ਸਤਰ ਦੇ ਦਹਾਕੇ ਦੇ ਅੰਤਿਮ ਸਾਲ ਯ ਅੱਸੀਵੇਂ ਦਹਾਕੇ ਦੇ ਮੁਢਲੇ ਸਾਲ ਦੀ ਗੱਲ ਹੈ ਸ਼ਾਇਦ। ਡੱਬਵਾਲੀ ਦੇ ਮਸ਼ਹੂਰ ਪੈਟਰੋਲ ਪੰਪ ਦੇ ਇੱਕ ਕਰਿੰਦੇ ਦੇ ਭਰਾ ਦਾ ਵਿਆਹ ਹੋਇਆ। ਪੰਜਾਬ ਦੇ ਮਾਨਸਾ ਸ਼ਹਿਰ ਵਿੱਚ। ਉਸ ਲਈ ਕਰਿੰਦਾ ਸ਼ਬਦ ਠੀਕ ਨਹੀਂ ਲਗਦਾ ਉਹ ਪੰਪ ਦਾ ਕਰਤਾ ਧਰਤਾ ਸੀ। ਉਸ ਪੰਪ ਨੂੰ ਜੇ ਕੁਝ ਲੋਕ ਮਾਲਿਕਾਂ ਦੇ ਨਾਮ ਨਾਲ ਜਾਣਦੇ ਸਨ ਤਾਂ ਕੁਝ ਉਸ ਕਰਿੰਦੇ ਦੇ ਨਾਮ ਨਾਲ। ਵਿਆਹ ਵਾਲਾ ਮੁੰਡਾ ਕਿਸੇ ਸਰਕਾਰੀ ਕੰਪਨੀ ਵਿਚ ਲੱਗਿਆ ਸੀ। ਵਾਹਵਾ ਬਰਾਤ ਗਈ। ਉਸ ਕਰਿੰਦੇ ਦੇ ਆਪਣੇ ਮਾਲਿਕਾਂ ਨਾਲ ਵਧੀਆ ਰਸੂਖ ਕਰਕੇ ਪੈਟਰੋਲ ਪੰਪ ਵਾਲਾ ਸੇਠ ਵੀ ਬਰਾਤ ਗਿਆ। ਭਾਵੇਂ ਮਾਨਸਾ ਦਾ ਇਲਾਕਾ ਡੱਬਵਾਲੀ ਨਾਲੋਂ ਥੋੜਾ ਪਿਛੜਿਆ ਗਿਣਿਆ ਜਾਂਦਾ ਸੀ ਪਰ ਮਾਨਸਾ ਵਾਲੇ ਪਰਿਵਾਰ ਨੇ ਸੇਵਾ ਵਾਲੀਆਂ ਰੜਕਾਂ ਕੱਢ ਦਿੱਤੀਆਂ। ਬਾਰਾਤ ਲਈ ਬਣਾਏ ਨਮਕੀਨ ਚਾਵਲਾਂ ਵਿੱਚ ਕਾਜੂ ਤੇ ਪਨੀਰ ਪਾਇਆ ਗਿਆ। ਪਨੀਰ ਦੀ ਸਬਜ਼ੀ ਵਿੱਚ ਵੀ ਕਾਜੂ। ਤੇ ਫੁੱਲ ਮਖਾਨਿਆ ਦੀ ਸਬਜ਼ੀ। ਉਸ ਸਮੇ ਜਿਆਦਾਤਰ ਜੰਞ ਨੂੰ ਛੋਲੇ ਪੂਰੀਆਂ ਖਵਾਉਣ ਦਾ ਰਿਵਾਜ ਸੀ। ਕਿਤੇ ਕਿਤੇ ਆਲੂ ਮਟਰ ਦੀ ਸਬਜ਼ੀ ਦਾਲ ਇੱਕ ਸੁੱਕੀ ਸਬਜ਼ੀ ਤੇ ਬੂੰਦੀ ਦਾ ਰਾਇਤਾ ਚਾਰ ਡੋਂਗਿਆਂ ਵਾਲੇ ਚੁਮਖਿਆ ਰਾਹੀਂ ਵਰਤਾਇਆ ਜਾਂਦਾ ਸੀ। ਪਰ ਇੱਥੇ ਤਾਂ ਪਨੀਰ ਤੇ ਕਾਜੂ ਦਾ ਹੀ ਬੋਲ ਬਾਲਾ ਸੀ।ਹੋਰ ਤਾਂ ਹੋਰ ਲੜਕੀ ਵਾਲਿਆਂ ਨੇ ਹਰ ਬਰਾਤੀ ਨੂੰ ਇੱਕ ਸਟੀਲ ਦਾ ਗਿਲਾਸ ਵੀ ਦਿੱਤਾ। ਉਸ ਸਮੇ ਸਟੀਲ ਦਾ ਗਿਲਾਸ ਵੀ ਸੱਤ ਅੱਠ ਰੁਪਏ ਦਾ ਆਉਂਦਾ ਸੀ। ਜੋ ਉਸ ਸਮੇ ਬਹੁਤ ਵੱਡੀ ਗੱਲ ਸੀ। ਕਹਿੰਦੇ ਇਹ ਸਭ ਕੁੱਝ ਵੇਖ ਕੇ ਬਰਾਤ ਵਿਚ ਸ਼ਾਮਿਲ ਪੰਪ ਮਾਲਿਕ ਸੇਠ ਨੂੰ ਚੱਕਰ ਆ ਗਿਆ। ਉਸ ਨੂੰ ਮਹਿਸੂਸ ਹੋਇਆ ਕਿ ਉਸਦੇ ਆਪਣੇ ਮੁੰਡੇ ਦੇ ਵਿਆਹ ਤੇ ਉਸਦੇ ਕੁੜਮਾਂ ਨੇ ਇੰਨੀ ਸੇਵਾ ਨਹੀਂ ਕੀਤੀ ਤੇ ਉਸਦੇ ਹੀ ਕਰਿੰਦੇ ਦੇ ਭਰਾ ਦੇ ਵਿਆਹ ਤੇ ਇੰਨੀ ਸੇਵਾ।
ਇਸ ਗੱਲ ਦੀ ਉਸ ਸਮੇ ਸ਼ਹਿਰ ਵਿਚ ਬਹੁਤ ਚਰਚਾ ਹੋਈ। ਖਾਸਕਰ ਸਾਡੀ ਅਰੋੜਬੰਸ ਬਿਰਾਦਰੀ ਵਿੱਚ। ਕਈ ਦਿਨ ਇਹੀ ਗੱਲਾਂ ਚਲਦੀਆਂ ਰਹੀਆਂ।
ਫਿਰ ਪੰਜ ਦਿਸੰਬਰ ਬਿਆਸੀ ਨੂੰ ਅਸੀਂ ਮੇਰੀ ਵੱਡੀ ਭੈਣ ਦੀ ਸ਼ਾਦੀ ਤੇ ਇਹੀ ਰੀਸ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਵੀ ਰੀਸ ਰੀਸ ਹੀ ਹੁੰਦੀ ਹੈ ਤੇ ਅਸਲ ਅਸਲ।
#ਰਮੇਸ਼ਸੇਠੀਬਾਦਲ