ਨਹਿਰੋਂ ਪਾਰ ਬੰਬੀ ਕੋਲ ਹਾੜ ਮਹੀਨੇ ਕੱਦੂ ਕਰਦੇ ਡੈਡੀ ਦੀ ਰੋਟੀ ਲੈ ਕੇ ਤੁਰੇ ਜਾਂਦਿਆਂ ਮਹੀਨੇ ਦੇ ਓਹਨਾ ਦਿਨਾਂ ਵਿੱਚ ਕਈ ਵੇਰ ਮਾਂ ਮੈਨੂੰ ਆਖ ਦਿਆ ਕਰਦੀ..ਥੱਕ ਗਈ ਹੋਣੀ ਏਂ..ਆ ਦੋ ਘੜੀਆਂ ਸਾਹ ਲੈ ਲਈਏ..!
ਫੇਰ ਵਗਦੀ ਨਹਿਰ ਕੰਢੇ ਉਸ ਰੁੱਖ ਹੇਠ ਬਿਤਾਈਆਂ ਦੋ ਘੜੀਆਂ ਇੱਕ ਯੁੱਗ ਬਣ ਜਾਇਆ ਕਰਦੀਆਂ..ਕਣ-ਕਣ ਵਿੱਚ ਵੱਸ ਗਿਆ ਕਾਲਜੇ ਠੰਡ ਪਾਉਂਦਾ ਉਹ ਯੁੱਗ ਜਿਹੜਾ ਅਰਦਾਸ ਕਰਦੀ ਕਦੇ ਨਾ ਬੀਤੇ..ਕੋਲ ਹੀ ਵਗਦੇ ਪਾਣੀ ਦੀ ਮਿੱਠੀ ਅਵਾਜ ਚਿੜੀਆਂ ਤੋਤੇ ਗਾਲੜ ਚੱਕੀਰਾਹੇ ਬੀਜੜੇ ਹੋਰ ਵੀ ਕਿੰਨਾ ਕੁਝ..!
ਅੱਖ ਓਦੋਂ ਖੁੱਲਦੀ ਜਦੋਂ ਕੋਈ ਅਗਿਓਂ ਆਉਂਦਾ ਆਖਦਾ..ਛੇਤੀ ਕਰੋ ਉਹ ਰੋਟੀ ਉਡੀਕੀ ਜਾਂਦੇ..!
ਅੱਜ ਨਾ ਮਾਂ ਹੈ ਤੇ ਨਾ ਪਿਓ..ਫੇਰ ਵੀ ਜਦੋਂ ਕਦੀ ਉਸ ਕੱਲੇ ਰਹਿ ਗਏ ਰੁੱਖ ਕੋਲੋਂ ਲੰਘਣ ਦਾ ਸਬੱਬ ਬਣਦਾ ਤਾਂ ਝੌਲਾ ਜਿਹਾ ਪੈਂਦਾ..ਕੋਈ ਆਖ ਰਿਹਾ ਹੁੰਦਾ..ਥੱਕ ਗਈ ਏਂ ਤਾਂ ਦੋ ਘੜੀਆਂ ਰਾਮ ਕਰ ਲੈ..ਪਰ ਕਿੱਦਾਂ ਦੱਸਾਂ ਹੁਣ ਸਰੀਰ ਨਹੀਂ ਰੂਹ ਥੱਕੀ ਪਈ ਏ..ਅੰਨ੍ਹੀਆਂ ਦੌੜਾਂ ਲਾ ਲਾ..!
ਦੱਸਦੇ ਜਦੋ ਬਾਪ ਮਰ ਜਾਂਦਾ ਤਾਂ ਅੰਬਰੀ ਅੱਪੜ ਤਾਰਾ ਬਣ ਜਾਂਦਾ ਤੇ ਮਾਂ ਦੀ ਆਤਮਾਂ ਕਿਸੇ ਰੁੱਖ ਵਿੱਚ ਵੜ ਜਾਂਦੀ..ਸਦੀਵੀਂ ਛਾਂ ਕਰਦੇ ਉਸ ਰੁੱਖ ਵਿੱਚ ਜਿਸਨੂੰ ਵੇਖ ਉਸਦੀ ਠੰਡੀ ਮਿੱਠੀ ਬੁੱਕਲ ਦਾ ਨਿੱਘ ਚੇਤੇ ਆਉਂਦਾ ਰਹਿੰਦਾ..!
ਹਰਪ੍ਰੀਤ ਸਿੰਘ ਜਵੰਦਾ