ਇੱਕ ਯਾਦ | ikk yaad

ਉਦੋਂ ਅਸੀਂ ਨੌਵੀਂ ਜਮਾਤ ਵਿੱਚ ਪੜ੍ਹਦੇ ਸੀ। ਸਾਡੇ ਨਾਲ ਪਿੰਡ ਘੁਮਿਆਰੇ ਤੋਂ ਇਲਾਵਾ ਲੋਹਾਰੇ ਵੜਿੰਗ ਖੇੜੇ ਮਹਿਣੇ ਵਣਵਾਲਾ ਸਿੰਘੇਵਾਲੇ ਫਤੂਹੀ ਵਾਲਾ ਮਿਡੂ ਖੇੜਾ ਹਾਕੂ ਵਾਲਾ ਦੇ ਮੁੰਡੇ ਵੀ ਪੜ੍ਹਦੇ ਸ਼ਨ। ਸਿੰਘੇਵਾਲੇ ਪਿੰਡ ਦਾ #ਮੱਖਣਲਾਲ ਵੀ ਸਾਡੇ ਨਾਲ ਹੀ ਪੜ੍ਹਦਾ ਸੀ। ਮੱਖਣ ਲਾਲ ਬਣੀਆਂ ਪਰਿਵਾਰ ਤੋਂ ਸੀ ਪਰ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ। ਸਾਡੇ ਟਾਈਮ ਟੇਬਲ ਵਿੱਚ ਨੁਕਸ ਸੀ। ਪੰਜਵੇਂ ਪੀਰੀਅਡ ਤੋਂ ਬਾਦ ਅੱਧੀ ਛੁੱਟੀ ਛੇਵਾਂ ਪੀਰੀਅਡ ਸਰੀਰਕ ਸਿੱਖਿਆ ਦਾ ਤੇ ਸੱਤਵਾਂ ਪੀਰੀਅਡ ਸਾਇੰਸ ਦਾ ਹੁੰਦਾ ਸੀ। ਸਾਇੰਸ ਸਾਨੂੰ ਮਾਸਟਰ #ਦਰਸ਼ਨਸਿੰਘਸਿੱਧੂ ਪੜ੍ਹਾਉਂਦੇ ਸਨ ਜੋ ਮੂਲ ਰੂਪ ਵਿਚ #ਸਿੰਘੇਵਾਲੇ ਪਿੰਡ ਦੇ ਹੀ ਸ਼ਨ ਤੇ ਡੱਬਵਾਲੀ ਰਹਿੰਦੇ ਸਨ। ਬਹੁਤ ਵਧੀਆ ਅਧਿਆਪਕ ਸਨ। ਅੱਧੀ ਛੁੱਟੀ ਵਿੱਚ ਅਸੀਂ ਖੇਡ ਕੇ ਥੱਕ ਜਾਂਦੇ ਫਿਰ ਸਰੀਰਕ ਸਿੱਖਿਆ ਦੇ ਪੀਰੀਅਡ ਵਿੱਚ ਮਾਸਟਰ #ਗੁਰਮੇਲਸਿੰਘ ਡੀ ਪੀ ਈ ਖੂਬ ਦੌੜਾਂ ਲਗਵਾਉਂਦੇ। ਥੱਕ ਕੇ ਅਗਲੇ ਪੀਰੀਅਡ ਵਿੱਚ ਸਾਇੰਸ ਪੜ੍ਹਨੀ ਕਿਸੇ ਦੇ ਵੱਸ ਦਾ ਰੋਗ ਨਹੀਂ ਸੀ। ਉਸ ਦਿਨ ਡੀ ਪੀ ਸਾਹਿਬ ਨੇ ਚਾਰ ਸੌ ਮੀਟਰ ਵਾਲੇ ਕਈ ਚੱਕਰ ਲਗਵਾਏ। ਤੀਜੇ ਚੱਕਰ ਵਿੱਚ ਮੱਖਣ ਲਾਲ਼ ਚੱਕਰ ਖਾਕੇ ਡਿੱਗ ਪਿਆ। ਬੇਹੋਸ਼ ਜਿਹਾ ਹੋ ਗਿਆ। ਉਸਨੂੰ ਚੁੱਕ ਕੇ ਜਮਾਤ ਵਿੱਚ ਲਿਆਂਦਾ ਗਿਆ। ਪਾਣੀ ਪਿਲਾ ਕੇ ਜਮਾਤ ਦੇ ਪਿੱਛੇ ਬੋਰੀ ਵਿਛਾ ਕੇ ਲੰਬਾ ਪਾ ਦਿੱਤਾ। ਮਾਸਟਰ ਦਰਸ਼ਨ ਸਿੰਘ ਨੇ ਸਾਇੰਸ ਪੜ੍ਹਾਉਣੀ ਸ਼ੁਰੂ ਕਰ ਦਿੱਤੀ। ਕੁਦਰਤੀ ਉਹ ਕੁਝ ਗਲਤ ਪੜ੍ਹਾ ਗਏ। ਇੱਕ ਸਟੈਂਪ ਭੁੱਲ ਗਏ।
“ਮਾਸਟਰ ਜੀ ਤੁਸੀਂ ਉਹ ਸਟੈਂਪ ਭੁੱਲ ਗਏ।” ਜਾਗੋ ਮੀਟੀ ਵਿਚ ਪਏ ਮੱਖਣ ਨੇ ਮਾਸਟਰ ਦਰਸ਼ਨ ਸਿੰਘ ਨੂੰ ਟੋਕਿਆ। ਮਾਸਟਰ ਜੀ ਨੇ ਗਲਤੀ ਸੁਧਾਰ ਲਈ ਪਰ ਅਸੀਂ ਮੱਖਣ ਦੀ ਕਾਰਜੁਗਾਰੀ ਤੇ ਹੈਰਾਨ ਸੀ। ਪੜ੍ਹਾਈ ਪ੍ਰਤੀ ਇੰਨਾ ਸੁਚੇਤ ਸੀ। ਬਾਦ ਵਿਚ ਓਹੀ ਮੱਖਣ ਲਾਲ ਸਰਕਾਰੀ ਡਾਕਟਰ ਬਣ ਗਿਆ। ਪਰ ਉਸਦੀ ਰਹਿਣੀ ਸਹਿਣੀ ਵਿਚ ਕੋਈ ਫਰਕ ਨਾ ਪਿਆ। ਡਾਕਟਰ ਮੱਖਣ ਲਾਲ ਓਹੀ ਮੱਖਣ ਹੀ ਰਿਹਾ। ਸਾਦਾ ਲਿਬਾਸ ਤੇ ਉੱਚ ਵਿਚਾਰ ਉਸਦੇ ਗਹਿਣੇ ਰਹੇ। ਮੱਖਣ ਵਾਕਿਆ ਹੀ ਮੱਖਣ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *