ਵੀਰੇ ਤੁਸੀ ਰਮੇਸ ਸੇਠੀ ਬਾਦਲ ਸਾਹਿਬ ਬੋਲਦੇ ਹੋ? ਕਿਸੇ ਅਣਜਾਣ ਨੰਬਰ ਤੌ ਆਏ ਫੋਨ ਕਰਨ ਵਾਲੀ ਦਾ ਪਹਿਲਾ ਸਵਾਲ ਸੀ। ਹਾਂ ਜੀ ਰਮੇਸ ਸੇਠੀ ਹੀ ਬੋਲ ਰਿਹਾ ਹਾਂ। ਮੈ ਆਖਿਆ । ਪਿੰਡ ਬਾਦਲ ਤਾਂ ਮੇਰੀ ਕਰਮਭੂਮੀ ਹੈ ਜੀ। ਤੁਸੀ ਕਿਥੋ ਬੋਲਦੇ ਹੋ? ਮੈ ਮੋੜਵਾਂ ਸਵਾਲ ਕੀਤਾ ਤੇ ਸਮਝ ਗਿਆ ਇਹ ਕਿਸੇ ਪਾਠਕ ਦਾ ਹੀ ਫੋਨ ਹੋਵੇਗਾ ਜਿਸਨੇ ਮੇਰੀ ਅਖਬਾਰ ਵਿੱਚ ਛਪੀ ਕਿਸੇ ਕਹਾਣੀ ਜਾ ਰਚਨਾ ਦੀ ਤਾਰੀਫ ਕਰਨੀ ਹੋਵੇਗੀ।ਅਕਸਰ ਅਜਿਹੇ ਫੋਨ ਆਉਂਦੇ ਹੀ ਰਹਿੰਦੇ ਹਨ ਮੈਨੂੰ। ਮੈ ਮੋਗੋ ਜਿਲ੍ਹੇ ਤੋ ਬੋਲਦੀ ਹਾਂ। ਮੈ ਤੁਹਾਡੀ ਕਹਾਣੀ ਛੰਨੋ ਰੇਡੀਓ ਤੇ ਸੁਣੀ ਜੋ ਕਿਸੇ ਕਰਮਜੀਤ ਕੰਮੋ ਦਿਉਣ ਨਾਮ ਦੀ ਐਂਕਰ ਨੇ ਨਸਰ ਕੀਤੀ ਹੈ। ਕਹਾਣੀ ਬਹੁਤ ਚੰਗੀ ਲੱਗੀ । ਕਿਸੇ ਗਰੀਬ ਦੀ ਗਰੀਬੀ ਤੇ ਮਜਬੂਰੀ ਨੂੰ ਬਹੁਤ ਵਧੀਆ ਸਬਦਾਂ ਦਾ ਰੂਪ ਦਿੱਤਾ ਹੈ ਤੁਸੀ । ਮਨ ਨੂੰ ਛੂਹ ਗਈ ਤੁਹਾਡੀ ਕਹਾਣੀ । ਉਸ ਨੇ ਆਖਿਆ। ਬਹੁਤ ਸੁਕਰੀਆ ਜੀ ।ਤਹਾਨੂੰ ਕਹਾਣੀ ਚੰਗੀ ਲੱਗੀ।ਫੋਨ ਲਈ ਮੇਹਰਬਾਨੀ। ਆਖਕੇ ਮੈ ਫੋਨ ਕੱਟਣ ਹੀ ਲੱਗਾ ਸੀ, ਕੀ ਤੁਸੀ ਮੇਰੀ ਕਹਾਣੀ ਵੀ ਲਿਖੋਗੇ। ਉਸ ਨੇ ਤਰਲੇ ਜਿਹੇ ਨਾਲ ਆਖਿਆ। ਮੈ ਇਸ ਸਮੇ ਡਿਊਟੀ ਤੇ ਹਾਂ । ਆਪਾਂ ਸ਼ਾਮੀ ਗੱਲ ਕਰਾਂਗੇ।ਕਹਿਕੇ ਮੈ ਫੋਨ ਕੱਟ ਦਿੱਤਾ। ਮੇਰੀ ਬੇਟੀ ਗਗਨ ਵੀ ਅਕਸਰ ਪੁੱਛਦੀ ਰਹਿੰਦੀ ਹੈ ਪਾਪਾ ਕੋਈ ਨਵੀਂ ਕਹਾਣੀ ਲਿਖੀ ? ਉਸਨੂੰ ਨਹੀ ਪਤਾ ਕਿ ਇਹ ਪਕੋੜੇ ਨਹੀ ਕਿ ਵੇਸਨ ਵਿੱਚ ਆਲੂ ਪਿਆਜ ਮਿਰਚ ਮਿਲਾਕੇ ਕੜਾਹੀ ਵਿੱਚ ਤਲਣ ਲਈ ਸੁੱਟ ਦਿਉ। ਬਿੰਗੇ ਤੜਿੰਗੇ ਬਿਨਾ ਸaਕਲ ਅਤੇ ਆਕਾਰ ਤੋ ਪਕੋੜੇ ਤਿਆਰ। ਕਹਾਣੀ ਲਿਖਣਾ ਇੰਨਾ ਸੋਖਾ ਨਹੀ ਹੁੰਦਾ। ਅੱਜ ਹੁਣ ਇਹ ਆਪਣੀ ਕਹਾਣੀ ਲਿਖਣ ਦਾ ਕਹਿ ਰਹੀ ਹੈ । ਮੈ ਬਹੁਤ ਦੇਰ ਉਸ ਬਾਰੇ ਸੋਚਦਾ ਰਿਹਾ। ਕੀ ਕਹਾਣੀ ਹੋ ਸਕਦੀ ਹੈ ਉਸਦੀ। ਪਤਾ ਨਹੀ ਕੋਈ ਕੁੜੀ ਸੀ ਜਾ ਕੋਈ ਔਰਤ ਸੀ। ਖਬਰਾ ਕੋਈ ਇਸ਼ਕ ਦੀ ਪੱਟੀ ਮੁਟਿਆਰ ਹੋਵੇ ਜਾ ਕੋਈ ਸਹੁਰਿਆਂ ਤੌ ਦੁੱਖੀ। ਕੋਈ ਵਿਧਵਾ ਜਾ ਕੋਈ ਗਰੀਬਣੀ ਵੀ ਹੋ ਸਕਦੀ ਹੈ। ਚਾਹੇ ਉਸਦਾ ਗੱਲ ਕਰਨ ਦਾ ਲਹਿਜਾ ਪੂਰਾ ਪੈਂਡੂ ਸੀ ਪਰ ਪੜ੍ਹੀ ਲਿਖੀ ਲੱਗਦੀ ਸੀ। ਸਾਮ ਤੱਕ ਕੋਈ ਫੋਨ ਨਾ ਆਇਆ। ਮੈ ਘਰਦਾ ਕੋਈ ਕੰਮ ਵੀ ਨਾ ਕੀਤਾ। ਵਾਰੀ ਵਾਰੀ ਮੇਰੀ ਨਿਗ੍ਹਾ ਫੋਨ ਦੀ ਸਕਰੀਨ ਵੱਲ ਜਾਂਦੀ।ਪਰ ਕੋਈ ਫੋਨ ਨਾ ਆਇਆ। ਸੱਤ ਕੁ ਵਜੇ ਘੰਟੀ ਵੱਜੀ ਤੇ ਮੈ ਫਟਾਫਟ ਫੋਨ ਚੂੱਕ ਲਿਆ। ਵੀਰੇ ਮੈ ਬੋਲਦੀ ਹਾਂ ਮੋਗਿਓ। ਸਵੇਰੇ ਆਪਣੀ ਗੱਲ ਹੋਈ ਸੀ ਨਾ।ਮੈ ਤੁਹਾਨੂੰ ਮੇਰੀ ਕਹਾਣੀ ਲਿਖਣ ਦਾ ਆਖਿਆ ਸੀ। ਹੁਣ ਦੱਸੋ ਲਿਖੋਗੇ ਨਾ। ਵਾਇਦਾ ਕਰੋ ਬਈ ਜਰੂਰ ਲਿਖੋਗੇ।ਉਸ ਛੱਲੀਆਂ ਵਾਲੀ ਦੀ ਗਰੀਬੀ ਤੇ ਮਜਬੂਰੀ ਤਾਂ ਤੁਸੀ ਬਿਨਾ ਆਖੇ ਹੀ ਲਿਖ ਦਿੱਤੀ। ਨਾਲੇ ਉੁਸਨੂੰ ਕੀ ਫਾਇਦਾ ਹੋਇਆ ਤੁਹਾਡੀ ਕਹਾਣੀ ਲਿਖੀ ਦਾ। ਤੁਸੀ ਤਾਂ ਉਸਦੇ ਹਾਲਾਤਾਂ ਤੇ ਗਰੀਬੀ ਨੂੰ ਛੱਜ ਵਿੱਚ ਪਾਕੇ ਛੰਡਿਆ ਹੀ ਹੈ। ਉਸਦਾ ਨਾਮ ਤੇ ਪਤਾ ਵੀ ਜੱਗ ਜਾਹਿਰ ਕਰ ਦਿੱਤਾ। ਹੁਣ ਹਰ ਕੋਈ ਤੁਹਾਡੀ ਕਹਾਣੀ ਪੜ੍ਹਕੇ ਜਾ ਸੁਣਕੇ ਉਸ ਕੋਲ ਛੱਲੀਆਂ ਖਾਣ ਦੇ ਬਹਾਨੇ ਜਾਂਦਾ ਹੈ ਤੇ ਉਸਦੀ ਗਰੀਬੀ ਤੇ ਲਾਚਾਰੀ ਨੂੰ ਅੱਖੀ ਵੇਖਦਾ ਹੈ। ਪਰ ਮੈ ਤਾਂ ਆਪਣੀ ਕਹਾਣੀ ਆਪ ਲਿਖਵਾਉਣਾ ਚਾਹੁੰਦੀ ਹਾਂ।ਉਹ ਇੱਕੋ ਸਾਹ ਇੰਨਾ ਕੁਝ ਬੋਲ ਗਈ। ਮੈ ਚੁੱਪ ਚਾਪ ਸੁਣਦਾ ਰਿਹਾ। ਉਹ ਪ੍ਰਸੰਸਕ ਦੇ ਨਾਲ ਨਾਲ ਇੱਕ ਵਧੀਆ ਆਲੋਚਕ ਵੀ ਲੱਗੀ। ਉਸਦੀਆਂ ਗੱਲਾਂ ਵਾਜਿਬ ਸਨ। ਪਰ ਉਸਦੀ ਕਹਾਣੀ ਦਾ ਸੰਸਪੈਸ ਬਰਕਰਾਰ ਸੀ। ਦੱਸੋ ਲਿਖੋਗੇ ਨਾ? ਉਸਨੇ ਫਿਰ ਥੋੜੇ ਰੋਹਬ ਤੇ ਅਪਨੱਤ ਜਿਹੀ ਨਾਲ ਆਖਿਆ। ਪਹਿਲਾਂ ਤੂੰ ਆਪਣੀ ਕਹਾਣੀ ਤਾਂ ਦੱਸ। ਕੁਝ ਲਿਖਣ ਵਾਲੀ ਗੱਲ ਵੀ ਹੈ ਕਿ ਫੋਕੀ ਫਿਲਾਸਫੀ ਹੀ ਹੈ। ਮੈ ਗੱਲ ਪੁਛਣ ਦੇ ਲਹਿਜੇ ਨਾਲ ਆਖਿਆ। ਮੇਰੀ ਕਾਹਦੀ ਕਹਾਣੀ ਹੈ। ਮੇਰੀ ਤਾਂ ਪੂਰੀ ਜਿੰਦਗੀ ਹੀ ਲੰਬੀ ਵਾਰਤਾ ਹੈ। ਮੇਰੇ ਜੰਮਣ ਤੋ ਪਹਿਲਾਂ ਹੀ ਮੇਰੀ ਕਹਾਣੀ ਸੁਰੂ ਹੋ ਗਈ ਸੀ। ਅਜੇ ਮੈ ਮਾਂ ਦੇ ਢਿੱਡ ਵਿੱਚ ਹੀ ਸੀ । ਮੇਰੀ ਮਾਂ ਦੀ ਚੌਥੀ ਕੁੜੀ ਦਾ ਦਰਜਾ ਮਿਲਣਾ ਸੀ ਮੈਨੂੰ। ਮੈਨੂੰ ਕੁੱਖ ਵਿੱਚ ਮਾਰਨ ਦੀਆਂ ਸਕੀਮਾਂ ਸੁਰੂ ਹੋ ਗਈਆਂ। ਪਰ ਜਿਉਂਦੀ ਰਹੇ ਮੇਰੀ ਮਾਂ ਜੋ ਮੈਨੂੰ ਢਿੱਡ ਵਿੱਚ ਲੈਕੇ ਹੀ ਪੇਕੇ ਭੱਜ ਗਈ ਤੇ ਮੈਨੂੰ ਆਪਣੇ ਪੇਕੇ ਘਰ ਜਨਮ ਦਿੱਤਾ।ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਰਕੇ ਮੈ ਪਿੰਡ ਦੇ ਸਕੂਲ ਵਿਚੋ ਪਲੱਸ ਟੂ ਕਰ ਗਈ। ਪੜ੍ਹਣਾ ਚਾਹੁੰਦੀ ਸੀ ਪਰ ਮੈਨੂੰ ਅੱਗੇ ਨਾ ਪੜ੍ਹਾਇਆ। ਉੱਜ ਮੇਰੇ ਦਾਦੇ ਕੋਲ ਦੋ ਸੋ ਵਿੱਘਾ ਜਮੀਨ ਸੀ ਤੇ ਮੇਰੇ ਭਾਪੇ ਹੁਰੀ ਤਿੰਨ ਭਰਾ ਸੀ। ਤਿੰਨੇ ਸਿਰੇ ਦੇ ਵੈਲੀ। ਭਲੇ ਵੇਲਿਆਂ ਚ ਸਾਡੇ ਮੈਸੀ ਫਰਗੂਸ਼ਨ ਟਰੈਕਟਰ ਹੁੰਦਾ ਸੀ। ਮੇਰੇ ਪਿਉ ਨੇ ਕੋਈ ਦਿਲਚਸਪੀ ਨਾ ਲਈ ਤੇ ਮੇਰੀ ਮਾਂ ਤੇ ਮੇਰੀ ਨਾਨੀ ਨੇ ਮੇਰਾ ਵਿਆਹ ਨਾਲਦੇ ਪਿੰਡ ਕਿਸੇ ਚੰਗੇ ਘਰ ਕਰ ਦਿੱਤਾ ਵਾਧੂ ਜਮੀਨ ਸੀ। ਮੇਰਾ ਰਿਸ਼ਤਾ ਮੁੰਡੇ ਨੂੰ ਨਹੀ ਜਮੀਨ ਨੂੰ ਕੀਤਾ ਸੀ। ਮੇਰੇ ਘਰ ਵਾਲਾ ਵੀ ਪੂਰਾ ਨਸ਼ਈ ਸੀ। ਤੇ ਜਵਾਂ ਖੱਚ ਜਿਹਾ ਬੰਦਾ ਸੀ। ਕਿਸੇ ਗੱਲ ਦੀ ਅਕਲ ਨਹੀ। ਨਾ ਬੋਲਣ ਦੀ ਨਾ ਖਾਣਪੀਣ ਦੀ। ਗੱਲ ਗੱਲ ਤੇ ਗਾਲਾਂ ਕੱਢਦਾ ਤੇ ਕੱਟਦਾ ।ਕਿਸੇ ਕੰਮ ਦਾ ਬੰਦਾ ਨਹੀ ਸੀ। ਹਾਂ ਤਿੰਨ ਸਾਲਾਂ ਵਿੱਚ ਹੀ ਮੈਨੂੰ ਤਿੰਨ ਕੁੜੀਆਂ ਦੀ ਮਾਂ ਜਰੂਰ ਬਣਾਤਾਂ।ਹੁਣ ਮੇਰੇ ਸਹੁਰੇ ਘਰੋ ਮਿਲਦੀ ਹਮਦਰਦੀ ਨਫਰਤ ਵਿੱਚ ਬਦਲ ਗਈ। ਫਿਰ ਮੈ ਪੇਕੇ ਆ ਗਈ। ਇਧਰ ਮੇਰੇ ਪਿਉ ਨੇ ਨਵਾਂ ਚੰਦ ਚਾੜ ਦਿੱਤਾ। ਗਆਂਢੀਆਂ ਨਾਲ ਡੈਕ ਨੂੰ ਲੈਕੇ ਲੜ੍ਹਾਈ ਕਰ ਲਈ ਤੇ ਉਹਨਾਂ ਦਾ ਜਵਾਨ ਮੁੰਡਾ ਮਾਰ ਦਿੱਤਾ। ਦੋਨੋ ਤਾਏ ਪਹਿਲਾਂ ਹੀ ਨਸ਼ਈ ਹੋਣ ਕਰਕੇ ਮੰਜੇ ਤੇ ਸਨ।ਹੁਣ ਕਤਲ ਦਾ ਕੇਸ ਸਿਰ ਪੈਣ ਕਰਕੇ ਘਰ ਹੋਰ ਨਿਘਰਣਾ ਸੁਰੂ ਹੋ ਗਿਆ। ਤੰਗੀ ਤਾਂ ਪਹਿਲਾਂ ਹੀ ਸੀ ਹੁਣ ਤਾਂ ਰੋਟੀ ਦੇ ਵੀ ਲਾਲੇ ਪੈ ਗਏ। ਆੜਤੀਆ ਵੀ ਅੱਖਾਂ ਦਿਖਾਉਣ ਲੱਗ ਪਿਆ । ਵਕੀਲਾਂ ਤੇ ਪੁਲਸ ਦੇ ਖਰਚੇ ਦਿਨ ਬਦਿਨ ਵੱਧਣ ਲੱਗੇ। ਮੇਰੇ ਪਿਉ ਨੂੰ ਚੋਦਾਂ ਸਾਲੀ ਹੋ ਗਈ। ਮੈ ਕਪੜੇ ਸਿਉੰਦੀ ਤੇ ਮਜਦੂਰੀ ਕਰਕੇ ਇਹਨਾਂ ਬੱਚੀਆਂ ਨੂੰ ਪੜਾਉਣ ਲੱਗੀ। ਨਾ ਚੱਜ ਦਾ ਪੇਕੇ ਪਾਇਆ ਤੇ ਨਾ ਸਹੁਰੇ। ਜਿੱਥੇ ਵੀ ਗਈ ਮੈ ਅਭਾਗਣ ਉੱਥੇ ਹੀ ਮੇਰੀ ਬਦਕਿਸਮਤੀ ਮੇਰੇ ਨਾਲ ਰਹੀ। ਮੇਰਾ ਕਸੂਰ ਕੀ ਹੈ ਨਾ ਕਦੇ ਮਾਂ ਨੇ ਦੱਸਿਆ ਨਾ ਸੱਸ ਨੇ। ਇਹ ਇਕੱਲੀ ਮੇਰੀ ਕਹਾਣੀ ਨਹੀ ਪੰਜਾਬ ਦੀਆਂ ਲੱਖਾਂ ਧੀਆਂ ਦੀ ਕਹਾਣੀ ਹੈ। ਜਮੀਨ ਨੂੰ ਵਿਆਹੀਆਂ ਦੀ ਕਹਾਣੀ ਹੈ। ਸਿਰਫ ਅੋਰਤ ਹੀ ਕੁੜੀਆਂ ਜੰਮਦੀ ਹੈ ਇਸ ਇਲਜਾਮ ਦੀ ਕਹਾਣੀ ਹੈ। ਪਹਿਲਾਂ ਮੇਰੀ ਮਾਂ ਨੇ ਕੁੜੀਆਂ ਜੰਮੀਆਂ ਤੇ ਫਿਰ ਮੈ। ਨਾ ਮੇਰੇ ਨਸ਼ਈ ਪਿਉ ਦਾ ਕੋਈ ਕਸੂਰ ਨਾ ਹੀ ਨਸ਼ਈ ਪਤੀ ਦਾ। ਠੀਕ ਹੈ ਵੀਰੇ ਤੇਰੇ ਕਹਾਣੀ ਲਿਖਣ ਨਾਲ ਕੋਈ ਅੋਰਤ ਕੁੜੀਆਂ ਜੰਮਣੋ ਤਾਂ ਨਹੀ ਹੱਟਦੀ। ਪਰ ਬਿਨਾ ਮੁੰਡਾ ਵੇਖੇ ਸਿਰਫ ਜਮੀਨ ਨੂੰ ਰਿਸ਼ਤਾ ਕਰਨ ਵਾਲੇ ਮਾਪੇ ਜਰੂਰ ਸੋਚਣਗੇ ਕਿ ਧੀ ਦੀ ਜਿੰਦਗੀ ਬਰਬਾਦ ਨਾ ਕੀਤੀ ਜਾਵੇ । ਧੀ ਨੂੰ ਪਤੀ ਚਾਹੀਦਾ ਹੈ ਜਮੀਨ ਨਹੀ। ਸ਼ਾਇਦ ਕਿਸੇ ਹੋਰ ਧੀ ਦਾ ਭਵਿੱਖ ਖਰਾਬ ਨਾ ਹੋਵੇ। ਵੀਰੇ ਮੇਰੀ ਕਹਾਣੀ ਜਰੂਰ ਲਿਖੀ। ਤੈਨੂੰ ਲੱਖਾਂ ਭੈਣਾਂ ਦਾ ਪੁੰਨ ਲੱਗੂ। ਨਾਲੇ ਦੁਖਿਆਰੀਆਂ ਨੂੰ ਇਉ ਲੱਗੂ ਸਾਡੇ ਕਿਸੇ ਵੀਰ ਨੇ ਸਾਡੀ ਦੁੱਖਾ ਦੀ ਪਿਟਾਰੀ ਨੂੰ ਸਬਦੀ ਰੂਪ ਦਿੱਤਾ ਹੈ। ਚੰਗਾ ਵੀਰੇ। ਮੈਥੋ ਹੁਗਾਰਾ ਨਾ ਭਰਿਆ ਗਿਆ ਮੇਰਾ ਗਲਾ ਭਰ ਆਇਆ ਤੇ ਮੈ ਫੋਨ ਕੱਟ ਦਿੱਤਾ।
ਰਮੇਸ਼ ਸੇਠੀ ਬਾਦਲ
ਮੋ 98 766 27233