ਪਿੰਡ ਵਾਲਾ ਘਰ | pind wala ghar

ਕਈ ਵਾਰ ਸੁਫ਼ਨੇ ਵੀ ਅਜੀਬ ਆਉਂਦੇ ਹਨ। ਪਤਾ ਨਹੀਂ ਕਿਥੋਂ ਦੀ ਮੈਮੋਰੀ ਚੱਲ ਪੈਂਦੀ ਹੈ। ਹਰ ਸੁਫ਼ਨੇ ਵਿੱਚ ਤੁਸੀਂ ਹੀ ਹੀਰੋ ਹੁੰਦੇ ਹੋ ਤੇ ਦਰਸ਼ਕ ਵੀ।
“ਇਹ ਛੋਟਾ ਜਿਹਾ ਮਕਾਨ ਹੈ ਮਸਾਂ ਸੱਤਰ ਗੱਜ ਦਾ ਹੈ। ਕੱਚੀਆਂ ਕੰਧਾਂ ਤੇ ਸਰਕੰਡਿਆ ਤੇ ਟਾਈਲਾਂ ਦੀਆਂ ਛੱਤਾਂ ਹਨ। ਸਾਹਮਣੀ ਗਲੀ ਵੀ ਭੀੜੀ ਹੈ। ਇਸਨੇ ਪਏ ਪਏ ਨੇ ਖੰਡਰ ਹੋ ਜਾਣਾ ਹੈ।” ਮੇਰੀ ਮਾਂ ਸਾਡੇ ਪਿੰਡ ਘੁਮਿਆਰੇ ਵਾਲਾ ਮਕਾਨ ਵੇਚਣ ਤੇ ਬਜਿੱਦ ਸੀ ਜੋ ਅਸੀਂ ਤਿਰਤਾਲੀ ਸਾਲ ਪਹਿਲਾਂ 1975 ਵਿੱਚ ਛੱਡ ਆਏ ਸੀ। ਤੇ ਅੱਗੇ ਵੇਚ ਵੀ ਦਿੱਤਾ ਸੀ। ਹੁਣ ਤਾਂ ਮਾਂ ਗਈ ਨੂੰ ਵੀ ਗਿਆਰਾਂ ਸਾਲ ਹੋਗੇ। ਪਰ ਕੱਲ੍ਹ ਰਾਤੀ ਜਦੋਂ ਭਾਰੀ ਤੂਫ਼ਾਨ ਕਾਰਨ ਬਿਜਲੀ ਬੰਦ ਸੀ ਤਾਂ ਮੈਂ ਸੁੱਤਾ ਹੋਇਆ ਸੁਫ਼ਨੇ ਵਿੱਚ ਮਾਂ ਨਾਲ ਮਕਾਨ ਨਾ ਵੇਚਣ ਲਈ ਜੱਦੋਜਹਿਦ ਕਰ ਰਿਹਾ ਸੀ। ਮੇਰੇ ਪਾਪਾ ਜੀ ਜਿੰਨਾ ਨੂੰ ਗਿਆਂ ਨੂੰ ਕੋਈਂ ਵੀਹ ਸਾਲ ਹੋਗੇ ਉਹ ਚੁੱਪ ਰਹਿਕੇ ਮੇਰੀ ਮਾਂ ਦੀ ਰਾਏ ਦਾ ਸਮਰਥਨ ਕਰ ਰਹੇ ਸਨ। ਮੈਂ ਪਿੰਡ ਵਾਲਾ ਮਕਾਨ ਰੱਖਣਾ ਚਾਹੁੰਦਾ ਸੀ। ਤਾਂਕਿ ਉਸ ਨੂੰ ਹੋਲੀ ਡੇ ਹੋਮ ਬਣਾਇਆ ਜਾ ਸਕੇ। ਮੇਰੀ ਇੱਛਾ ਸੀ ਕਿ ਪਿੰਡ ਵਿੱਚ ਆਪਣਾ ਅਜਿਹਾ ਮਕਾਨ ਹੋਵੇ ਜਿੱਥੇ ਆਪਣਾ ਤੰਦੂਰ ਹੋਵੇ ਕਪਾਹ ਦੀਆਂ ਛਟੀਆਂ ਨਾਲ ਚੁੱਲ੍ਹਾ ਤੱਪਦਾ ਹੋਵੇ। ਰਾਤ ਨੂੰ ਘਰ ਵਿੱਚ ਲਾਲਟੈਨ ਦੀ ਨਿੰਮੀ ਰੋਸ਼ਨੀ ਹੋਵੇ। ਕੋਈਂ ਟੀਵੀ ਮੋਬਾਈਲ ਕਾਰ ਦਾ ਝੰਜਟ ਨਾ ਹੋਵੇ। ਵੇਹੜੇ ਵਿੱਚ ਮੰਜੀਆਂ ਡਾਹਕੇ ਸੌਣਾ ਤੇ ਨਲਕੇ ਥੱਲੇ ਬੈਠਕੇ ਨਹਾਈਏ। ਬੰਦਾ ਸਾਲ ਵਿੱਚ ਦੋ ਤਿੰਨ ਵਾਰੀ ਆਪਣੇ ਪਿੰਡ ਆਕੇ ਛੁੱਟੀਆਂ ਗੁਜ਼ਾਰੇ। ਪਰ ਮੇਰੀ ਮਾਂ ਸੀ ਕਿ ਮਕਾਨ ਵੇਚਣ ਤੇ ਹੀ ਅੜੀ ਹੋਈ ਸੀ। ਮੈਂ ਬਹੁਤ ਰੋਇਆ ਆਪਣੇ ਤਰਕ ਵੀ ਦਿੱਤੇ। ਕੁਝ ਕੁ ਹਜ਼ਾਰ ਰੁਪਈਆਂ ਖਾਤਿਰ ਜੱਦੀ ਮਕਾਨ ਵੇਚਣਾ ਕੋਈਂ ਚੰਗੀ ਗੱਲ ਨਹੀਂ। ਨਾ ਹੀ ਸਾਨੂੰ ਪੈਸਿਆਂ ਦੀ ਕੋਈਂ ਲੋੜ ਸੀ। ਮੈਂ ਬਹੁਤ ਰੋਇਆ ਰੋਂਦੇ ਹੋਏ ਦੀ ਹੀ ਮੇਰੀ ਇੱਕ ਦਮ ਅੱਖ ਖੁੱਲ੍ਹ ਗਈ। ਮੈਂ ਬੁਸਬੁਸੀਆਂ ਲ਼ੈ ਰਿਹਾ ਸੀ। ਬਿਜਲੀ ਨਾ ਹੋਣ ਕਰਕੇ ਇਨਵਰਟਰ ਤੇ ਚੱਲ ਰਿਹਾ ਪੱਖਾ ਬਹੁਤ ਆਵਾਜ਼ ਕਰ ਰਿਹਾ ਸੀ। ਕੁਦਰਤੀ ਮੇਰੀ ਫਿਰ ਅੱਖ ਲੱਗ ਗਈ। ਸੁਫਨਾ ਦੁਬਾਰਾ ਸ਼ੁਰੂ ਹੋ ਗਿਆ। ਇਹ ਕਦੇ ਹੁੰਦਾ ਨਹੀਂ। ਕਿ ਇੱਕ ਵਾਰ ਟੁੱਟਿਆ ਸੁਫਨਾ ਮੁੜ ਸ਼ੁਰੂ ਹੋ ਜਾਵੇ। ਹੁਣ ਮੇਰੇ ਪਾਪਾ ਜੀ ਮੇਰੇ ਨਾਲ ਸਨ। ਉਹ ਮਕਾਨ ਨਾ ਵੇਚਣ ਲਈ ਮੰਨ ਗਏ। ਮੈਂ ਮਕਾਨ ਦੀ ਉਚਿਤ ਮੁਰੰਮਤ ਕਰਾਉਣ ਦੀ ਸਕੀਮ ਬਣਾਈ। ਵੇਹੜੇ ਵਿੱਚ ਇੱਟਾਂ ਦਾ ਫਰਸ਼ ਤੇ ਵੱਡੇ ਦਰਵਾਜੇ ਨੂੰ ਨਵੀਂ ਸੰਗਲੀ। ਹੁਣ ਮੇਰਾ ਆਪਣਾ ਹੋਲੀ ਡੇ ਹੋਮ ਬਣਾਉਣ ਦਾ ਸੁਫਨਾ ਸਾਕਾਰ ਹੋਣ ਜਾ ਰਿਹਾ ਸੀ। ਮੇਰੀ ਮਾਂ ਮੇਰੀ ਫਜ਼ੂਲ ਖਰਚੀ ਤੇ ਖੁਸ਼ ਨਹੀਂ ਸੀ ਪਰ ਕੁਝ ਬੋਲ ਨਹੀਂ ਸੀ ਰਹੀ। ਪਰ ਉਸ ਨੂੰ ਵੀ ਲੱਗਿਆ ਕਿ ਹੁਣ ਉਹ ਵੀ ਆਪਣੀਆਂ ਗੁਆਂਢਣਾ ਨਾਲ ਸੁੱਖ ਦੁੱਖ ਕਰ ਲਿਆ ਕਰੇਗੀ। ਗਰਮੀ ਕਰਕੇ ਮੇਰੀ ਫਿਰ ਜਾਗ ਖੁੱਲ੍ਹ ਗਈ। ਤੇ ਮੈਂ ਬੰਦ ਅੱਖਾਂ ਵਿੱਚ ਹੀ ਇਸ ਸੁਫ਼ਨੇ ਨੂੰ ਕਲਮਬਦ ਕਰਨ ਦਾ ਫੈਸਲਾ ਕਰ ਲਿਆ। ਤਾਂਕਿ ਤਾਕੀਦ ਰਹੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *