ਓਦੋਂ ਸ਼ਾਇਦ ਮੈਂ ਛੇਵੀਂ ਕਲਾਸ ਵਿੱਚ ਪੜ੍ਹਦਾ ਸੀ। ਸ੍ਰੀ ਦਰਸ਼ਨ ਸਿੰਘ ਸਿੱਧੂ ਜੋ ਸਾਡੇ ਨਜ਼ਦੀਕੀ ਪਿੰਡ ਸਿੰਘੇ ਵਾਲਾ ਤੋਂ ਆਉਂਦੇ ਸਨ ਸਾਨੂੰ ਹਿਸਾਬ ਪੜ੍ਹਾਉਂਦੇ ਸਨ। ਉਹਨਾਂ ਘਰੇ ਸਰਦਾਰੀ ਸੀ ਜੋ ਓਹਨਾ ਦੇ ਰਹਿਣ ਸਹਿਣ ਚੋ ਝਲਕਦੀ ਸੀ। ਮੋਟਰ ਸਾਈਕਲ ਤੇ ਅਉਣਾ ਵਧੀਆ ਕਪੜੇ ਪਾਉਣਾ ਓਹਨਾ ਦਾ ਸ਼ੋਂਕ ਸੀ ਬਾਕੀ ਅਜੇ ਉਹ ਕਬੀਲਦਾਰੀ ਦੇ ਕੰਜਰ ਕਲੇਸ਼ ਤੋਂ ਬਚੇ ਹੋਏ ਸਨ। ਇੱਕ ਦਿਨ ਉਹ ਭੂਰੇ ਅਤੇ ਸਫੇਦ ਰੰਗ ਦੇ ਡਿਜ਼ਾਈਨ ਵਾਲਾ ਸਵੈਟਰ ਪਾਕੇ ਆਏ। ਜੋ ਸਭ ਨੂੰ ਪਸੰਦ ਆਇਆ। ਸਾਨੂੰ ਵੀ ਦੋਨਾਂ ਭੈਣ ਭਰਾਵਾਂ ਨੂੰ ਬਹੁਤ ਸੋਹਣਾ ਲੱਗਿਆ। ਅਸੀਂ ਘਰੇ ਮਾਤਾ ਕੋਲ ਗੱਲ ਕੀਤੀ ਕਹਿਂਦੀ ਪੁੱਤ ਮਾਹਟਰ ਜੀ ਕੋਲੋਂ ਡਿਜ਼ਾਈਨ ਲ਼ੈ ਆਇਓ ਆਪਾਂ ਤੁਹਾਡੇ ਪਾਪਾ ਜੀ ਲਈ ਬਣਾ ਲਵਾਂਗੇ। ਖੈਰ ਮੈਂ ਹੌਸਲਾ ਕਰਕੇ ਮਾਸਟਰ ਜੀ ਤੋਂ ਡਿਜ਼ਾਈਨ ਉਤਾਰਨ ਲਈ ਸਵੈਟਰ ਮੰਗ ਲਿਆ। ਉਹ ਨਾ ਸਵੈਟਰ ਦੇਣਾ ਚਾਹੁਂਦੇ ਸਨ ਤੇ ਨਾ ਡਿਜ਼ਾਈਨ । ਪਰ ਸਾਡੀ ਲਿਹਾਜ ਨੂੰ ਵੇਖਦੇ ਹੋਏ ਓਹਨਾ ਨੇ ਗ੍ਰਾਫ ਪੇਪਰ ਤੇ ਡਿਜ਼ਾਈਨ ਉਤਾਰ ਕੇ ਮੈਨੂੰ ਦੇ ਦਿੱਤਾ। ਨਾਲ ਹੀ ਦੱਸਿਆ ਕਿ ਇਹ ਵੈੱਡੀ ਦੀ ਵੂਲ ਹੈ ਜੋ ਬਹੁਤ ਮਹਿੰਗੀ ਹੈ। ਅਸੀਂ ਮੰਡੀ ਤੋਂ ਵੇਂਡੀ ਦੀ ਵੂਲ ਲੈਣ ਲਈ ਕਾਫੀ ਮੇਹਨਤ ਕੀਤੀ ਆਖਿਰ ਉਹ ਮੀਨਾ ਬਜ਼ਾਰ ਤੋਂ ਕ੍ਰਿਸ਼ਨ ਦੀ ਹੱਟੀ ਤੋਂ ਮਿਲ ਗਈ। ਮੇਰੀ ਮਾਤਾ ਜੀ ਨੇ ਬੜੀ ਰੀਝ ਨਾਲ ਸਵੈਟਰ ਬੁਣਨਾ ਸ਼ੁਰੂ ਕੀਤਾ ਤੇ ਪੰਦਰਾਂ ਕ਼ੁ ਦਿਨਾਂ ਵਿੱਚ ਸਵੈਟਰ ਤਿਆਰ ਕਰਕੇ ਪਾਪਾ ਜੀ ਨੂੰ ਪਹਿਣਾ ਦਿੱਤਾ। ਕਿਉਂਕਿ ਸਵੈਟਰ ਵਾਕਿਆ ਹੀ ਸੋਹਣਾ ਸੀ ਤੇ ਫੱਬਦਾ ਸੀ। ਬਸ ਫਿਰ ਰੀਸਮ ਰੀਸ ਚੱਲ ਪਈ। ਲੋਕਾਂ ਨੇ ਦੇਸੀ ਪਸ਼ਮ ਤੇ ਹਰੇ ਲਾਲ, ਲਾਲ ਪੀਲੇ, ਨੀਲੇ ਪੀਲੇ, ਕਾਲੇ ਚਿੱਟੇ ਰੰਗਾਂ ਦੇ ਮੈਚਿੰਗ ਸਵੈਟਰ ਬਣਾ ਲਏ। ਉਸ ਸਵੈਟਰ ਦਾ ਜਲੂਸ ਕੱਢ ਦਿੱਤਾ। ਜਦੋ ਮਾਸਟਰ ਜੀ ਨੇ ਵੇਖਿਆ ਕਿ ਇਹ ਡਿਜ਼ਾਈਨ ਤਾਂ ਆਮ ਹੀ ਹੋ ਗਿਆ ਫਿਰ ਉਹਨਾਂ ਨੇ ਕਦੇ ਉਹ ਸਵੈਟਰ ਨਾ ਪਾਇਆ। ਪਰ ਇਹ ਵੀ ਹੋ ਸਕਦਾ ਕਿ ਉਹਨਾਂ ਕੋਲ ਪਾਉਣ ਲਈ ਵਾਧੂ ਸਵੈਟਰ ਹੋਣ। ਤੇ ਇੱਕ ਸਵੈਟਰ ਇੱਕ ਸਰਦੀ ਹੀ ਪਾਉਂਦੇ ਹੋਣ। ਬਾਕੀ ਸਰਦਾਰੀ ਸਰਦਾਰੀ ਹੀ ਹੁੰਦੀ ਹੈ।
ਊੰ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ