ਸਿਆਣੇ ਕਹਿੰਦੇ ਹਨ ਧੀਆਂ ਵਿਹੜੇ ਦੀ ਰੌਣਕ ਹੁੰਦੀਆਂ ਹਨ। ਪਰ ਇਸਨੂੰ ਹਕੀਕਤ ਵਿੱਚ ਮੰਨਣ ਲਈ ਸਾਡੇ ਲੋਕਾਂ ਦੇ ਵਿਚਾਰਾਂ ਵਿੱਚ ਕਾਫ਼ੀ ਫ਼ਰਕ ਹੈ। ਕੰਮੋ ਜਦੋਂ ਵਿਆਹੀ ਆਈ ਤਾਂ ਬਹੁਤ ਖੁਸ਼ ਸੀ। ਸੱਸ ਨੇ ਪਾਣੀ ਵਾਰ ਕੇ ਪੀਤਾ ਤਾਂ ਉਸਦੇ ਮੂੰਹੋਂ ਨਿਕਲਿਆ ਮੇਰੇ ਘਰ ਦੀ ਰੌਣਕ ਆ ਗਈ ਹੈ। ਕੰਮੋਂ ਸੱਸ ਦੇ ਮੂੰਹੋਂ ਇਹ ਸੁਣ ਕੇ ਮਨ ਵਿੱਚ ਅੰਦਰੇ ਹੀ ਅੰਦਰ ਖੁਸ਼ ਹੋ ਰਹੀ ਸੀ ਕਿ ਉਸ ਦੀ ਸੱਸ ਉਸ ਨੂੰ ਕਿੰਨਾ ਪਿਆਰ ਕਰਨ ਵਾਲੀ ਮਿਲੀ ਹੈ।
ਸਾਲ ਬਾਅਦ ਕੰਮੋਂ ਦੇ ਘਰ ਇੱਕ ਧੀ ਪੈਂਦਾ ਹੋਈ। ਘਰ ਦੇ ਨਿਰਾਸ਼ ਤਾਂ ਹੋਏ, ਪਰ ਚਲੋ ਕੋਈ ਗੱਲ ਨਹੀਂ ਇੱਕ ਧੀ ਹੈ.. ਅਗਲੀ ਵਾਰ ਸਹੀ। ਦੋ ਕੁ ਸਾਲ ਬਾਅਦ ਫਿਰ ਕੰਮੋਂ ਨੇ ਇੱਕ ਹੋਰ ਧੀ ਨੂੰ ਜਨਮ ਦਿੱਤਾ ਤਾਂ ਘਰ ਵਿੱਚ ਰੋਣਾ ਪਿੱਟਣਾ ਪੈ ਗਿਆ। ਸਾਰੀ ਹੁਣ ਕੰਮੋ ਤੋਂ ਕੰਨੀ ਕਤਰਾਉਂਦੇ ਰਹਿੰਦੇ। ਉਸ ਨੂੰ ਵੀ ਮਹਿਸੂਸ ਹੁੰਦਾ ਕਿ ਜਿਵੇਂ ਘਰ ਦੇ ਜੀ ਹੋਣ ਉਸ ਨਾਲ ਉਹਨਾਂ ਤੇਹ ਨਹੀਂ ਕਰਦੇ ਜਿੰਨਾ ਪਹਿਲਾਂ ਕਰਦੇ ਸਨ। ਵਕਤ ਕਦੋਂ ਤੇ ਕਿਵੇਂ ਬਦਲਦਾ ਹੈ ਇਹ ਤਾਂ ਕਿਸੇ ਨੂੰ ਵੀ ਨਹੀਂ ਪਤਾ ਲੱਗਦਾ। ਕੰਮੋ ਨੂੰ ਹੁਣ ਹਰ ਪਿਆਰ ਵਿੱਚੋਂ ਮਤਲਬ ਦੀ ਬੋ ਆਉਂਦੀ।
ਕੰਮੋ ਦੇ ਮੁਤਾਬਿਕ ਉਸ ਦੀਆਂ ਦੋ ਕੁੜੀਆਂ ਹਨ ਉਸ ਨੂੰ ਹੁਣ ਤੀਜੇ ਬੱਚੇ ਦੀ ਜ਼ਰੂਰਤ ਨਹੀਂ ਹੈ, ਪਰ ਸਹੁਰਿਆਂ ਵੱਲੋਂ ਖ਼ਾਸ ਕਰਕੇ ਸੱਸ ਵੱਲੋਂ ਉਸ ਉੱਪਰ ਜ਼ੋਰ ਪਾਇਆ ਜਾ ਰਿਹਾ ਸੀ ਕਿ ਘਰ ਦਾ ਚਿਰਾਗ ਭਾਵ ਘਰ ਦੀ ਰੌਣਕ ਜ਼ਰੂਰ ਚਾਹੀਦੀ ਹੈ। ਪਤੀ ਵੀ ਉਸ ਦੀ ਕੋਈ ਗੱਲ ਚੰਗੀ ਤਰ੍ਹਾਂ ਨਹੀਂ ਸੀ ਸੁਣਦਾ। ਉਸ ਨੂੰ ਲੱਗਦਾ ਸੀ ਕਿ ਜੋ ਉਸਦੀ ਮਾਂ ਕਹਿੰਦੀ ਹੈ ਉਹ ਬਿਲਕੁਲ ਠੀਕ ਹੈ। ਨਾ ਚਾਹੁੰਦਿਆਂ ਹੋਇਆ ਵੀ ਕੰਮੋਂ ਨੇ ਮਜ਼ਬੂਰ ਹੋ ਕੇ ਇੱਕ ਹੋਰ ਬੱਚੇ ਨੂੰ ਪੈਂਦਾ ਕਰਨ ਲਈ ਮਨ ਬਣਾ ਲਿਆ।
ਅੱਜ ਸਵੇਰ ਤੋਂ ਉਸ ਦਾ ਬੁਰਾ ਹਾਲ ਸੀ ਉਸ ਨੂੰ ਸ਼ਹਿਰ ਲਿਜਾਇਆ ਗਿਆ। ਸ਼ਾਮ ਹੁੰਦਿਆਂ-ਹੁੰਦਿਆਂ ਉਸ ਦੀ ਹਾਲਤ ਵੇਖ ਕੇ ਸਭ ਨੂੰ ਤਰਸ ਆ ਰਿਹਾ ਸੀ। ਕਮਜ਼ੋਰ ਹੋਣ ਕਾਰਨ ਉਸ ਨੂੰ ਸ਼ਾਇਦ ਖ਼ੂਨ ਦੀ ਵੀ ਜ਼ਰੂਰਤ ਪੈਂਦੀ। ਆਪਰੇਸ਼ਨ ਥੀਏਟਰ ਲਿਜਾਇਆ ਗਿਆ ਪੰਦਰਾਂ ਕੁ ਮਿੰਟਾਂ ਬਾਅਦ ਇੱਕ ਨਰਸ ਨੇ ਆ ਕੇ ਉਹਨਾਂ ਦੇ ਹੱਥ ਇੱਕ ਬੱਚਾ ਫੜਾਇਆ, ਜੋ ਕਿ ਪੁੱਤਰ ਸੀ, ਸਾਰੇ ਪਾਸੇ ਖੁਸ਼ੀ ਫੈਲ ਗਈ ਘਰਦਿਆਂ ਦੇ ਚਿਹਰਿਆਂ ਉੱਪਰ ਰੌਣਕ ਆ ਗਈ।
ਇਸ ਦੇ ਨਾਲ਼ ਹੀ ਨਰਸ ਨੇ ਦੱਸਿਆ ਕਿ ਕੰਮੋਂ ਸਦਾ ਦੀ ਨੀਂਦੇ ਸੌ ਚੁੱਕੀ ਹੈ। ਘਰਦਿਆਂ ਨੂੰ ਉਸਦੀ ਮੌਤ ਦਾ ਏਨਾਂ ਮਾਤਮ ਨਹੀਂ ਸੀ, ਜਿੰਨਾ ਮੁੰਡੇ ਦੇ ਪੈਂਦਾ ਹੋਣ ਦੀ ਖੁਸ਼ੀ ਅਤੇ ਚਾਅ ਸੀ। ਕੰਮੋ ਇਸ ਦੁਨੀਆਂ ਮਤਲਬੀ ਤੋਂ ਸਦਾ ਲਈ ਛੁਟਕਾਰਾ ਪਾ ਚੁੱਕੀ ਸੀ। ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਘਰ ਦੀ ਰੌਣਕ ਗਈ ਹੈ ਜਾਂ ਵਾਪਸ ਆ ਗਈ ਹੈ।
ਪਰਵੀਨ ਕੌਰ ਸਿੱਧੂ
8146536200