ਜਿਥੋਂ ਤੱਕ ਮੈਨੂੰ ਯਾਦ ਹੈ ਮਾਂ ਨੂੰ ਖੱਟੀ ਮਿੱਠੀ ਇਮਲੀ ਦੇ ਰੂਪ ਵਿੱਚ ਵੇਖਿਆ ਹੈ। ਬਹੁਤ ਪਿਆਰ ਕਰਦੀ। ਰੀਝਾਂ ਨਾਲ ਤਿਆਰ ਕਰਦੀ ਨੁਹਾਉਂਦੀ ਪਰ ਝਾਵੇਂ ਨਾਲ ਰਗੜਦੀ। ਰੋਂਦੇ ਕਰਲਾਉਂਦੇ ਅੱਖਾਂ ਵਿੱਚ ਸਬੁਣ ਪੈ ਜਾਣੀ ਪਰ ਉਸਤੇ ਕੋਈ ਅਸਰ ਨਾ ਹੋਣਾ। ਨੰਗੇ ਪਿੰਡੇ ਹੀ ਖੜਕੈਤੜੀ ਕਰ ਦਿੰਦੀ। ਹੱਥ ਵੀ ਸੁਖ ਨਾਲ ਭਾਰਾ ਹੁੰਦਾ ਸੀ। ਦਸੀ ਪੰਦਰੀ ਦੰਦਾਸਾ ਮਲਣ ਨੂੰ ਕਹਿਂਦੀ। ਕੌੜਾ ਦੰਦਾਸਾ ਫਿਰ ਬੁੱਲ ਲਾਲ ਹੋ ਜਾਣੇ। ਅਗਲੇ ਸਾਥੀ ਮਜ਼ਾਕ ਉਡਾਉਂਦੇ। ਮਾਂ ਨਾ ਬਖਸ਼ਦੀ। ਸੁਰਮਾਂ ਪਾਉਂਦੀ ਤੇ ਕਾਲਾ ਟਿੱਕਾ ਲਾਉਣਾ ਨਾ ਭੁੱਲਦੀ।
ਪੁੱਤ ਕੀ ਸਬਜ਼ੀ ਬਣਾਈਏ। ਪੁੱਛਦੀ। ਓਹੀ ਬਣਾਉਂਦੀ ਜੋ ਪਸੰਦ ਹੁੰਦਾ ਸੀ। ਰਾਤ ਨੂੰ ਮੰਜੇ ਤੇ ਪਿਆਂ ਨੂੰ ਪਾਹੜੇ ਸਿਖਾਉਂਦੀ। ਗਲਤੀ ਹੋਣ ਤੇ ਫਿਰ ਠਾਹ ਜਿਨੇ ਮਾਰਦੀ।
ਵੱਡਾ ਹੁੰਦਾ ਗਿਆ। ਪੜ੍ਹਾਈ ਲਈ ਕੁੱਟਦੀ ਮਾਰਦੀ ਗਾਲ਼ਾਂ ਕੱਢਦੀ। ਉਹ ਇਸ ਕੰਮ ਵਿਚ ਮਾਂ ਦੇ ਨਾਲ ਨਾਲ ਪਿਓ ਦੇ ਫਰਜ਼ ਵੀ ਨਿਭਾਉਂਦੀ। ਆਪਣੀ ਕਾਰਵਾਈ ਕਰਕੇ ਵੀ ਆਉਣ ਦੇ ਤੇਰੇ ਪਤੰਦਰ ਨੂੰ ਕਹਿਕੇ ਡਰਾਵਾ ਬਰਕਰਾਰ ਰੱਖਦੀ। ਮੇਰੇ ਪਸੰਦ ਦੀਆਂ ਗੰਵਾਰੇ ਦੀਆਂ ਫਲੀਆਂ ਖਰਬੂਜੇ ਦੀ ਸਬਜ਼ੀ ਸੁੱਕੇ ਆਲੂ ਮੱਖਣ ਬਣਾਉਂਦੀ। ਸ਼ੱਕਰ ਵਾਲੀਆਂ ਸੇਵੀਆਂ ਖੀਰ ਮਿੱਠੇ ਚੋਲ ਪੀਲੇ ਚੋਲ ਗੁਲਗਲੇ ਮੋਠ ਬਾਜਰੇ ਦੀ ਖਿਚੜੀ ਤੇ ਦੁਪੜ ਰੋਟੀ ਬਣਾਉਂਦੀ।
ਪਰ ਜਿਸ ਦਿਨ ਮੈਂ ਕੋਈ ਕਹਿਣਾ ਨਾ ਮੰਨਦਾ, ਨੰਬਰ ਘੱਟ ਆਉਂਦੇ ਕੋਈ ਉਲਾਂਭਾ ਆ ਜਾਂਦਾ ਫਿਰ ਚੱਪਲ ਬੂਟ ਜੁੱਤੀ ਸੋਟੀ ਛਟੀ ਜੋ ਹੱਥ ਆਉਂਦਾ ਨਾਲ ਪਿੰਡਾ ਸੇਕ ਦਿੰਦੀ। ਪਰ ਕਿਸੇ ਹੋਰ ਨੂੰ ਹੱਥ ਨਾ ਲਾਉਣ ਦਿੰਦੀ। ਕਿਸੇ ਦੀ ਕੀ ਮਜਾਲ ਕੋਈ ਓਏ ਕਹਿ ਦੇਵੇ।
ਇੱਕ ਵਾਰੀ ਮੈਂ ਮੇਰੇ ਦਾਦੇ ਦੀ ਦੁਕਾਨ ਤੋਂ ਚੁੱਕ ਕੇ ਗੁੜ ਦੀ ਡਲੀ ਖਾ ਲਈ। ਮੇਰੇ ਚਾਚੇ ਨੇ ਮੈਨੂੰ ਝਿੜਕ ਦਿੱਤਾ। ਮੈਂ ਘਰੇ ਆ ਕੇ ਮੇਰੀ ਮਾਂ ਨੂੰ ਦੱਸ ਦਿੱਤਾ। ਫਿਰ ਕੀ ਸੀ ਉਹ ਸ਼ੇਰਨੀ ਬਣਕੇ ਮੇਰੇ ਚਾਚੇ ਨਾਲ ਭਿੜ ਪਈ। ਤੂੰ ਗੁੜ ਦੀ ਡਲੀ ਦੇ ਪੈਸੇ ਲੈ ਲੈਂਦਾ। ਪਰ ਤੂੰ ਜੁਆਕ ਨੂੰ ਝਿੜਕਿਆ ਕਿਓੰ। ਗਲਤੀ ਚਾਚੇ ਦੀ ਵੀ ਸੀ। ਆਖਿਰ ਚਾਚੇ ਨੇ ਗਲਤੀ ਮੰਨੀ। ਦਾਦਾ ਜੀ ਨੇ ਵੀ ਚਾਚੇ ਨੂੰ ਘੂਰਿਆ।
ਹੋਲੀ ਹੋਲੀ ਮੈਂ ਵੱਡਾ ਹੋ ਗਿਆ। ਫਿਰ ਮੇਰੀ ਮਾਂ ਮੈਨੂੰ ਅਦਰਸ਼ ਮੰਨਦੀ। ਮੇਰੀਆਂ ਸਿਫ਼ਤਾਂ ਕਰਦੀ। ਉਹ ਮੇਰੇ ਕੋਲ ਆਪਣਾ ਦੁੱਖ ਸੁੱਖ ਕਰਦੀ।ਅਖੀਰਲੇ ਸਮੇ ਮੈਂ ਮਾਂ ਦੀ ਦਵਾਈ ਉਸਨੂੰ ਖੁਦ ਦਿੰਦਾ। ਮੇਰੇ ਬਿਨਾਂ ਕਿਸੇ ਤੋਂ ਦਵਾਈ ਨਾ ਖਾਂਦੀ। ਸੋਲਾਂ ਫਰਬਰੀ ਦੋ ਹਜ਼ਾਰ ਬਾਰਾਂ ਨੂੰ ਮਾਂ ਤੇ ਪਿਓ ਦੇ ਫਰਜ਼ ਨਿਭਾਉਂਦੀ ਹੋਈ ਤੁਰ ਗਈ।
#ਰਮੇਸ਼ਸੇਠੀਬਾਦਲ।