ਸਾਡਾ ਮਾਇਕਰੋਵੇਵ ਖਰਾਬ ਸੀ। ਗੱਡੀ ਤੇ ਰੱਖਕੇ ਮੈਂ ਮਕੈਨਿਕ ਕੋਲ ਲ਼ੈ ਗਿਆ। ਉਸਨੇ ਮੇਰਾ ਮੋਬਾਇਲ ਨੰਬਰ ਨੋਟ ਕਰਕੇ ਕਿਹਾ ਕਿ ਮੈਂ ਤੁਹਾਨੂੰ ਘੰਟੇ ਕ਼ੁ ਤੱਕ ਦੱਸਦਾ ਹਾਂ। ਠੀਕ ਘੰਟੇ ਬਾਅਦ ਉਸਦਾ ਫੋਨ ਆਇਆ ਕਿ ਮਾਇਕਰੋਵੇਵ ਠੀਕ ਹੋ ਗਿਆ ਲ਼ੈ ਜਾਉਂ। ਬਿੱਲ ਪੁੱਛਣ ਤੇ ਉਸਨੇ ਗਿਆਰਾਂ ਸੋ ਰੁਪਏ ਮੰਗੇ। ਮੈਨੂੰ ਇਹ ਨਿਰੀ ਲੁੱਟ ਤੇ ਹੇਰਾਫੇਰੀ ਲੱਗੀ। ਕਿਉਂਕਿ ਉਸਨੇ ਮਾਇਕਰੋਵੇਵ ਠੀਕ ਕਰਨ ਤੋਂ ਪਹਿਲਾਂ ਮੈਨੂੰ ਵਿਸ਼ਵਾਸ ਵਿਚ ਨਹੀਂ ਲਿਆ। ਇਸ ਵਿਸ਼ੇ ਤੇ ਮੈਂ ਉਸਨਾਲ ਬੜੀ ਹਲੀਮੀ ਨਾਲ ਗੱਲ ਕੀਤੀ। ਓਹ ਆਪਣੀ ਗਲਤੀ ਮੰਨ ਗਿਆ। ਉਸਦੇ ਕੋਲ ਬੈਠੇ ਆਦਮੀਆਂ ਨੇ ਵੀ ਉਸਨੂੰ ਗਲਤ ਕਿਹਾ। ਮੈਂ ਕਿਸੇ ਦੀ ਮਜ਼ਦੂਰੀ ਨਹੀਂ ਸੀ ਰੱਖਣੀ ਚਾਹੁੰਦਾ ਤੇ ਨਾ ਹੀ ਦੁਕਾਨਦਾਰ ਦੀ ਠੱਗੀ ਦਾ ਸ਼ਿਕਾਰ ਬਣਨਾ ਚਾਹੁੰਦਾ ਸੀ। ਮੇਰੇ ਹਿਸਾਬ ਨਾਲ ਉਸਨੇ ਕੋਈ ਪਾਰਟਸ ਵੀ ਨਹੀਂ ਬਦਲਿਆ ਬਸ ਕੋਈ ਟਾਂਕਾ ਯ ਫਿਊਜ਼ ਹੀ ਲਗਾਇਆ ਹੋਵੇਗਾ। ਇਸ ਲਈ ਉਸਨੇ ਜੋ ਮਰਜ਼ੀ ਦੇ ਦਿਓਂ ਦਾ ਅਗਲਾ ਪੱਤਾ ਸੁੱਟਿਆ। ਮੈਂ ਆਪਣੇ ਆਪ ਉਸਨੂੰ ਸੱਤ ਸੌ ਰੁਪਏ ਦੇ ਦਿੱਤੇ। ਪੈਸੇ ਭਾਵੇ ਮੈਂ ਆਪਣੀ ਮਰਜੀ ਨਾਲ ਦਿੱਤੇ ਪਰ ਫਿਰ ਵੀ ਮੈਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹਾਂ। ਇਹ ਤਾਲਾਬੰਦੀ ਕਰਕੇ ਦੁਕਾਨਦਾਰ ਮਕੈਨਿਕ ਆਪਣੀ ਕਮਾਈ ਪੂਰੀ ਕਰਨ ਲਈ ਕਰ ਰਹੇ ਹਨ। ਜੋ ਇੱਕ ਅੱਧਾ ਗ੍ਰਾਹਕ ਆਉਂਦਾ ਹੈ ਉਸ ਤੋਂ ਹੀ ਦਿਹਾੜੀ ਬਣਾਉਣ ਦੀ ਫ਼ਿਰਾਕ ਵਿਚ ਹਨ।
ਗੱਲ ਪੈਸਿਆਂ ਦੀ ਨਹੀਂ ਗੱਲ ਇਹ੍ਹਨਾਂ ਲੋਕਾਂ ਦੀ ਜ਼ਮੀਰ ਦੀ ਹੈ। ਮਹਾਂਮਾਰੀ ਦੇ ਇਸ ਦੌਰ ਵਿਚ ਜਦੋਂ ਮੌਤ ਸਭ ਦੇ ਸਿਰ ਉਪਰ ਮੰਡਰਾ ਰਹੀ ਹੈ ਫਿਰ ਵੀ ਅਸੀਂ ਠਗੀਆਂ ਮਾਰਨੋ ਨਹੀਂ ਹੱਟਦੇ। ਉਂਜ ਅਸੀਂ ਵੈਂਟੀਲੇਟਰ ਬੈਡ ਆਕਸੀਜਨ ਦੀ ਬ੍ਲੈਕ ਦੀ ਅੰਨ੍ਹੀ ਲੁੱਟ ਤੇ ਸ਼ੋਰ ਮਚਾਉਂਦੇ ਹਾਂ। ਪਰ ਤਾਲਾਬੰਦੀ ਕਰਕੇ ਸਮਾਨ ਦੇ ਦਾਮ ਦੁਗਣੇ ਤਿਗੁਣੇ ਕਰ ਰਹੇ ਹਾਂ। ਅੱਸੀ ਦਾ ਨਾਰੀਅਲ ਪੰਜਾਹ ਦੀ ਕੀਵੀ। ਸਾਢੇ ਚਾਰ ਸੌ ਵਾਲਾ ਅਕਸੀਮੀਟਰ ਸੋਲਾਂ ਸੌ ਦਾ ਤੇ ਸੱਤ ਸੌ ਵਾਲਾ ਆਕਸੀਜਨ ਦਾ ਸਿਲੰਡਰ ਸੱਤ ਹਜ਼ਾਰ ਦਾ ਵੇਚਣ ਵਾਲੇ ਵੀ ਸਾਡੇ ਵਿੱਚ ਬੈਠੇ ਹਨ। ਅਸੀਂ ਮੌਤ ਦੀ ਇਸ ਘੜੀ ਵਿੱਚ ਵੀ ਵੱਧ ਤੋਂ ਵੱਧ ਪੈਸ਼ਾ ਕਮਾਉਣ ਬਾਰੇ ਸੋਚ ਰਹੇ ਹਾਂ। ਤੇ ਆਪਣੀ ਜ਼ਮੀਰ ਮਾਰ ਰਹੇ ਹਾਂ।
ਉਂਜ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਸਾਡੇ ਵਿਚ ਅਜਿਹੇ ਲੋਕ ਵੀ ਹਨ ਜੋ ਇਸ ਮਹਾਂਮਾਰੀ ਦੇ ਸਮੇ ਲੰਗਰ ਲਗਾ ਰਹੇ ਹਨ। ਖੂਨਦਾਨ ਕਰ ਰਹੇ ਹਨ। ਰਾਸ਼ਨ ਵੰਡ ਰਹੇ ਹਨ। ਕੋਈ ਵੈਕਸੀਨ ਲਗਵਾਉਣ ਵਿਚ ਯੋਗਦਾਨ ਪਾ ਰਿਹਾ ਹੈ ਤੇ ਕੋਈ ਗਰੀਬ ਯ ਸੀਰੀਅਸ ਮਰੀਜ ਦੇ ਇਲਾਜ ਲਈ ਭੱਜ ਨੱਠ ਕਰ ਰਿਹਾ ਹੈ। ਉਹ ਵੀ ਸਾਡੇ ਹੀ ਭਰਾ ਹਨ।
ਕਹਿੰਦੇ ਹਨ।
ਇੱਕ ਨਾਮ ਜਪੋ ਤੇ ਪ੍ਰੇਮ ਕਰੋ।
ਮੌਤ ਯਾਦ ਰੱਖੋ ਤੇ ਮਾਲਿਕ ਸੇਂ ਡਰੋਂ।
ਊੰ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ