ਜੀਵਨ ਜਾਂਚ | jeevan jaanch

#ਪਰਿਵਾਰਿਕ_ਸਮਾਜ_ਧਾਰਮਿਕ_ਤੇ_ਰਾਜਨੈਤਿਕ_ਫਲਸਫਾ।
ਸਾਡੇ ਜੀਵਨ ਦੇ ਚਾਰ ਫਲਸਫੇ ਹਨ। ਪਰਿਵਾਰਿਕ, ਸਮਾਜਿਕ, ਧਾਰਮਿਕ ਤੇ ਰਾਜਨੈਤਿਕ। ਜੋ ਆਪਿਸ ਵਿੱਚ ਜੁੜੇ ਹੋਏ ਹਨ। ਇਹਨਾਂ ਦੇ ਸਿਧਾਂਤ ਵੱਖ ਵੱਖ ਹਨ ਪਰ ਇਕ ਦੂਜੇ ਵਿੱਚ ਘੁਸੇ ਹੋਏ ਹਨ। ਪਰਿਵਾਰਿਕ ਵਿੱਚ ਇੱਕ ਪਰਿਵਾਰ ਦੀ ਮਰਿਆਦਾ ਹੁੰਦੀ ਹੈ। ਤੇ ਸਮਾਜਿਕ ਵਿੱਚ ਪੂਰੇ ਸਮਾਜ ਦੀ ਧਾਰਨਾ ਹੁੰਦੀ ਹੈ ਤੇ ਧਾਰਮਿਕ ਸਭ ਤੋਂ ਉਪਰ ਦਾ ਵਿਸ਼ਾ ਹੈ ਇਸ ਦੇ ਨਿਯਮ ਸਮੂਹ ਇਨਸਾਨੀਅਤ ਲਈ ਹੁੰਦੇ ਹਨ। ਪਰ ਰਾਜਨੈਤਿਕ ਦਾ ਵਿਸ਼ਾ ਸੱਤਾ ਦੀ ਲਾਲਸਾ ਨਾਲ ਜੁੜਿਆ ਹੁੰਦਾ ਹੈ। ਸੱਤਾ ਲਈ ਕੁਝ ਵੀ ਕੀਤਾ ਜਾ ਸਕਦਾ ਹੈ। ਰਾਜਨੀਤੀ ਲਈ ਹਰ ਚਾਲ ਜਾਇਜ਼ ਹੁੰਦੀ ਹੈ।
ਚਾਹੀਦਾ ਹੈ ਕਿ ਅਸੀਂ ਪਰਿਵਾਰਿਕ ਹੁੰਦੇ ਹੋਏ ਸਮਾਜ ਵਿੱਚ ਵਿਚਰੀਏ ਤੇ ਧਾਰਮਿਕ ਅਸੂਲਾਂ ਨੂੰ ਜਿੰਦਗੀ ਵਿਚ ਅਪਣਾਈਏ। ਜੇ ਰਾਜਨੀਤੀ ਵਿੱਚ ਪਰਿਵਾਰਿਕ ਸਮਾਜਿਕ ਤੇ ਧਾਰਮਿਕ ਫਲਸਫਾ ਕਾਇਮ ਰੱਖਿਆ ਜਾਵੇ ਤਾਂ ਰਾਜਨੀਤੀ ਵੀ ਗੰਗਾ ਜਲ ਵਰਗੀ ਸਾਫ ਹੋ ਸਕਦੀ ਹੈ। ਪਰ ਅੱਜ ਕੱਲ੍ਹ ਪਰਿਵਾਰਿਕ ਸਮਾਜਿਕ ਤੇ ਧਾਰਮਿਕ ਕੰਮਾਂ ਵਿੱਚ ਰਾਜਨੀਤੀ ਦਾ ਬੋਲ ਬਾਲਾ ਹੈ।
ਭੈਣ ਭਰਾ ਵਿੱਚ ਰਾਜਨੀਤੀ ਚਲਦੀ ਹੈ। ਇੱਕ ਭਰਾ ਮਾਂ ਪਿਓ ਨੂੰ ਆਪਣੇ ਵੱਸ ਵਿੱਚ ਕਰਕੇ ਘਰ ਦੀ ਸੱਤਾ ਦੇ ਨਜ਼ਾਰੇ ਲੈਂਦਾ ਹੈ। ਦੋ ਭਰਾਵਾਂ ਦੇ ਝਗੜੇ ਵਿੱਚ ਭੈਣ ਆਪਣਾ ਲਾਹਾ ਖੱਟਦੀ ਦੇਖੀ ਗਈ ਹੈ। ਸ਼ਰੀਕ ਆਪਣੇ ਸ਼ਰੀਕੇ ਵਿੱਚ ਰਾਜਨੀਤੀ ਕਰਕੇ ਆਪਣਾ ਫਾਇਦਾ ਉਠਾਉਂਦੇ ਹਨ। ਸੱਸ ਨੂੰਹ ਤੇ ਰਾਜ ਕਰਨ ਲਈ ਰਾਜਨੀਤੀ ਕਰਦੀ ਹੈ। ਤੇ ਨੂੰਹ ਆਪਣੀ ਸਿਆਸਤ ਨਾਲ ਸੱਸ ਨੂੰ ਖੂੰਜੇ ਲਾਉਂਦੀ ਹੈ।
ਪਰਿਵਾਰ ਤੋਂ ਬਾਅਦ ਸਮਾਜਿਕ ਕੰਮਾਂ ਵਿੱਚ ਰਾਜਨੀਤੀ ਚਲਦੀ ਹੈ। ਸਮਾਜਿਕ ਸੰਸਥਾਵਾਂ ਤੇ ਕਬਜ਼ੇ ਲਈ ਚੋਣਾਂ ਹੁੰਦੀਆਂ ਹਨ। ਚਾਲਾਂ ਚੱਲੀਆਂ ਜਾਂਦੀਆਂ ਹਨ। ਪ੍ਰਧਾਨਗੀਆਂ ਦੇ ਰੌਲੇ ਰੱਪੇ ਚ ਸਮਾਜਿਕ ਸੰਸਥਾਵਾਂ ਆਪਣੇ ਮਿਸ਼ਨ ਤੋਂ ਭਟਕ ਜਾਂਦੀਆਂ ਹਨ। ਰਾਜਨੈਤਿਕ ਲੋਕ ਸਮਾਜਿਕ ਸੰਸਥਾਵਾਂ ਤੇ ਕਬਜ਼ੇ ਕਰਕੇ ਆਪਣੇ ਹਿੱਤ ਸਾਧ ਦੇ ਹਨ।
ਇਸੇ ਤਰਾਂ ਧਾਰਮਿਕ ਕੰਮਾਂ ਤੇ ਸੰਸਥਾਵਾਂ ਵਿੱਚ ਵੀ ਰਾਜਨੀਤੀ ਦਾ ਬੋਲ ਬਾਲਾ ਹੋ ਗਿਆ ਹੈ। ਰਾਜਨੈਤਿਕ ਲੋਕ ਧਾਰਮਿਕ ਕੰਮਾਂ ਵਿੱਚ ਆਪਣੀ ਘੁਸਪੈੜ ਕਰਦੇ ਹਨ। ਫਿਰ ਉਹਨਾਂ ਨੂੰ ਆਪਣੇ ਫਾਇਦੇ ਲਈ ਵਰਤਦੇ ਹਨ। ਧਾਰਮਿਕ ਸਥਾਨਾਂ ਤੇ ਕਬਜ਼ੇ ਕਰਦੇ ਹਨ। ਇਹਨਾਂ ਦਾ ਅਸਲ ਮਕਸਦ ਸੱਤਾ ਹਥਿਆਉਣਾ ਹੁੰਦਾ ਹੈ। ਰਾਜਨੈਤਿਕ ਲੋਕਾਂ ਦੀ ਅੱਖ ਹਮੇਸ਼ਾ ਸੱਤਾ ਤੇ ਕਾਬਜ਼ ਹੋਣ ਤੇ ਹੁੰਦੀ ਹੈ। ਇਸ ਲਈ ਉਹ ਮਾਰਧਾੜ ਦੰਗੇ ਕਤਲੇਆਮ ਕੁਝ ਭੀ ਕਰ ਸਕਦੇ ਹਨ।
ਚਾਹੀਦਾ ਹੈ ਕਿ ਰਾਜਨੀਤੀ ਵੀ ਪਰਿਵਾਰਿਕ ਸਮਾਜਿਕ ਤੇ ਧਾਰਮਿਕ ਨਿਯਮਾਂ ਮਰਿਆਦਾ ਨਾਲ ਕੀਤੀ ਜਾਵੇ। ਪਰ ਅੱਜ ਕੱਲ੍ਹ ਸਭ ਕੁਝ ਰਾਜਨੀਤੀ ਦੀ ਭੇਂਟ ਚੜ੍ਹ ਗਿਆ ਹੈ। ਜੋ ਪਰਿਵਾਰ ਸਮਾਜ ਧਰਮ ਦੇ ਵਿਨਾਸ਼ ਦਾ ਜਰੀਆ ਬਨ ਰਿਹਾ ਹੈ। ਇਸ ਨੇ ਸਭ ਨੂੰ ਆਪਣੀ ਗੰਦੀ ਰਾਜਨੀਤੀ ਦੇ ਲਪੇਟੇ ਵਿਚ ਲ਼ੈ ਲਿਆ ਹੈ। ਜੋ ਮਨੁੱਖੀ ਕਦਰਾਂ ਕੀਮਤਾਂ ਦੀ ਗਿਰਾਵਟ ਦਾ ਕਾਰਨ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੂਪਰਡੈਂਟ

Leave a Reply

Your email address will not be published. Required fields are marked *