕਰ ਲਈ। ਹੋਲੀ ਹੋਲੀ ਸਰਕਾਰੀ ਨੌਕਰੀ ਵਿੱਚ ਅੜ ਗਏ। ਭਾਵੇਂ ਘਰੇ ਅਜੇ ਵੀ ਬਹੁਤੀ ਗਰੀਬੀ ਸੀ। ਬਾਬਾ ਹਰਗੁਲਾਲ ਨੇ ਮੇਹਨਤ ਕੀਤੀ ਪਰਿਵਾਰ ਹੀ ਨਹੀ ਪਾਲਿਆ ਸਗੋਂ ਸ਼ਰੀਕੇ ਕੋਲੋ ਹੋਲੀ ਹੋਲੀ ਕਰਕੇ ਉਹਨਾਂ ਦੀ ਜਮੀਨ ਖਰੀਦ ਲਈ। ਪਿੰਡ ਦਾ ਧੜਵਾਈ ਬਣਨ ਤੇ ਉਹ ਹਰਗੁਲਾਲ ਤੋਂ ਸੇਠ ਹਰਗੁਲਾਲ ਬਣ ਗਿਆ। ਤੇ ਪਾਪਾ ਸ੍ਰੀ ਓਮ ਪ੍ਰਕਾਸ਼ ਜੀ ਨੇ ਸੋ ਤੋਂ ਘੱਟ ਮਿਲਣ ਵਾਲੀ ਤਨਖਾਹ ਨਾਲ ਮਲੋਟ ਮੁਕਤਸਰ ਫਿਰੋਜ਼ਪੁਰ ਤੇ ਜ਼ੀਰੇ ਨੌਕਰੀ ਕੀਤੀ। ਕਈ ਵਾਰੀ ਸਵੱਖਤੇ ਉਠਕੇ ਡੱਬਵਾਲੀ ਤੋਂ ਤਿੰਨ ਵਜੇ ਚਲਦੀ ਗੱਡੀ ਫੜਦੇ। 1958 ਵਿਚ ਵਿਆਹ ਹੋਇਆ । 1966 ਵਿਚ ਹਰਿਆਣਾ ਪੰਜਾਬ ਬਣਨ ਤੇ ਪਟਵਾਰੀ ਦੀ ਨੌਕਰੀ ਲਈ ਹਰਿਆਣਾ ਹੀ ਚੁਣਿਆ। ਹਿਸਾਰ ਜ਼ਿਲੇ ਵਿੱਚ ਬਤੌਰ ਪਟਵਾਰੀ ਨੌਕਰੀ ਕੀਤੀ। ਜੋ ਘਰ ਤੋਂ ਕਾਫੀ ਦੂਰ ਸੀ। ਹੋਲੀ ਹੋਲੀ ਸਰਸਾ ਜ਼ਿਲਾ ਬਣਨ ਤੇ ਹਿਸਾਰ ਜ਼ਿਲਾ ਛੱਡਕੇ ਸਰਸਾ ਦੇ ਮਿੱਠੜੀ ਪਿੰਡ ਜੋਈਨ ਕੀਤਾ। ਹੌਸਲੇ ਤੇ ਲਗਨ ਨਾਲ ਨੌਕਰੀ ਦੀਆਂ ਮੁਸ਼ਕਿਲਾਂ ਨੂੰ ਸਰ ਕਰਦੇ ਹੋਏ 1982 ਵਿਚ ਕਨੂੰਨਗੋ ਵਜੋਂ ਪ੍ਰਮੋਟ ਹੋਏ। ਸੰਘਰਸ਼ ਭਰਪੂਰ ਜਿੰਦਗ਼ੀ ਵਿੱਚ ਜੇ ਅਮੀਰੀ ਵੀ ਨਹੀਂ ਦੇਖੀ ਤੇ ਭੁੱਖਮਰੀ ਵੀ ਨਹੀਂ ਦੇਖੀ। ਪਾਪਾ ਜੀ ਦੁਨੀਆ ਵਿੱਚ ਉਦੋਂ ਉਦਾਹਰਣ ਬਣੇ ਜਦੋ ਇਹ੍ਹਨਾਂ ਨੂੰ 1995 ਵਿੱਚ ਨਾਇਬ ਤਹਿਸੀਲਦਾਰ ਵਜੋਂ ਤਰੱਕੀ ਮਿਲੀ। ਚਾਹੇ ਗਰੀਬੀ ਵਿਚਲੋਂ ਨਿਕਲੇ ਹੋਣ ਕਰਕੇ ਪਾਪਾ ਜੀ ਸ਼ੁਰੂ ਤੋਂ ਹੀ ਧਾਰਮਿਕ ਵਿਚਾਰਾਂ ਦੇ ਸਨ ਪਰ 1973 ਤੋਂ ਹੀ ਸੰਤਮੱਤ ਨਾਲ ਜੁੜਨ ਕਰਕੇ ਵਿਚਾਰ ਗਰੀਬ ਲੋੜਵੰਦ ਪੱਖੀ ਹੋ ਗਏ। ਹਰ ਸਮੇਂ ਸੇਵਾ ਸਿਮਰਨ ਪਰਮਾਰਥ ਵੱਲ ਹੀ ਧਿਆਨ ਰਹਿੰਦਾ ਤੇ 1998 ਚ ਹੋਈ ਸੇਵਾਮੁਕਤੀ ਤੋਂ ਬਾਦ ਆਪਣੇ ਚੌਵੀ ਘੰਟੇ ਹੀ ਸੇਵਾ ਦੇ ਲੇਖੇ ਲਾਉਣ ਦਾ ਫੈਸਲਾ ਕੀਤਾ। ਭਾਵੇ ਪਾਪਾ ਸ੍ਰੀ ਓਮ ਪ੍ਰਕਾਸ਼ ਨੂੰ ਸਮਾਜ ਦਾ ਬਹੁਤ ਹਿੱਸਾ ਸੇਠੀ ਸਾਹਿਬ ਹੀ ਕਹਿੰਦਾ ਸੀ। ਪਰ ਬਹੁਤੇ ਪੁਰਾਣੇ ਲ਼ੋਕ ਪਟਵਾਰੀ ਸਾਹਿਬ ਹੀ ਕਹਿੰਦੇ। #ਪਟਵਾਰੀ_ਸਾਹਿਬ ਸ਼ਬਦ ਸੁਣਕੇ ਬਹੁਤ ਖੁਸ਼ ਹੁੰਦੇ। ਕਿਉਂਕਿ ਪਟਵਾਰੀ ਹੋਣਾ ਓਹਨਾ ਦਾ ਅਤੀਤ ਸੀ। ਜਿਹੜਾ ਬੰਦੇ ਆਪਣਾ ਅਤੀਤ ਪਿਛੋਕੜ ਨਹੀਂ ਭੁੱਲਦਾ ਓਹ ਕਦੇ ਗਲਤ ਨਹੀਂ ਹੁੰਦਾ। ਕਦੇ ਧੋਖਾ ਨਹੀਂ ਦਿੰਦਾ। ਜ਼ਮੀਨੀ ਹਕੀਕੀ ਨਾਲ ਜੁੜਿਆ ਬੰਦਾ ਕਦੇ ਪਿਛੋਕੜ ਨਹੀਂ ਭੁਲਦਾ। ਇਸੇ ਤਰਾਂ ਸੇਵਾ ਕਾਰਜਾਂ ਨੂੰ ਨਿਭਾਉਂਦੇ ਹੋਏ ਪਾਪਾ ਜੀ 29 ਅਕਤੂਬਰ 2003 ਨੂੰ ਮਾਮੂਲੀ ਜਿਹੇ ਐਕਸੀਡੈਂਟ ਦਾ ਬਹਾਨਾ ਬਣਾਕੇ ਇਸ ਨਾਸ਼ਵਾਨ ਸੰਸਾਰ ਨੂੰ ਛੱਡਕੇ ਚਲੇ ਗਏ। ਸਮਾਜ ਵਿੱਚ ਬਹੁਤ ਨਾਮਣਾ ਖੱਟਿਆ। ਜਾਣ ਤੋਂ ਕੋਈ ਸਤਾਰਾਂ ਸਾਲ ਬਾਅਦ ਵੀ ਲ਼ੋਕ ਜਦੋ ਓਹਨਾ ਦੀ ਪ੍ਰਸ਼ੰਸ਼ਾ ਕਰਦੇ ਹਨ ਤਾਂ ਉਹਨਾਂ ਦੇ ਵੰਸਜ ਹੋਣ ਤੇ ਮਾਣ ਮਹਿਸੂਸ ਹੁੰਦਾ ਹੈ। ਪਾਪਾ ਜੀ ਬਾਰੇ ਲਿਖਣਾ ਕੋਈ ਸੌਖਾ ਨਹੀਂ। ਕਈ ਕਿੱਸੇ ਕਹਾਣੀਆਂ ਹਨ। ਕਿਵ਼ੇਂ ਉਹ ਗਰੀਬਾਂ ਦੀ ਮਦਦ ਕਰਦੇ। ਆਪਣਾ ਪਿਛੋਕੜ ਨਾ ਭੁਲਦੇ। ਮਾਲਵੇ ਦੇ ਜੰਮਪਲ ਹੋਣ ਕਰਕੇ ਠੇਠ ਮਲਵਈ ਭਾਸ਼ਾ ਬੋਲਦੇ। ਸਾਈਕਲ ਸਕੂਟਰ ਟਰੈਕਟਰ ਤੇ ਕਾਰ ਦੀ ਸੀਟ ਨੂੰ ਕਾਠੀ ਸਟੇਰਿੰਗ ਨੂੰ ਹੈਂਡਲ ਆਖਦੇ। ਵਧੀਆ ਸਬਜ਼ੀ ਨਾਲੋਂ ਚਟਨੀ ਨੂੰ ਪਹਿਲ ਦਿੰਦੇ। ਜੇ ਬਹੁਤੀ ਗਰਮੀ ਦਿਖਾਕੇ ਕੰਮ ਨਾ ਬਣਦਾ ਦਿਸਦਾ ਤਾਂ ਝੱਟ ਹਲੀਮੀ ਅਖਤਿਆਰ ਕਰ ਲੈਂਦੇ। ਖਰਚ ਨੂੰ ਹਮੇਸ਼ਾ ਖੁੱਲੇ। ਕਿਰਸ ਕਰਨੀ ਸ਼ਾਇਦ ਸਿੱਖੀ ਹੀ ਨਹੀਂ ਸੀ। ਓਹਨਾ ਨੇ ਹਰ ਰਿਸ਼ਤੇ ਨੂੰ ਬਾਖੂਬੀ ਨਿਭਾਇਆ। ਵਧੀਆ ਔਲਾਦ ਦੇ ਨਾਲ ਨਾਲ ਚੰਗੇ ਮਾਪਿਆਂ ਦੇ ਫਰਜ਼ ਵੀ ਪੂਰੇ ਕੀਤੇ। ਸੁਭਾਅ ਵਿੱਚ ਭਾਵੇਂ ਤਲਖੀ ਸੀ ਪਰ ਕਿਸੇ ਦਾ ਦਿਲ ਨਾ ਤੋੜਦੇ। ਧੀਆਂ ਭੈਣਾਂ ਦੇ ਨਾਲ ਨਾਲ ਭੂਆਂ ਤੇ ਪਿਓ ਦੀ ਭੂਆ ਨੂੰ ਬਣਦਾ ਮਾਣ ਤਾਨ ਦਿੱਤਾ। ਸਹੁਰੇ ਪਰਿਵਾਰ ਵਿੱਚ ਸਭ ਤੋਂ ਛੋਟੇ ਹੋਣ ਦੇ ਬਾਵਜੂਦ ਹਰ ਇੱਕ ਦੇ ਕਿਸੇ ਨਾਲ ਕਿਸੇ ਕੰਮ ਆਏ। ਆਪਣਾ ਰੁਤਬਾ ਵੀ ਕਾਇਮ ਰੱਖਿਆ। ਪਾਪਾ ਜੀ ਨੇ ਹੋਰਨਾਂ ਰਿਸ਼ਤਿਆਂ ਤੋਂ ਇਲਾਵਾਂ ਇੱਕ ਚੰਗੇ ਫੁਫੜ ਤੇ ਮਾਸੜ ਦੇ ਫਰਜ਼ ਵੀ ਨਿਭਾਏ। ਹੌਸਲੇ ਤੇ ਕਿੱਲੇ ਨਾਲ ਕੀਤੀ ਵਿਚੋਲਗਿਰੀ ਵਿੱਚ ਵੀ ਸਫਲਤਾ ਹਾਸਿਲ ਕੀਤੀ। ਇਹ ਓਹਨਾ ਦੇ ਰੁਤਬੇ ਸੱਚੇ ਅਸੂਲਾਂ ਦੇ ਕਾਰਨ ਹੀ ਸੀ ਕਿ ਪੰਜੇ ਸਾਲੇ ਚਾਰੇ ਸਾਂਢੂ ਤੇ ਦੋਨੇ ਜੀਜੇ ਪਾਪਾ ਜੀ ਦਾ ਆਖਾ ਨਹੀਂ ਜੀ ਮੋੜਦੇ।
ਅੱਜ ਓਹਨਾ ਦੇ ਜਨਮ ਦਿਨ ਤੇ ਵਾਰ ਵਾਰ ਓਹਨਾ ਨੂੰ ਸਿੱਜਦਾ ਕਰਨ ਨੂੰ ਦਿਲ ਕਰਦਾ ਹੈ। ਇਸ ਲਈ ਹੀ ਨਹੀ ਕਿ ਉਹ ਮੇਰੇ ਜਨਮ ਦਾਤਾ ਸਨ ਸਗੋਂ ਇਸ ਲਈ ਵੀ ਕਿ ਉਹ ਇੱਕ ਯੁੱਗ ਪੁਰਸ਼ ਵਧੀਆ ਰਾਹ ਦਸੇਰਾ ਦੂਸਰਿਆਂ ਲਈ ਪ੍ਰੇਰਨਾ ਸਰੋਤ ਸਮਾਜ ਦੇ ਮਾਰਗ ਦਰਸ਼ਕ ਸਨ।
ਲਵ ਯੂ ਪਾਪਾ ਸ੍ਰੀ।
#ਰਮੇਸ਼ਸੇਠੀਬਾਦਲ
ਸਪੁੱਤਰ ਸ੍ਰੀ ਉੱਮ ਪ੍ਰਕਾਸ਼ ਸੇਠੀ