ਸਾਰੇ ਉਸਨੂੰ ਭੋਲਾ ਵੀਰਾ ਹੀ ਆਖਦੇ ਸਨ। ਪਰ ਇੰਨਾ ਭੋਲਾ ਵੀ ਨਹੀਂ ਸੀ ਉਹ। ਤਕਰੀਬਨ ਰੋਜ਼ ਮੇਰੇ ਕੋਲ ਹੱਟੀ ਤੇ ਆਉਂਦਾ। ਮੇਰੇ ਲਾਇਕ ਕੋਈ ਸੇਵਾ। ਉਹ ਮੈਨੂੰ ਰੋਜ਼ ਪੁੱਛਦਾ। ਉਸਦੀ ਮਾਲੀ ਹਾਲਤ ਪੰਜਾਬ ਸਰਕਾਰ ਵਰਗੀ ਹੀ ਸੀ ਪਰ ਦਿਲ ਮੋਦੀ ਸਾਹਿਬ ਦੀ ਗੱਪ ਵਰਗਾ ਸੀ।
ਵੀਰੇ ਪੈਸੇ ਟਕੇ ਦੀ ਲੋੜ ਹੋਵੇ ਤਾਂ ਦਸ ਦੇਵੀ ਸੰਗੀ ਨਾ। ਉਹ ਨਿੱਤ ਹੌਸਲੇ ਨਾਲ ਪੁੱਛਦਾ। ਤੇ ਮੈਂ ਕੋਈ ਨਾ ਵੀਰੇ ਜਰੂਰ ਆਖ ਕੇ ਟਾਲ ਦਿੰਦਾ ਤੇ ਅੰਦਰੋਂ ਹੱਸਦਾ। ਉਸਦੀ ਦਰਿਆ ਦਿਲੀ ਤੇ ਹੌਸਲੇ ਦੀ ਦਾਦ ਦਿੰਦਾ। ਇੱਕ ਦਿਨ ਰੋਜ਼ ਦੀ ਤਰਾਂ ਉਹ ਸ਼ਾਮੀ ਹੱਟੀ ਤੇ ਆਇਆ ਤੇ ਰੋਜ਼ ਵਾਲਾ ਤਕੀਆ ਕਲਾਮ ਦੋਰਾਹਿਆ। ਭੋਲੇ ਵੀਰੇ ਅੱਜ ਤੇਰੀ ਲੋੜ ਪੈ ਗਈ। ਸ਼ਾਮੀ ਦਿੱਲੀ ਵਾਲੇ ਏਜੇਂਟ ਨੇ ਆਉਣਾ ਹੈ। ਦੋ ਹਜ਼ਾਰ ਰੁਪਈਆ ਦੇ ਦੇ।ਮੈਂ ਆਪਣੀ ਮਜਬੂਰੀ ਦੱਸੀ।
ਹਾ ਹਾ ਹਾ ਹਾ ਉਹ ਹੱਸਿਆ। ਵੀਰੇ ਜੇਬ ਵਿੱਚ ਤਾਂ ਪੰਜਾਹ ਰੁਪਈਏ ਹੀ ਹਨ। ਜੇ ਆਖੈ ਤਾਂ ਘਰੋਂ ਲਿਆ ਦਿੰਦਾ ਹਾਂ। ਬਸ ਹੁਣੇ ਗਿਆ ਤੇ ਹੁਣੇ ਆਇਆ। ਕਹਿ ਕੇ ਉਸਨੇ ਸਾਈਕਲ ਨੂੰ ਪੈਡਲ ਮਾਰਿਆ। ਦਸਾਂ ਮਿੰਟਾ ਵਿੱਚ ਉਸਨੇ ਮੁੜੇ ਹੋਏ ਪੰਜ ਪੰਜ ਸੋ ਦੇ ਚਾਰ ਨੋਟ ਲਿਆ ਮੇਰੇ ਹੱਥ ਫੜਾ ਦਿੱਤੇ। ਨੋਟਾਂ ਵਿਚ ਉਸਦੀ ਮਜਬੂਰੀ ਝਲਕ ਰਹੀ ਸੀ। ਲਗਿਆ ਆਪਣੇ ਬਚਨ ਪੁਗਾਉਣ ਲਈ ਪਤਾ ਨਹੀਂ ਕਿਹੜੀ ਗੋਝੀ ਵਿਚੋਂ ਕੱਢ ਕੇ ਲਿਆਇਆ ਹੈ ਭੋਲਾ ।ਲੈ ਅੱਜ ਤੇ ਖੋਟਾ ਸਿੱਕਾ ਵੀ ਕੰਮ ਆ ਗਿਆ। ਮੈਂ ਦਿਲ ਚ ਸੋਚਿਆ।ਤੇ ਉਸਦਾ ਧੰਨਵਾਦ ਕੀਤਾ।
ਜੀ ਤੁਸੀਂ ਅੱਜ ਦੋ ਹਜ਼ਾਰ ਰੁਪਏ ਕਿਵੇ ਮੰਗਵਾਏ ਸਨ। ਘਰ ਆਉਂਦੇ ਨੂੰ ਟਿਫਨ ਰੱਖਣ ਤੋਂ ਪਹਿਲਾਂ ਮੇਰੀ ਸ਼ਰੀਕ ਏ ਹਯਾਤ ਨੇ ਮੈਨੂੰ ਪੁੱਛਿਆ।ਮੈਂ ਕੋਈ ਪੈਸੇ ਨਹੀਂ ਮੰਗਵਾਏ। ਮੈਂ ਆਖਿਆ। ਭੋਲਾ ਵੀਰਾ ਆਇਆ ਸੀ। ਅਖੇ ਭਾਬੀ ਜੀ ਦੋ ਹਜ਼ਾਰ ਰੁਪਈਆ ਦੇ ਦਿਓਂ। ਚਾਹੀਦੇ ਹਨ। ਤੁਸੀਂ ਤੇ ਮੈਨੂੰ ਦਿੱਤੇ ਨਹੀਂ ਸਨ। ਪਰ ਉਸਦੀ ਮਜਬੂਰੀ ਵੇਖ ਕੇ ਮੈਂ ਆਪਣੀ ਗੋਝੀ ਚੋ ਦੇ ਦਿੱਤੇ। ਮੇਰਾ ਹਾਸਾ ਨਿਕਲ ਗਿਆ। ਮੈਥੋਂ ਗੱਲ ਹੀ ਨਾ ਹੋਈ। ਤੇ ਹੱਸੀ ਗਿਆ। ਵਾਹ ਓਏ ਭੋਲੇ ਵੀਰੇ। ਤੂੰ ਭੋਲਾ ਨਹੀਂ ਰਿਹਾ।
ਤੇ ਮੈਨੂੰ ਹੱਸਦਾ ਵੇਖਕੇ ਉਹ ਹੈਰਾਨ ਪ੍ਰੇਸ਼ਾਨ ਹੋਈ ਗਈ ਪਰ ਉਸਨੂੰ ਕੀ ਦੱਸਾਂ।
#ਰਮੇਸ਼ਸੇਠੀਬਾਦਲ