ਗੱਲ ਕੋਈ ਚਾਲੀ ਕੁ ਸਾਲ ਪੁਰਾਣੀ ਹੈ। ਸਾਡੇ ਪਿੰਡ ਬਿਜਲੀ ਆਈ ਨੂੰ ਮਹੀਨਾ ਕੁ ਹੀ ਹੋਇਆ ਸੀ। ਟਾਵੇਂ ਟਾਵੇਂ ਘਰਾਂ ਨੇ ਬਿਜਲੀ ਲਗਵਾਈ ਸੀ। ਪਹਿਲਾ ਮੀਟਰ ਸਾਡੇ ਘਰੇ ਹੀ ਲੱਗਿਆ ਸੀ ਤੇ ਮੇਰੇ ਚਾਚੇ ( ਵੱਡੇ ਦਾਦੇ ਆਲੇ ਘਰ ਚ ) ਦੂਜਾ। 100 100 ਵਾਟ ਦੇ ਬਲਬ ਜਗਿਆ ਕਰਨ। ਦਿਨ ਤੇ ਰਾਤ ਦਾ ਪਤਾ ਹੀ ਨਾ ਚੱਲੇ। ਬਿਜਲੀ ਵੀ ਸਸਤੀ ਸੀ ਅਸੀਂ ਗਲੀ ਵਾਲਾ ਬਲਬ ਵੀ ਜਗਾਕੇ ਰਖਦੇ। ਮੇਰੇ ਦਾਦਾ ਜੀ ਲੋਕਾਂ ਨੂ ਦੱਸਿਆ ਕਰਨ ਇਹ ਬਲਬ 100 ਪੋਂਡ ਦਾ ਹੈ ਇਹ 60 ਪੋਂਡ ਦਾ। ਉਹਨਾਂ ਨੂੰ ਵਾਟ ਤੇ ਪੋਂਡ ਦਾ ਫਰਕ ਨਹੀ ਸੀ ਪਤਾ। ਦਿਨੇ ਉਹਨਾਂ ਦੀ ਹੱਟੀ ਤੇ ਸੀਲਿੰਗ ਫੈਨ ਫੁੱਲ ਸਪੀਡ ਤੇ ਚਲਿਆ ਕਰੇ। ਵੈਸੇ ਬਿਜਲੀ ਆਉਣ ਤੋਂ ਪਹਿਲਾ ਮੇਰੇ ਦਾਦਾ ਜੀ ਹੱਥ ਨਾਲ ਪੱਖੀ ਝਲਦੇ ਰਹਿੰਦੇ ਸਨ। ਓਹ ਸੁੱਤੇ ਹੋਏ ਵੀ ਪੱਖੀ ਝਲਦੇ ਰਹਿੰਦੇ ਸਨ। ਪੱਖਾਂ ਚਲਦਾ ਦੇਖਕੇ ਮੇਰੇ ਦਾਦਾ ਜੀ ਦੇ ਆੜੀ ਹਮ ਉਮਰ ਅਕਸਰ ਹੱਟੀ ਚ ਆਕੇ ਠੰਡੀ ਹਵਾ ਲੈਣ ਦੇ ਬਹਾਨੇ ਬੈਠ ਜਾਂਦੇ।
ਇੱਕ ਦਿਨ ਬਾਬਾ ਈਸ਼ਰ ਆਇਆ ਤੇ ਬੰਦ ਪਿਆ ਪੱਖਾਂ ਵੇਖਕੇ ਕਹਿੰਦਾ “ਹਰਗੁਲਾਲਾ ਪੱਖਾਂ ਚਲਾ ਲੈ। ਹੁਣ ਕਿਓ ਹੱਥ ਵਿੱਚ ਪੱਖੀ ਫੜੀ ਬੈਠਾ ਹੈ। ਜੇ ਚਲਾਉਣਾ ਨਹੀ ਤਾਂ ਲਵਾਇਆ ਕਾਸ ਤੋ ਹੈ। ਨਾਲੇ ਆਸੀਂ ਵੀ ਭੋਰਾ ਹਵਾ ਲੈ ਲਵਾਂਗੇ।”
“ਈਸ਼ਰਾ ਕਿਵੇ ਚਲਾਲਾਂ। ਬਿਜਲੀ ਹੈਣੀ।” ਮੇਰੇ ਦਾਦੇ ਨੇ ਆਖਿਆ।
“ਹੱਛਾ ਇਹ ਬਿਜਲੀ ਨਾਲ ਚਲਦਾ ਹੈ ਕੇ ? ਮੰਡੀ ਤਾਂ ਸਾਈਏਂ ਬਿਸ਼ਾਖੀ ਕੇ ( ਫਰਮ ਸਾਈ ਰਾਮ ਬਿਸ਼ਾਖੀ ਚੰਦ ਆੜਤੀਏ ) ਉਈ ਚੱਲੀ ਜਾਂਦਾ ਹੈ ਸਾਰਾ ਦਿਨ।” ਉਸਨੇ ਬਹੁਤ ਹੈਰਾਨ ਹੁੰਦੇ ਹੋਏ ਨੇ ਆਖਿਆ। ਉਸਨੂੰ ਨਹੀਂ ਸੀ ਪਤਾ ਕਿ ਪੱਖੇ ਮੋਟਰਾਂ ਵੀ ਬਿਜਲੀ ਨਾਲ ਚੱਲਦੇ ਹਨ।
ਓਦੋਂ ਲੋਕ ਬਾਹਲੇ ਭੋਲੇ ਸਨ ਅੱਜ ਕੱਲ੍ਹ ਦੇ ਤਾਂ ਬੱਚੇ ਹੀ ਨਹੀਂ ਮਾਣ।
#ਰਮੇਸ਼ਸੇਠੀਬਾਦਲ