#ਪੇਕਿਆਂ_ਦਾ_ਸੂਟ
ਭੂਆ ਰਾਜ ਕੁਰ ਮੇਰੀ ਭੂਆ ਨਹੀਂ ਸੀ ਉਹ ਮੇਰੇ ਦਾਦਾ ਜੀ ਦੀਆਂ ਚਾਰ ਭੈਣਾਂ ਵਿਚੋਂ ਖੋਰੇ ਸਭ ਤੋਂ ਵੱਡੀ ਸੀ ਇਸ ਲਈ ਉਹ ਮੇਰੇ ਪਾਪਾ ਦੀ ਭੂਆ ਸੀ। ਉਹ ਦੂਸਰੀਆਂ ਤਿੰਨੇ ਭੂਆਂ ਨਾਲੋਂ ਬਹੁਤ ਵੱਖਰੀ ਸੀ। ਉਸ ਦਾ ਗੋਰਾ ਰੰਗ ਤੇ ਤਿੱਖਾ ਨੱਕ ਤਾਂ ਸੀ ਹੀ। ਉਸ ਨੂੰ ਬੋਲਣ ਚਲਣ ਦੇ ਨਾਲ ਨਾਲ ਗਲਬਾਤ ਕਰਨ ਦਾ ਤਰੀਕਾ ਸਲੀਕਾ ਵੀ ਸੀ।ਕਿਉਂਕਿ ਉਸਦੇ ਪੰਜੇ ਪੁੱਤ ਪੜ੍ਹੇ ਲਿਖੇ ਸਨ ਤੇ ਫੁਫੜ ਜੀ ਵੀ ਪੁਲਸ ਵਿਭਾਗ ਵੀ ਰਹੇ ਸਨ। ਮੇਰੇ ਦਾਦਾ ਜੀ ਆਪਣੀਆਂ ਭੈਣਾਂ ਦਾ ਬਹੁਤ ਮਾਣ ਸਨਮਾਨ ਕਰਦੇ ਤੇ ਉਹਨਾਂ ਦੀ ਰੀਸ ਨਾਲ ਮੇਰੇ ਪਾਪਾ ਜੀ ਵੀ ਕਿਸੇ ਗੱਲੋਂ ਪਿੱਛੇ ਨਾ ਹੱਟਦੇ। ਇੱਕ ਵਾਰੀ ਉਸਨੂੰ ਪੇਕੇ ਆਈ ਨੂੰ ਮੇਰੇ ਦਾਦਾ ਜੀ ਨੇ ਇੱਕ ਸੂਟ ਦਿੱਤਾ। ਭੁਆ ਰਾਜਕੁਰ ਦੇ ਉਹ ਸੂਟ ਬਹੁਤ ਪਸੰਦ ਆਇਆ ਤੇ ਜਾਣਸਾਰ ਹੀ ਸਿਲਵਾ ਲਿਆ। ਇਸ ਤੇ ਭੂਆਂ ਜੀ ਦੀ ਨੂੰਹ ਯਾਨੀ ਮੇਰੀ ਤਾਈ ਸੰਤੋਸ਼ ਬਹੁਤ ਹੈਰਾਨ ਹੋਈ। ਉਸ ਸਿਉਂਤੇ ਹੋਏ ਸੂਟ ਤੇ ਭੂਆ ਜੀ ਨੇ ਚਾਰੇ ਪਾਸੇ ਖ਼ਮਣੀ ਵਲੇਟ ਦਿੱਤੀ ਤੇ ਵਿੱਚ ਕੁਝ ਨਿੰਮ ਦੇ ਪੱਤੇ ਪਾਕੇ ਮੇਰੇ ਤਾਈ ਜੀ ਨੂੰ ਪਕੜਾ ਦਿੱਤਾ ਤੇ ਕਿਹਾ ਕਿ ਇਸਨੇ ਪੇਟੀ ਮੇੰ ਸੰਭਾਲ ਦੇ। ਗੱਲ ਤਾਈ ਜੀ ਵੀ ਸਮਝ ਗਏ। ਉਹ ਬੋਲੇ ਕੁੱਝ ਨਾ। ਓਹਨਾ ਨੇ ਬੜੀ ਮੁਸ਼ਕਿਲ ਨਾਲ ਹੰਝੂ ਰੋਕੇ। ਕੋਈਂ ਤਿੰਨ ਕੁ ਮਹੀਨਿਆਂ ਬਾਅਦ ਭੂਆ ਜੀ ਰਫ਼ਾ ਹਾਜ਼ਤ ਲਈ ਘਰੇ ਬਣੇ ਪਖਾਨੇ ਗਏ ਤੇ ਉਥੇ ਹੀ ਪੂਰੇ ਹੋ ਗਏ। ਉਹਨਾਂ ਦੇ ਅੰਤਿਮ ਸੰਸਕਾਰ ਸਮੇਂ ਉਹ ਹੀ ਪੇਕਿਆਂ ਵਾਲਾ ਸੂਟ ਪਾਇਆ ਗਿਆ। ਇਸੇ ਕੜ੍ਹੀ ਵਿੱਚ ਇੱਕ ਵਾਰੀ ਮੈ ਮੇਰੀ ਮਾਂ ਨਾਲ ਲੰਮੀ ਗਲ ਕੀਤੀ ਤੇ ਅਸੀ ਇਸ ਫੈਸਲੇ ਤੇ ਪਹੁੰਚੇ ਕਿ ਔਰਤ ਦੇ ਅੰਤਿਮ ਸੰਸਕਾਰ ਵੇਲੇ ਉਸਦੇ ਘਰੋਂ ਹੀ ਸੂਟ ਪਾਇਆ ਜਾਂਵੇ ਨਾ ਕਿ ਪੇਕਿਆਂ ਤੋਂ। ਮੇਰੀ ਮਾਂ ਦੇ ਅੰਤਿਮ ਸੰਸਕਾਰ ਮੌਕੇ ਅਸੀਂ ਮੇਰੇ ਨਾਨਕਿਆਂ ਦੀ ਸਹਿਮਤੀ ਨਾਲ ਸਾਲਾਂ ਪੁਰਾਣੀ ਇਸ ਰੀਤ ਨੂੰ ਤੋੜਿਆ।ਕਿਉਂਕਿ ਇਹ ਰੀਤਾਂ ਆਪਣਾ ਮਹੱਤਵ ਗੰਵਾ ਚੁੱਕੀਆਂ ਹਨ। ਹੁਣ ਅਸੀਂ ਬੇਮਤਲਵੀ ਰੀਤਾਂ ਦਾ ਭਾਰ ਢੋਂਦੇ ਹਾਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ